ਪੱਤਰਕਾਰਤਾ ਦੇ ਨਾਂ ’ਤੇ ਬਿਜ਼ਨੈੱਸਮੈਨ ਕੀਤੇ ਜਾ ਰਹੇ ਨੇ ਬਲੈਕਮੇਲ : ਮਨਜੀਤ
ਪੱਤਰਕਾਰਤਾ ਦੇ ਨਾਮ ’ਤੇ ਬਿਜਨੈਸਮੈਨਾਂ ਨੂੰ ਕੀਤਾ ਜਾ ਰਿਹਾ ਬਲੈਕਮੇਲ " ਮਨਜੀਤ ਦਸੂਹਾ "
Publish Date: Wed, 07 Jan 2026 03:34 PM (IST)
Updated Date: Wed, 07 Jan 2026 03:35 PM (IST)

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਟਾਂਡਾ ਇਲਾਕੇ ਵਿੱਚ ਕੁੱਝ ਲੋਕਾਂ ਵਲੋਂ ਬਿਜ਼ਨੈੱਸਮੈਨਾਂ ਨੂੰ ਪੱਤਰਕਾਰਤਾ ਦੇ ਨਾਮ ’ਤੇ ਬਲੈਕਮੇਲ ਕਰਨ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ ਜਿਸ ਕਾਰਨ ਪ੍ਰੈੱਸ ਦਾ ਅਕਸ ਖ਼ਰਾਬ ਹੋ ਰਿਹਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਾਂਡਾ ਇਲਾਕੇ ਦੇ ਨਾਮਵਰ ਬਿਜ਼ਨੈਸਮੈਨ , ਉੱਘੇ ਸਮਾਜ ਸੇਵੀ ਅਤੇ ਗ੍ਰੇਟ ਪੰਜਾਬ ਸੈਲੀਬ੍ਰੇਸ਼ਨ ਤੇ ਵਿੰਟੇਜ ਵਿਲ੍ਹਾ ਰੈਸਟੋਰੈਂਟ ਦੇ ਮਾਲਕ ਮਨਜੀਤ ਸਿੰਘ ਦਸੂਹਾ ਨੇ ਕੁਝ ਲੋਕਾਂ ਤੇ ਉਨ੍ਹਾਂ ਨੂੰ ਪੱਤਰਕਾਰ ਦੱਸ ਬਲੈਕਮੇਲ ਦਾ ਦੋਸ਼ ਲਗਾਉਂਦੇ ਹੋਏ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕੀਤਾ। ਦਸੂਹਾ ਨੇ ਦੱਸਿਆ ਕਿ ਪਿਛਲੇ ਦਿਨੀਂ ਕੁਝ ਪੱਤਰਕਾਰ ਉਨਾਂ ਦੇ ਰੈਸਟੋਰੈਂਟ ਵਿੰਟੇਜ ਵਿਲ੍ਹਾ ਵਿਖੇ ਰਾਤ ਸਮੇਂ ਰੋਟੀ ਖਾਣ ਆਏ। ਖਾਣਾ ਖਾਣ ਦਾ ਮੋਟਾ ਬਿੱਲ ਬਣਨ ’ਤੇ ਉਕਤ ਪੱਤਰਕਾਰਾਂ ਉਨਾਂ ਨੂੰ ਪੱਤਰਕਾਰਾਂ ਦੇ ਵੱਡੇ ਗਰੁੱਪ ਦਾ ਪ੍ਰਭਾਵ ਵਿਖਾਉਂਦੇ ਹੋਏ ਬਿੱਲ ਮੁਆਫ ਕਰਵਾਉਣ ਲਈ ਫੋਨ ’ਤੇ ਗੱਲਬਾਤ ਕੀਤੀ। ਉਨਾਂ ਵੱਲੋਂ ਉਕਤ ਪੱਤਰਕਾਰ ਦੱਸਣ ਵਾਲੇ ਲੋਕਾਂ ਨੂੰ ਬਿੱਲ ’ਤੇ ਦਸ ਪਰਸੈਂਟ ਦਾ ਡਿਸਕਾਊਂਟ ਦੇ ਬਿੱਲ ਅਦਾ ਕਰਨ ਲਈ ਕਿਹਾ ਤਾਂ ਉਹ ਭੜਕ ਗਏ ਅਤੇ ਗੁੱਸੇ ਵਿੱਚ ਬਿਲ ਅਦਾ ਕਰ ਚਲੇ ਗਏ। ਉਨਾਂ ਵਲੋਂ ਆਪਣੇ ਬਾਰ ਰੈਸਟੋਰੈਂਟ ਵਿਚ ਨਵੇਂ ਸਾਲ ਤੇ ਇੱਕ ਨਾਮਵਰ ਪੰਜਾਬੀ ਸਿੰਗਰ ਬੁਲਾ ਕੇ ਸੱਭਿਆਚਾਰਕ ਰੰਗਾਂ ਰੰਗ ਪ੍ਰੋਗਰਾਮ ਉਲੀਕਿਆ ਸੀ ਜਿਸ ਵਿੱਚ ਲੋਕਾਂ ਦੀ ਕਪਲ ਐਂਟਰੀ ਹੀ ਅਲਾਊਡ ਸੀ ਤੇ ਇਹ ਸ਼ੋਅ ਪੇਡ ਸੀ। ਇਸ ਪ੍ਰੋਗਰਾਮ ਤੋਂ ਪਹਿਲਾਂ ਕੁਝ ਲੋਕਾਂ ਵਲੋਂ ਆਪਣੇ ਆਪ ਨੂੰ ਪੱਤਰਕਾਰ ਦੱਸ ਇਸ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਫ੍ਰੀ ਪਾਸ ਦੀ ਮੰਗ ਕੀਤੀ , ਜਿਸ ਤੇ ਉਨਾਂ ਵਲੋਂ ਮਨਾਂ ਕਰਦਿਆਂ ਡਿਸਕਾਊਂਟ ਤੇ ਟਿਕਟਾਂ ਖਰੀਦ ਕਰਨ ਲਈ ਕਿਹਾ ਜਿਸ ਤੇ ਉਕਤ ਪੱਤਰਕਾਰ ਕਹਾਉਣ ਵਾਲੇ ਗੁੱਸੇ ਵਿੱਚ ਆ ਗਏ ਤੇ ਇਸ ਪ੍ਰੋਗਰਾਮ ਸਬੰਧੀ ਪ੍ਰਸ਼ਾਸਨਿਕ ਸ਼ਿਕਾਇਤਾਂ ਕਰ ਪ੍ਰੋਗਰਾਮ ਬੰਦ ਕਰਵਾਉਣ ਸਬੰਧੀ ਡਰਾ ਕੇ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਕਤ ਪੱਤਰਕਾਰ ਕਹਾਉਣ ਵਾਲੇ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਇਸ ਰੰਗਾਂ ਰੰਗ ਸੱਭਿਆਚਾਰਕ ਸ਼ੋਅ ਸਬੰਧੀ ਸਿਵਲ ਪ੍ਰਸ਼ਾਸਨ ਤੇ ਟਾਂਡਾ ਪੁਲਿਸ ਨੂੰ ਸ਼ਿਕਾਇਤਾ ਕੀਤੀਆਂ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੀਤੀ ਜਾਂਚ ਪੜਤਾਲ ਵਿੱਚ ਕਰਵਾਏ ਜਾ ਰਹੇ ਸੱਭਿਆਚਾਰਕ ਸ਼ੋਅ ਸਬੰਧੀ ਕਨੂੰਨੀ ਤੌਰ ਤੇ ਲਈਆਂ ਇਜਾਜ਼ਤਾਂ ਬਿਲਕੁਲ ਸਹੀ ਪਾਈਆਂ ਗਈਆਂ। ਦਸੂਹਾ ਨੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਕਤ ਪੱਤਰਕਾਰ ਕਹਾਉਣ ਵਾਲੇ ਬਲੈਕਮੇਲਰ ਲੋਕਾਂ ਖਿਲਾਫ ਬਿਜ਼ਨੈਸਮੈਨਾਂ ਨੂੰ ਬਲੈਕਮੇਲ ਕਰਨ ਤੋਂ ਰੋਕਣ ਲਈ ਸ਼ਿਕੰਜਾ ਕੱਸਿਆ ਜਾਵੇ ਤਾਂ ਜੋਂ ਅਜਿਹੇ ਬਲੈਕਮੇਲਰ ਲੋਕਾਂ ਨੂੰ ਨੱਥ ਪਾਈ ਜਾ ਸਕੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਟਾਂਡਾ ਸ਼ਹਿਰ ਵਿੱਚ ਕੁਝ ਲੋਕ ਫਰਜ਼ੀ ਪੱਤਰਕਾਰਤਾ ਦੀ ਆੜ ਵਿੱਚ ਅਕਸਰ ਥਾਣਿਆਂ ਤੇ ਤਹਿਸੀਲ ਵਿਚ ਘੁੰਮਦੇ ਰਹਿੰਦੇ ਹਨ ਤੇ ਕੰਮਕਾਜ ਕਰਵਾਉਣ ਆਏ ਲੋਕਾਂ ਨੂੰ ਨਾਮੀ ਪੱਤਰਕਾਰ ਦੱਸਦੇ ਹੋਏ ਉੰਨਾਂ ਦਾ ਕੰਮ ਕਰਵਾਉਣ ਦੀ ਆੜ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਮ ਤੇ ਲੋਕਾਂ ਕੋਲੋਂ ਮੋਟੀਆਂ ਰਕਮਾਂ ਲੁੱਟ ਰਹੇ ਹਨ। ਇਸ ਤੋਂ ਇਲਾਵਾ ਛੋਟਾ ਉਦਯੋਗ ਚਲਾ ਰਹੇ ਵਪਾਰੀਆਂ ਕੋਲੋਂ ਵੀ ਮੋਟੀਆਂ ਰਕਮਾਂ ਦੇ ਮਹੀਨੇ ਵਸੂਲ ਰਹੇ ਹਨ। ਇੰਨ੍ਹਾਂ ਬਲੈਕਮੇਲਰ ਲੋਕਾਂ ਵਾਰੇ ਕਈ ਵਾਰੀ ਵਪਾਰੀਆਂ ਤੇ ਦੁਕਾਨਦਾਰਾਂ ਵਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਪਰ ਉਕਤ ਲੋਕਾਂ ਖਿਲਾਫ ਕੋਈ ਕਾਰਵਾਈ ਨਾਂ ਹੋਣ ਕਰਕੇ ਲੋਕਾਂ ਵਿੱਚ ਪੁਲਿਸ ਪ੍ਰਸ਼ਾਸਨ ਸਬੰਧੀ ਨਰਾਜ਼ਗੀ ਪਾਈ ਜਾ ਰਹੀ ਹੈ। ਕੀ ਕਹਿਣਾ ਹੈ ਐਸਡੀਐਮ ਟਾਂਡਾ ਦਾ: ਇਸ ਸਬੰਧੀ ਜਦੋਂ ਐਸਡੀਐਮ ਟਾਂਡਾ ਲਵਪ੍ਰੀਤ ਸਿੰਘ ਔਲਖ ਨਾਲ ਗੱਲਬਾਤ ਕਰਦਿਆਂ ਰੈਸਟੋਰੈਂਟ ’ਚ ਕਰਵਾਏ ਪ੍ਰੋਗਰਾਮ ਸਬੰਧੀ ਪੱਤਰਕਾਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਐਸਡੀਐਮ ਲਵਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਕੁਝ ਪੱਤਰਕਾਰਾਂ ਵਲੋਂ ਫੋਨ ’ਤੇ ਇਸ ਸੱਭਿਆਚਾਰਕ ਸ਼ੋਅ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਪਰ ਪੜਤਾਲ ਕਰਨ ’ਤੇ ਸਭ ਸਹੀ ਪਾਇਆ ਗਿਆ। ਕੀ ਕਹਿਣਾ ਐਸਐਚਓ ਟਾਂਡਾ ਦਾ: ਇਸ ਸਬੰਧੀ ਜਦੋਂ ਐਸਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁੱਝ ਪੱਤਰਕਾਰਾਂ ਵਲੋਂ ਮਨਜੀਤ ਸਿੰਘ ਦਸੂਹਾ ਵਲੋਂ ਨਵੇਂ ਸਾਲ ਤੇ ਆਪਣੇ ਰੈਸਟੋਰੈਂਟ ਵਿਚ ਕਰਵਾਏ ਜਾ ਰਹੇ ਸੱਭਿਆਚਾਰਕ ਸ਼ੋਅ ਸਬੰਧੀ ਫੋਨ ਤੇ ਸ਼ਿਕਾਇਤ ਕੀਤੀ ਸੀ ਤੇ ਜਦੋਂ ਜਾਂਚ ਪੜਤਾਲ ਕੀਤੀ ਸੱਭ ਕੁਝ ਸਹੀ ਪਾਇਆ ਗਿਆ। ਇਹ ਪੁੱਛਣ ’ਤੇ ਕਿ ਟਾਂਡਾ ਵਿੱਚ ਕੁਝ ਪੱਤਰਕਾਰਾਂ ਖਿਲਾਫ ਲੋਕਾਂ ਨੂੰ ਬਲੈਕਮੇਲ ਕਰਨ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪੱਤਰਕਾਰ ਖਿਲਾਫ ਲਿਖਤੀ ਸ਼ਿਕਾਇਤ ਆਵੇਗੀ ਤਾਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ।