ਸੰਪਰਕ ਮਾਰਗ ਦੀ ਖਸਤਾਹਾਲ ਸਥਿਤੀ ਸੁਧਾਰਨ ਲਈ ਦਿੱਤਾ ਮੰਗ ਪੱਤਰ
ਸੰਪਰਕ ਮਾਰਗ ਦੀ ਖਸਤਾਹਾਲ ਸਥਿਤੀ ਸੁਧਾਰਨ ਲਈ ਦਿੱਤਾ ਮੰਗ ਪੱਤਰ
Publish Date: Sat, 06 Dec 2025 04:11 PM (IST)
Updated Date: Sat, 06 Dec 2025 04:12 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ: ਇੱਥੇ ਸਮਾਜ ਸੇਵੀ ਪ੍ਰਦੀਪ ਸਿੰਘ ਪਲਾਹਾ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਨਾਲ ਮੁਲਾਕਾਤ ਕਰ ਕੇ ਸਥਾਨਕ ਪਰਮਾਹੰਸ ਤੋਂ ਫੱਤੂਵਾਲ ਸੰਪਰਕ ਮਾਰਗ 'ਤੇ ਨਗਰ ਕੌਂਸਲ ਦੀ ਹਦੂਦ 'ਚ ਆਉਂਦੇ ਰਾਹ ਦੀ ਖਸਤਾਹਾਲ ਸਥਿਤੀ ਅਤੇ ਇਸ ਨਾਲ ਰਾਹਗੀਰਾਂ ਤੇ ਸਥਾਨਕ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਇੱਕ ਮੰਗ ਪੱਤਰ ਸੌਂਪਿਆ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਜ ਸਾਧਕ ਅਫ਼ਸਰ ਵੱਲੋਂ ਕਾਰਵਾਈ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਜਲਦੀ ਹੀ ਉਕਤ ਮਾਰਗ ਦਾ ਪੁਨਰ-ਨਿਰਮਾਣ ਕਰਵਾਏ ਜਾਣ ਦਾ ਭਰੋਸਾ ਦਿੱਤਾ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਪ੍ਰਦੀਪ ਸਿੰਘ ਪਲਾਹਾ ਨੇ ਦੱਸਿਆ ਕਿ ਪਰਮਾਹੰਸ ਤੋਂ ਫੱਤੂਵਾਲ ਸੰਪਰਕ ਮਾਰਗ ਭੀੜ-ਭੜੱਕੇ ਵਾਲਾ ਰਾਹ ਹੈ ਤੇ ਰੋਜ਼ਾਨਾ ਸੈਂਕੜੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਸਮੇਤ ਦਰਜਨਾਂ ਸਕੂਲ ਬੱਸਾਂ ਇਸਤੋਂ ਗੁਜ਼ਰਦੇ ਹਨ।
ਨਗਰ ਕੌਂਸਲ ਦੀ ਹੱਦ ਅੰਦਰ ਆਉਂਦੇ ਸਿਰਫ਼ 200 ਮੀਟਰ ਲੰਬੇ ਇਸ ਰਾਹ 'ਤੇ ਸੜਕ ਨਾਮ ਦੀ ਕੋਈ ਸ਼ੈਅ ਮੌਜੂਦ ਨਹੀਂ ਹੈ ਤੇ ਹਰ ਪਾਸੇ ਟੋਏ ਪਏ ਹਨ ਜਿਨ੍ਹਾਂ ਵਿੱਚ ਰੋੜੇ ਤੇ ਬੱਜਰੀ ਹੀ ਨਜ਼ਰ ਨਹੀਂ ਆਉਂਦੀ ਹੈ। ਜਿਸ ਕਰਕੇ ਇਸ ਰਾਹ 'ਤੇ ਪੈਦਲ ਚੱਲਣਾ ਵੀ ਮੁਸੀਬਤ ਬਣਿਆ ਹੋਇਆ ਹੈ। ਇਸੇ ਕਾਲੋਨੀ ਦੇ ਮੁੱਖ ਮਾਰਗ 'ਤੇ ਇੱਕ ਸਕੂਲ ਅਤੇ ਪ੍ਰਚੀਨ ਇਤਿਹਾਸਕ ਡੇਰਾ ਪਰਮਾਹੰਸ ਬਾਗ ਮੰਦਿਰ ਸਥਿਤ ਹੈ ਤੇ ਇਸ ਰਾਹ ਤੋਂ 400 ਮੀਟਰ ਦੀ ਦੂਰੀ ਤੇ ਤਿੰਨ ਹੋਰ ਸਕੂਲ ਅਤੇ ਗਊਸ਼ਾਲਾ ਵੀ ਮੌਜ਼ੂਦ ਹਨ। ਜਿਸ ਕਰਕੇ ਇਹ ਰਾਹ ਹਮੇਸ਼ਾਂ ਰੁੱਝਿਆ ਹੋਇਆ ਰਹਿੰਦਾ ਹੈ ਤੇ ਸਥਾਨਕ ਵਾਸੀ ਤੇ ਸਕੂਲੀ ਵਿਦਿਆਰਥੀ ਆਵਾਜਾਈ ਲਈ ਇਸੇ ਸੰਪਰਕ ਮਾਰਗ ਦੀ ਵਰਤੋਂ ਕਰਦੇ ਹਨ।
ਬਰਸਾਤੀ ਸੀਜ਼ਨ ਵਿੱਚ ਇਸ ਮਾਰਗ ਦੇ ਹਾਲਾਤ ਹੋਰ ਵੀ ਤਰਸਯੋਗ ਬਣ ਜਾਂਦੇ ਹਨ। ਸਥਿਤੀ ਇੰਨੀ ਗੰਭੀਰ ਬਣੀ ਹੋਈ ਹੈ ਕਿ ਪਰਮਾਹੰਸ ਅਤੇ ਫੱਤੂਵਾਲ ਕਾਲੋਨੀ ਵਾਸੀਆਂ ਨੇ ਸਰਪੰਚ ਨਿਸ਼ਾਂਤ ਚਿੱਬ ਦੀ ਅਗਵਾਈ ਵਿੱਚ ਪ੍ਰਸਾਸ਼ਨ ਅਤੇ ਨਗਰ ਕੌਂਸਲ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਤੇ ਉਕਤ ਮਾਰਗ ਦੇ ਪੁਨਰ-ਨਿਰਮਾਣ ਲਈ ਹਰ ਘਰ ਇੱਕ ਹਸਤਾਖ਼ਰ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਜਿਸਦੀਆਂ ਕਾਪੀਆਂ ਵੀ ਅਧਿਕਾਰੀ ਨੂੰ ਸੌਂਪੀਆਂ ਗਈਆਂ ਹਨ ਜਦਕਿ ਸਥਾਨਕ ਵਾਸੀ ਪ੍ਰਸਾਸ਼ਨ ਖਿਲਾਫ਼ ਤਿੱਖਾ ਸੰਘਰਸ਼ ਕਰਨ ਲਈ ਵੀ ਤਿਆਰ ਬੈਠੇ ਹਨ। ਅਧਿਕਾਰੀ ਵੱਲੋਂ ਸੰਬੰਧਿਤ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਸੜਕ ਦਾ ਨਿਰਮਾਣ ਕਾਰਜ ਜਲਦੀ ਸ਼ੁਰੂ ਕਰਵਾਏ ਜਾਣ ਦਾ ਭਰੋਸਾ ਤਾਂ ਦਿੱਤਾ ਗਿਆ ਹੈ ਪਰ ਜੇ ਜਲਦੀ ਹੀ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਸੰਘਰਸ਼ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚੇਗਾ।