ਅੰਤਰ ਸਕੂਲ ਮੁਕਾਬਲਿਆਂ ’ਚ ਦੋਆਬਾ ਸਕੂਲ ਪਾਰੋਵਾਲ ਜੇਤੂ
ਸ਼ਹੀਦੀ ਸ਼ਤਾਬਦੀ ਸਬੰਧੀ ਅੰਤਰ ਸਕੂਲ ਮੁਕਾਬਲਿਆਂ ਵਿੱਚ ਦੋਆਬਾ ਸਕੂਲ ਪਾਰੋਵਾਲ ਜੇਤੂ
Publish Date: Mon, 24 Nov 2025 03:11 PM (IST)
Updated Date: Mon, 24 Nov 2025 03:13 PM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ: ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਪਹਿਲਾ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਤਿੰਨ ਦਰਜਨ ਦੇ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦਾ ਉਦਘਾਟਨ ਮੁੱਖ ਮਹਿਮਾਨ ਐਡਵੋਕੇਟ ਹਰਪ੍ਰੀਤ ਸਿੰਘ ਵਾਲੀਆ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਗਿਆਨੀ ਬਲਵੀਰ ਸਿੰਘ ਚੰਗਿਆੜਾ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ, ਕੋਆਰਡੀਨੇਟਰ ਡਾ. ਮਨਬੀਰ ਕੌਰ, ਸਵਾਗਤੀ ਕਮੇਟੀ ਨੇ ਮੁੱਖ ਮਹਿਮਾਨ ਐਡਵੋਕੇਟ ਹਰਪ੍ਰੀਤ ਸਿੰਘ ਵਾਲੀਆ ਅਤੇ ਵਿਸ਼ੇਸ਼ ਮਹਿਮਾਨ ਗਿਆਨੀ ਬਲਵੀਰ ਸਿੰਘ ਚੰਗਿਆੜਾ ਦਾ ਪੌਦੇ ਦੇ ਕੇ ਰਸਮੀ ਸਵਾਗਤ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਮੁਕਾਬਲੇ ਵਿਚ 28 ਸਕੂਲਾਂ ਦੇ 300 ਤੋਂ ਵਧੇਰੇ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਤੇ ਮੁਕਾਬਲਿਆਂ ਵਿਚ ਦੋਆਬਾ ਪਬਲਿਕ ਸਕੂਲ ਪਾਰੋਵਾਲ, ਗੁਰਸੇਵਾ ਮਿਸ਼ਨ ਸਕੂਲ ਪਨਾਮ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਹਿਲਪੁਰ, ਐੱਸ.ਬੀ.ਐੱਸ. ਮਾਡਲ ਸਕੂਲ ਸਦਰਪੁਰ ਅਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਮੁਕਾਬਲਿਆਂ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਨੇ ਪਹਿਲਾ ਸਥਾਨ ਹਾਸਿਲ ਕਰਕੇ ਓਵਰਆਲ ਟਰਾਫ਼ੀ ਜਿੱਤੀ। ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਦੂਜੇ ਅਤੇ ਐੱਸ.ਜੀ.ਜੀ.ਐੱਸ. ਖਾਲਸਾ ਸਕੂਲ ਮਾਹਿਲਪੁਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਨੇ ਤੀਜਾ ਸਥਾਨ ਹਾਸਿਲ ਕੀਤਾ।