ਕਸ਼ਮੀਰ ਸਿੰਘ ਫੱਤਾ ਕੁੱਲਾ ਮੁੜ ਬਣੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲਾ ਜ਼ੋਨ ਦੇ ਪ੍ਰਧਾਨ
ਕਸ਼ਮੀਰ ਸਿੰਘ ਫੱਤਾ ਕੁੱਲਾ ਮੁੜ ਬਣੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲਾ ਜ਼ੋਨ ਦੇ ਪ੍ਰਧਾਨ
Publish Date: Mon, 24 Nov 2025 05:13 PM (IST)
Updated Date: Mon, 24 Nov 2025 05:16 PM (IST)
ਤੇਜਿੰਦਰ ਸਿੰਘ, ਪੰਜਾਬੀ ਜਾਗਰਣ,
ਟਾਂਡਾ ਉੜਮੁੜ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਆਪਣੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿੰਡ ਪੱਧਰੀ ਚੋਣਾਂ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲਾ ਵਾਲੇ ਜ਼ੋਨ ਦਾ ਪੁਨਰ ਗਠਨ ਕੀਤਾ ਗਿਆ। ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਵਿਚ ਹੋਏ ਇਕੱਠ ਦੌਰਾਨ ਪ੍ਰਧਾਨ ਕਸ਼ਮੀਰ ਸਿੰਘ ਫੱਤਾ ਕੁੱਲਾ ਨੂੰ ਮੁੜ ਜੋਨ ਪ੍ਰਧਾਨ ਚੁਣਿਆ ਗਿਆ। ਇਸੇ ਤਰਾਂ ਜ਼ੋਨ ਸਕੱਤਰ ਲਈ ਤਰਸੇਮ ਸਿੰਘ, ਕੈਸ਼ੀਅਰ ਲਈ ਲਖਵਿੰਦਰ ਸਿੰਘ, ਪ੍ਰੈਸ ਸਕੱਤਰ ਲਈ ਗੁਰਸੇਵਕ ਸਿੰਘ, ਸੀਨੀਅਰ ਮੀਤ ਪ੍ਰਧਾਨ ਲਈ ਬਲਜੀਤ ਸਿੰਘ, ਸਲਾਹਕਾਰ ਲਈ ਚਾਂਦ ਅਤੇ ਲਈ ਸਰਪ੍ਰਸਤ ਕੁਲਦੀਪ ਸਿੰਘ ਬੇਗੋਵਾਲ ਚੁਣਿਆ ਗਿਆ। ਇਸਦੇ ਨਾਲ ਹੀ ਕੌਰ ਕਮੇਟੀ ਦੀ ਚੋਣ ਵੀ ਹੋਈ। ਇਸੇ ਤਰ੍ਹਾਂ ਡੈਲੀਗੇਸ਼ਨ ਕੋਰਮ ਪੂਰਾ ਨਾ ਹੋਣ ਕਾਰਨ ਜ਼ੋਨ ਟਾਂਡਾ ਦੀ ਚੋਣ ਰੱਦ ਕੀਤੀ ਗਈ। ਇਸ ਮੌਕੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਕਾਨੂੰਨ 2025 ਰਾਹੀਂ ਸੋਧ ਕਰ ਕੇ ਬਿਜਲੀ ਬੋਰਡ ਨੂੰ ਕੇਂਦਰ ਹਕੂਮਤ ਹੇਠ ਲਿਆ ਕੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣ ਚਾਹੁੰਦੀ ਹੈ।
ਕੇਂਦਰ ਸਰਕਾਰ 240 ਧਾਰਾ ਦੀ ਸੋਧ ਰਾਹੀਂ ਚੰਡੀਗੜ ਪੰਜਾਬ ਤੋਂ ਖੋਹਣ ਦੀ ਤਿਆਰੀ ਵਿਚ ਹੈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਵਿਦਿਆਰਥੀ ਪਹਿਲਾਂ ਹੀ ਯੂਨੀਵਰਸਿਟੀ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਨ। ਜਨਤਕ ਅਦਾਰੇ ਬਚਾਉਣ ਲਈ ਪੰਜਾਬ ਦੇ ਕਿਸਾਨ ਹਰ ਤਰ੍ਹਾਂ ਦੀ ਲੜਾਈ ਲੜਨਗੇ। ਕਿਸਾਨ ਮਜ਼ਦੂਰ ਮੋਰਚੇ ਦੇ ਫ਼ੈਸਲੇ ਮੁਤਾਬਕ 10 ਦਸੰਬਰ ਨੂੰ ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚੋ ਸਮਾਰਟ ਮੀਟਰ ਪੁੱਟ ਕੇ ਐੱਸ. ਡੀ. ਓ. ਦਫ਼ਤਰਾਂ ਵਿਚ ਸੁੱਟ ਦਿੱਤੇ ਜਾਣਗੇ। 18 ਦਸੰਬਰ ਨੂੰ ਸ਼ੰਭੂ ਅਤੇ ਖਨੌਰੀ ਮੋਰਚੇ ਵਿੱਚੋਂ ਚੋਰੀ ਹੋਈਆਂ ਟਰਾਲੀਆਂ ਅਤੇ ਸਮਾਨ ਦੀ ਭਰਪਾਈ ਕਰਨ ਲਈ ਡੀ .ਸੀ. ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਜੇਕਰ ਸਰਕਾਰ ਦੀ ਨੀਂਦ ਫਿਰ ਵੀ ਖੁੱਲ੍ਹੀ ਨਾ ਤਾਂ 19 ਦਸੰਬਰ ਤੋਂ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਹਰਬੰਸ ਸਿੰਘ, ਮੋਤਾ ਸਿੰਘ, ਨਿਸ਼ਾਨ ਸਿੰਘ ਫੌਜੀ ਕਲੋਨੀ, ਗੁਰਜੀਤ ਸਿੰਘ ਕੰਗ, ਗਨੇਸ਼ ਦੋਸਾਂਝ, ਸੁਖਵੀਰ ਸਿੰਘ ਨਰਵਾਲ, ਮੋਹਦੀਪ ਸਿੰਘ ਚੌਹਾਨ, ਸਰਵਣ ਕੁਮਾਰ ਸ਼ਰਮਾਂ, ਕਿਸ਼ਨ ਸਿੰਘ ਆਦਿ ਆਗੂ ਹਾਜ਼ਰ ਸਨ।