ਪੰਜਾਬੀ ਸਾਹਿਤ ਸਭਾ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ
ਪੰਜਾਬੀ ਸਾਹਿਤ ਸਭਾ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ
Publish Date: Mon, 24 Nov 2025 04:53 PM (IST)
Updated Date: Mon, 24 Nov 2025 04:55 PM (IST)

ਅੰਕੁਸ਼ ਗੋਇਲ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਹਿਯੋਗ ਨਾਲ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਵਿਖੇ ਪੰਜਾਬੀ ਮਾਹ ਨੂੰ ਸਮਰਪਿਤ ਸਮਾਗਮ ਵਿੱਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਅਕੀਦਤ ਭੇਟ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਧੀਮਾਨ ਨੇ ਕੀਤੀ। ਸਭਾ ਦੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ। ਸਭਾ ਦੇ ਸਰਪ੍ਰਸਤ ਡਾ. ਕਰਮਜੀਤ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਮਾਨਵਵਾਦੀ ਸੋਚ ਤੇ ਪਹਿਰਾ ਦੇਣ ਵਾਲੀ ਕੁਰਬਾਨੀ ਸੰਗ ਸੰਗਿਆ ਦਿੱਤੀ। ਉਨ੍ਹਾਂ ਕਿਹਾ ਕਿ ਸੁਖ ਦੁਖ ਨੂੰ ਬਰਾਬਰ ਜਾਣਨ ਵਾਲੇ ਗੁਰੂ ਸਾਹਿਬ ਦਾ ਮੁਖ ਫ਼ਲਸਫ਼ਾ ਨਾ ਕਿਸੇ ਨੂੰ ਭੈਅ ਦੇਣਾ ਸੀ ਅਤੇ ਨਾ ਹੀ ਕਿਸੇ ਦਾ ਭੈਅ ਮੰਨਣਾ ਸੀ। ਇਹ ਫ਼ਲਸਫ਼ਾ ਬਾਬੇ ਨਾਨਕ ਤੋਂ ਚਲਦਾ ਆ ਰਿਹਾ ਸੀ ਜਿਸਨੂੰ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਦਸਮ ਪਿਤਾ ਨੇ ਸਾਰਾ ਸਰਬੰਸ ਵਾਰ ਕੇ ਆਪਣੀ ਜ਼ਿੰਦਗਾਨੀ ਵੀ ਦੇਸ਼ ਕੌਮ ਦੇ ਲੇਖੇ ਲਾਈ। ਉਨ੍ਹਾਂ ਦੀ ਬਾਣੀ ਨੂੰ ਪੜ੍ਹਨ ਅਤੇ ਅਨੁਸਰਨ ਕਰਨ ਦੀ ਮਹੱਤਤਾ ਨੂੰ ਤਰਜੀਹ ਦਿੰਦਿਆਂ ਡਾ. ਸੁਖਦੇਵ ਢਿੱਲੋਂ, ਪ੍ਰਿੰਸੀਪਲ ਗੁਰਦਿਆਲ ਸਿੰਘ ਫੁੱਲ ਅਤੇ ਡਾ. ਜਸਵੰਤ ਰਾਏ ਨੇ ਚਰਚਾ ਨੂੰ ਅਗਾਂਹ ਤੋਰਿਆ। ਸਮਾਗਮ ਦੇ ਦੂਜੇ ਸੈਸ਼ਨ ਵਿੱਚ ਸਾਹਿਤਕ ਅਤੇ ਧਾਰਮਿਕ ਰਚਨਾਵਾਂ ਦੇ ਚੱਲੇ ਦੌਰ ਨੇ ਸਮਾਗਮ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ। ਉਪਰੰਤ ਸਭਾ ਵੱਲੋਂ ਡਾ. ਦਰਸ਼ਨ ਸਿੰਘ ਦਰਸ਼ਨ ਦੇ ਪੰਜਵੇਂ ਨਾਵਲ ਰੋਡਮੈਪ ਦਾ ਲੋਕ ਅਰਪਣ ਕੀਤਾ ਗਿਆ। ਜਿਸ ਬਾਰੇ ਡਾ ਜਸਵੰਤ ਰਾਏ ਨੇ ਆਖਿਆ ਇਹ ਨਾਵਲ ਅੰਨ੍ਹੇਵਾਹ ਪਰਵਾਸ ਕਰ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਜੱਦੀ ਪੁਸ਼ਤੀ ਕੰਮਾਂ ਨੂੰ ਨਵੀਂ ਤਕਨੀਕ ਨਾਲ ਕਰਕੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਦੇ ਨਾਲ ਨਾਲ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਵੀ ਹੋਕਾ ਦਿੰਦਾ ਹੈ। ਇਸ ਸਮੇਂ ਸਤੀਸ਼ ਕੁਮਾਰ, ਤ੍ਰਿਪਤਾ ਕੇ ਸਿੰਘ, ਡਾ ਸ਼ਮਸ਼ੇਰ ਮੋਹੀ, ਮਦਨ ਵੀਰਾ, ਹਰਦਿਆਲ ਹੁਸ਼ਿਆਰਪੁਰੀ, ਕੁਲਤਾਰ ਸਿੰਘ ਕੁਲਤਾਰ, ਤੀਰਥ ਚੰਦ ਸਰੋਆ, ਰਾਜ ਕੁਮਾਰ ਘਾਸੀਪੁਰੀਆ, ਡਾ ਕੁਲਦੀਪ ਸਿੰਘ, ਰਬਿੰਦਰ ਸ਼ਰਮਾ, ਪ੍ਰਿੰਕਲ ਜੱਸਲ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਨਿਭਾਈ।