‘ਯੁਵਾ ਆਪਦਾ ਮਿੱਤਰ’ ਯੋਜਨਾ ਤਹਿਤ ਲਾਇਆ ਸਿਖਲਾਈ ਪ੍ਰੋਗਰਾਮ
ਯੁਵਾ ਆਪਦਾ ਮਿੱਤਰ’ ਯੋਜਨਾ ਤਹਿਤ
Publish Date: Thu, 20 Nov 2025 05:18 PM (IST)
Updated Date: Thu, 20 Nov 2025 05:19 PM (IST)

- 250 ਐੱਨਐੱਸਐੱਸ ਵਲੰਟੀਅਰਾਂ ਨੇ ਸਿਖਲਾਈ ’ਚ ਲਿਆ ਹਿੱਸਾ - ਭੀੜ ਕੰਟਰੋਲ ਤੇ ਸੁਰੱਖਿਅਤ ਨਿਕਾਸੀ ਮਾਰਗਾਂ ਬਾਰੇ ਕੀਤਾ ਅਭਿਆਸ ਅੰਕੁਸ਼ ਗੋਇਲ, ਪੰਜਾਬੀ ਜਾਗਰਣ ਹੁਸ਼ਿਆਰਪੁਰ : ‘ਯੁਵਾ ਆਪਦਾ ਮਿੱਤਰ ਯੋਜਨਾ’ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 16 ਨਵੰਬਰ ਨੂੰ ਸ਼ੁਰੂ ਹੋਇਆ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਲਗਾਤਾਰ ਚਾਰ ਦਿਨਾਂ ਤੋਂ ਉਤਸ਼ਾਹ ਨਾਲ ਜਾਰੀ ਹੈ। ਇਹ ਸਿਖਲਾਈ 23 ਨਵੰਬਰ ਤਕ ਚੱਲੇਗੀ, ਜਿਸ ਵਿੱਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਐਡਮਿਨਿਸਟ੍ਰੇਸ਼ਨ ਦੀ ਇੱਕ ਵਿਸ਼ੇਸ਼ ਟੀਮ ਵਲੰਟੀਅਰਾਂ ਨੂੰ ਆਫ਼ਤ ਪ੍ਰਬੰਧਨ ਨਾਲ ਸਬੰਧਿਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ’ਤੇ ਵਿਹਾਰਕ ਜਾਣਕਾਰੀ ਪ੍ਰਦਾਨ ਕਰ ਰਹੀ ਹੈ। ਫੂਡ ਕਰਾਫਟ ਇੰਸਟੀਚਿਊਟ, ਹੁਸ਼ਿਆਰਪੁਰ ਵਿਖੇ ਕਰਵਾਈ ਸਿਖਲਾਈ ਵਿੱਚ ਕੁੱਲ 250 ਐੱਨਐੱਸਐੱਸ ਵਲੰਟੀਅਰ ਹਿੱਸਾ ਲੈ ਰਹੇ ਹਨ। ਸਿਖਲਾਈ ਦੇ ਪਹਿਲੇ ਦਿਨ ਕੋਰਸ ਡਾਇਰੈਕਟਰ ਕਰਨਲ ਦਲਬੀਰ ਸਿੰਘ ਅਤੇ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਵਲੰਟੀਅਰਾਂ ਨੂੰ ਰਜਿਸਟਰ ਕੀਤਾ ਗਿਆ ਅਤੇ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ, ਮੁੱਢਲੀ ਤਿਆਰੀ ਅਤੇ ਕਮਿਊਨਿਟੀ-ਪੱਧਰੀ ਜੋਖਮ ਘਟਾਉਣ ਦੇ ਤਰੀਕਿਆਂ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਦੂਜੇ ਦਿਨ ਟ੍ਰੇਨਰਾਂ ਨੇ ਭੀੜ ਕੰਟਰੋਲ, ਸੁਰੱਖਿਅਤ ਨਿਕਾਸੀ ਰੂਟਾਂ, ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਕਿੱਟਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਸਿਖਲਾਈ ਪ੍ਰਦਾਨ ਕੀਤੀ। ਟ੍ਰੇਨਰ ਸ਼ੁਭਮ ਵਰਮਾ ਅਤੇ ਅੰਕੁਰ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ ਤੇ ਪਹੁੰਚਣ ਦੇ ਤਰੀਕੇ ਬਾਰੇ ਸਿਖਲਾਈ ਵੀ ਪ੍ਰਦਾਨ ਕੀਤੀ। ਤੀਜੇ ਦਿਨ ਵਲੰਟੀਅਰਾਂ ਨੂੰ ਭੂਚਾਲ ਸੁਰੱਖਿਆ ਅਤੇ ਭੂਚਾਲ ਦੌਰਾਨ ਅਪਣਾਈਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਗਈ। ਟ੍ਰੇਨਰ ਸਚਿਨ ਨੇ ਮਲਬੇ ਹੇਠ ਫਸੇ ਜ਼ਖ਼ਮੀਆਂ ਨੂੰ ਲੱਭਣ ਅਤੇ ਬਚਾਉਣ ਦੇ ਤਰੀਕਿਆਂ ਦਾ ਪ੍ਰਦਰਸ਼ਨ ਕੀਤਾ। ਸ਼ੁਭਮ ਵਰਮਾ ਅਤੇ ਸਲੋਨੀ ਨੇ ਵਲੰਟੀਅਰਾਂ ਨੂੰ ਮਲਬੇ ਤੋਂ ਜ਼ਖ਼ਮੀਆਂ ਨੂੰ ਸੁਰੱਖਿਅਤ ਢੰਗ ਨਾਲ ਕੱਢਣ ਲਈ ਵੱਖ-ਵੱਖ ਤਕਨੀਕਾਂ ਸਿਖਾਈਆਂ। ਚੌਥੇ ਦਿਨ ਵਲੰਟੀਅਰਾਂ ਨੂੰ ਰੱਸੀ ਨਾਲ ਬਚਾਅ ਸਬੰਧੀ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ। ਟ੍ਰੇਨਰ ਸਚਿਨ ਸ਼ਰਮਾ ਨੇ ਉਨ੍ਹਾਂ ਨੂੰ ਵੱਖ-ਵੱਖ ਗੰਢਾਂ ਬੰਨ੍ਹਣ, ਉੱਚੀਆਂ ਥਾਵਾਂ ਤੋਂ ਚੜ੍ਹਨ ਅਤੇ ਉਤਰਨ ਦਾ ਤਰੀਕਾ ਸਿਖਾਇਆ ਅਤੇ ਟ੍ਰੇਨਰ ਪ੍ਰੀਤੀ ਦੇਵੀ ਸ਼ਾਨੂ ਅਤੇ ਸ਼ੈਨਾ ਕੌਰ ਨੇ ਗਰਮੀ ਅਤੇ ਠੰਢੀਆਂ ਲਹਿਰਾਂ ਦੌਰਾਨ ਬਚਾਅ ਉਪਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾ ਨੇ ਸੀਪੀਆਰ ਕਿਵੇਂ ਦੇਣਾ ਹੈ ਇਸ ਦਾ ਇੱਕ ਵਿਹਾਰਕ ਪ੍ਰਦਰਸ਼ਨ ਵੀ ਦਿੱਤਾ। ਮੈਕਸੀਪਾ ਟੀਮ ਦੇ ਇੰਸਟ੍ਰਕਟਰਾਂ ਸ਼ਿਵ ਮੂਰਤੀ, ਪ੍ਰੀਤੀ, ਸ਼ਾਇਨਾ, ਆਯੁਸ਼, ਸ਼ੁਭਮ ਅਤੇ ਅਮਨ ਦੀ ਸਰਗਰਮ ਭਾਗੀਦਾਰੀ ਨਾਲ ਸਿਖਲਾਈ ਸਫਲਤਾਪੂਰਵਕ ਜਾਰੀ ਰਹੀ। ਵਲੰਟੀਅਰਾਂ ਨੇ ਸਾਰੇ ਸੈਸ਼ਨਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬਹੁਤ ਦਿਲਚਸਪੀ ਨਾਲ ਵਿਹਾਰਕ ਅਭਿਆਸ ਕੀਤੇ।