ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਿਆ ਜਾਵੇ
ਡਾ. ਚੱਬੇਵਾਲ ਨੇ ਲੋਕ ਸਭਾ ਵਿੱਚ
Publish Date: Sat, 06 Dec 2025 04:02 PM (IST)
Updated Date: Sat, 06 Dec 2025 04:03 PM (IST)
ਅੰਕੁਸ਼ ਗੋਇਲ, ਪੰਜਾਬੀ ਜਾਗਰਣ,
ਹੁਸ਼ਿਆਰਪੁਰ : ਲੋਕ ਸਭਾ ਦੇ ਚੱਲ ਰਹੇ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਅੰਤਰਰਾਜੀ ਏਅਰਪੋਰਟ ਆਦਮਪੁਰ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਉੱਪਰ ਰੱਖਣ ਦੀ ਮੰਗ ਉਠਾਈ ਗਈ ਅਤੇ ਦੱਸਿਆ ਗਿਆ ਕਿ ਇਸ ਸਬੰਧ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪਹਿਲਾ ਹੀ ਪ੍ਰਸਤਾਵ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ ਅਤੇ ਹੁਣ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ।
ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਕਿਉਂਕਿ ਸਾਲ 2026 ਤੋਂ 2027 ਤੱਕ ਪੂਰਾ ਸਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸੰਗਤਾਂ ਮਨਾਉਣ ਜਾ ਰਹੀਆਂ ਹਨ, ਇਸ ਲਈ ਕੇਂਦਰ ਸਰਕਾਰ ਨੂੰ ਵੀ ਇਨ੍ਹਾਂ ਖੁਸ਼ੀਆਂ ਵਿੱਚ ਵਾਧਾ ਕਰਨ ਲਈ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਫੈਸਲਾ ਲੈ ਲਿਆ ਜਾਵੇਗਾ, ਉਸ ਉਪਰੰਤ ਸਾਡੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨੂੰ ਏਅਰਪੋਰਟ ਵਿਖੇ ਸੋਨੇ ਦੇ ਅੱਖਰਾਂ ਵਿੱਚ ਅੰਕਿਤ ਕਰਕੇ ਸ਼ਰਧਾ ਪ੍ਰਗਟ ਕੀਤੀ ਜਾਵੇਗੀ। ਡਾ. ਰਾਜ ਕੁਮਾਰ ਚੱਬੇਵਾਲ ਨੇ ਇਸਦੇ ਨਾਲ ਹੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਦਮਪੁਰ ਏਅਰਪੋਰਟ ਨੂੰ ਅੰਤਰਰਰਾਸ਼ਟਰੀ ਪੱਧਰ ਦਾ ਏਅਰਪੋਰਟ ਬਣਾਇਆ ਜਾਵੇ, ਉਨ੍ਹਾਂ ਤਰਕ ਦਿੰਦਿਆ ਕਿਹਾ ਕਿ ਕਿਉਂਕਿ ਦੋਆਬੇ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵਿੱਚ ਵੱਸਦੇ ਹਨ, ਇਸ ਲਈ ਜੇਕਰ ਆਦਮਪੁਰ ਦਾ ਏਅਰਪੋਰਟ ਅੰਤਰਰਾਸ਼ਟਰੀ ਪੱਧਰ ਦਾ ਹੋਵੇਗਾ ਤਾਂ ਐੱਨ.ਆਰ.ਆਈਜ਼ ਨੂੰ ਸਹੂਲਤ ਮਿਲੇਗੀ।
ਇਸਦੇ ਨਾਲ ਹੀ ਇਸ ਇਲਾਕੇ ਵਿੱਚ ਛੋਟੀ-ਵੱਡੀ ਇੰਡਸਟਰੀ ਨੂੰ ਵੀ ਅੰਤਰਰਾਸ਼ਟਰੀ ਏਅਰਪੋਰਟ ਦੀ ਜਰੂਰਤ ਹੈ, ਅੰਤਰਰਾਸ਼ਟਰੀ ਏਅਰਪੋਰਟ ਬਣਨ ਨਾਲ ਜਿੱਥੇ ਲੋਕਾਂ ਨੂੰ ਸਹੂਲਤ ਮਿਲੇਗੀ ਉੱਥੇ ਹੀ ਇਸ ਇਲਾਕੇ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ ਰਾਜ ਨੇ ਕਿਹਾ ਕਿ ਸਦੀਆਂ ਤੋਂ, ਗੁਰੂ ਸਾਹਿਬ ਜੀ ਦਾ ਪਿਆਰ, ਸਮਾਨਤਾ, ਦਇਆ ਅਤੇ ਮਨੁੱਖਤਾ ਦਾ ਸੰਦੇਸ਼ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਦਾ ਆਇਆ ਹੈ। ਮੈਂ ਵਿਸ਼ਵਾਸ ਰੱਖਦਾ ਹਾਂ ਕਿ ਇਸ ਮਹੱਤਵਪੂਰਨ ਸਥਾਨ ਨੂੰ ਗੁਰੂ ਸਾਹਿਬ ਜੀ ਦੇ ਨਾਮ ਨਾਲ ਜੋੜਨਾ ਭਵਿੱਖੀ ਪੀੜੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੰਸਦ ਵਿੱਚ ਰੱਖੀ ਗਈ ਮੰਗ ਨਹੀਂ, ਇਹ ਸਾਡੇ ਲੋਕਾਂ ਦੀ ਆਵਾਜ਼ ਹੈ, ਕੌਮ ਦੀ ਭਾਵਨਾ ਹੈ ਅਤੇ ਇਹ ਸਾਡੇ ਗੁਰੂ ਸਾਹਿਬ ਨੂੰ ਨਿਮਰ ਸ਼ਰਧਾਂਜਲੀ ਹੈ।