ਐੱਸਆਈਆਰ ਦੇ ਕੰਮ ਲਈ ਬੀਐੱਲਓਜ਼. ਨੂੰ ਸਿਖਲਾਈ ਦੇਣ ਦੀ ਕੀਤੀ ਮੰਗ
ਡੀ.ਟੀ.ਐੱਫ਼. ਨੇ ਐੱਸ.ਆਈ.ਆਰ. ਦੇ ਕੰਮ ਲਈ ਬੀ.ਐੱਲ.ਓਜ਼. ਨੂੰ ਉਚਿਤ ਸਿਖਲਾਈ ਦੇਣ ਦੀ ਕੀਤੀ ਮੰਗ
Publish Date: Fri, 21 Nov 2025 04:04 PM (IST)
Updated Date: Fri, 21 Nov 2025 04:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦਸੂਹਾ: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਚੋਣ ਕਮਿਸ਼ਨ ਵਲੋਂ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਕੰਮ ਲਈ ਬੀ.ਐੱਲ.ਓਜ਼. ਨੂੰ ਲੋੜੀਂਦੀ ਸਿਖਲਾਈ ਦੇਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਯੂਨੀਅਨ ਦੇ ਇੱਕ ਵਫ਼ਦ ਜਿਸ ਵਿੱਚ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਵਿੱਤ ਸਕੱਤਰ ਮਨਜੀਤ ਸਿੰਘ ਦਸੂਹਾ, ਬਲਾਕ ਪ੍ਰਧਾਨ ਨਿਰਮਲ ਸਿੰਘ ਨਿਹਾਲਪੁਰ, ਬਲਵਿੰਦਰ ਬਾਜਵਾ, ਰਾਜਨ ਝਿੰਗੜ, ਮੁਨੀਸ਼ ਕੁਮਾਰ, ਸੰਦੀਪ ਪੁਰੀ ਅਤੇ ਰਾਕੇਸ਼ ਕੁਮਾਰ ਆਦਿ ਆਗੂ ਸ਼ਾਮਿਲ ਸਨ ਨੇ ਵਿਧਾਨ ਸਭਾ ਹਲਕਾ ਦਸੂਹਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐੱਸ.ਡੀ.ਐੱਮ. ਦਸੂਹਾ ਦੇ ਦਫ਼ਤਰ ਵਿਖੇ ਉਨ੍ਹਾਂ ਦੇ ਰੀਡਰ ਹਰਜੀਤ ਸਿੰਘ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਐੱਸ.ਡੀ.ਐੱਮ. ਦਸੂਹਾ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ ਜਿਸ ਰਾਹੀਂ ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਦਿੱਤਾ ਇਹ ਐੱਸ.ਆਈ.ਆਰ. ਦਾ ਕੰਮ ਬਹੁਤ ਹੀ ਗੁੰਝਲਦਾਰ ਅਤੇ ਪੇਚੀਦਾ ਹੈ ਅਤੇ ਸਮੂਹ ਬੀ.ਐੱਲ.ਓਜ਼. ਇਸ ਪ੍ਰਤੀ ਬਹੁਤ ਫ਼ਿਕਰਮੰਦ ਹਨ ਕਿ ਇਸ ਵਿੱਚ ਕਿਤੇ ਕੋਈ ਗ਼ਲਤੀ ਨਾ ਹੋ ਜਾਵੇ ਕਿਉਕਿ ਇਸ ਬੀ.ਐੱਲ.ਓਜ਼. ਨੂੰ ਕੋਈ ਸਿਖਲਾਈ ਨਹੀਂ ਦਿੱਤੀ ਗਈ। ਵਫ਼ਦ ਨੇ ਮੰਗ ਕੀਤੀ ਕਿ ਸਮੂਹ ਬੀ.ਐੱਲ.ਓਜ਼. ਨੂੰ ਇਸ ਸੰਬੰਧੀ ਉਚਿਤ ਸਿਖਲਾਈ ਦਿੱਤੀ ਜਾਵੇ।