ਦਸਮੇਸ਼ ਕਾਲਜ਼ ਵਿਖੇ ਨੁੱਕੜ ਨਾਟਕਾਂ ਦੀ ਸਫ਼ਲ ਪੇਸ਼ਕਾਰੀ ਕੀਤੀ
ਦਸਮੇਸ਼ ਕਾਲਜ਼ ਵਿਖੇ ਨੁੱਕੜ ਨਾਟਕਾਂ ਦੀ ਸਫ਼ਲ ਪੇਸ਼ਕਾਰੀ ਕੀਤੀ
Publish Date: Tue, 18 Nov 2025 04:04 PM (IST)
Updated Date: Tue, 18 Nov 2025 04:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੇਰੀਆਂ: ਸਥਾਨਕ ਦਸਮੇਸ਼ ਗਰਲਜ਼ ਕਾਲਜ਼ ਚੱਕ ਅੱਲ੍ਹਾ ਬਖ਼ਸ਼ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਸੇ ਤਹਿਤ ਕਾਲਜ ਅੰਦਰ ਸਮੇਂ-ਸਮੇਂ ਤੇ ਸੈਮੀਨਾਰ ਕਾਨਫਰੰਸ ਅਤੇ ਵਿਸੇਸ਼ ਲੈਕਚਰਾਂ ਅਧੀਨ ਬਾਹਰੋਂ ਵਿਸ਼ਾ ਮਾਹਰ ਵਿਦਵਾਨਾਂ ਨੂੰ ਬੁਲਾ ਕੇ ਵੱਖੋ-ਵੱਖਰੇ ਵਿਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਇਸੇ ਤਹਿਤ ਕਾਲਜ ਪ੍ਰਿੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਅੰਦਰ ਭਖ਼ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਨੁੱਕੜ ਨਾਟਕ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਸ ਸਮੇਂ ਠੱਗੀ ਅਤੇ ਸੁਲਗਦੀ ਧਰਤੀ ਵਿਸ਼ੇ ਉੱਤੇ ਪ੍ਰਭਾਵਸ਼ਾਲੀ ਨੁੱਕੜ ਨਾਟਕਾਂ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ, ਵਿਦੇਸ਼ਾਂ ਵੱਲ ਜਾਣ ਦੇ ਨਾਂ ਤੇ ਹੋਣ ਵਾਲੀ ਠੱਗੀ ਤੋਂ ਸਾਵਧਾਨ ਰਹਿਣ ਅਤੇ ਆਪਣੇ ਦੇਸ਼ ਵਿੱਚ ਹੀ ਰੋਜ਼ਗਾਰ ਦੇ ਮੌਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਨੌਜਵਾਨਾਂ ਨੂੰ ਵਿਦੇਸ਼ੀ ਚਮਕ-ਦਮਕ ਤੋਂ ਪ੍ਰਭਾਵਿਤ ਹੋ ਕੇ ਪੱਬਾਂ-ਕਲੱਬਾਂ ਵਿੱਚ ਜਾਣ ਦੀ ਥਾਂ ਆਪਣੀਆਂ ਸੱਭਿਆਚਾਰਕ ਮਾਨਤਾਵਾਂ ਨੂੰ ਪਛਾਣ ਕੇ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਲੋੜ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਨਿਰੰਤਰ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਸੋਨੀਆ ਦੇਵੀ, ਡਾ. ਮਨਿੰਦਰਜੀਤ ਕੌਰ, ਡਾ. ਸੁਖਵਿੰਦਰ ਕੌਰ, ਸਹਾਇਕ ਪ੍ਰੋਫੈੱਸਰ ਸੋਨੀਆ ਪਠਾਨੀਆ ਸਮੇਤ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਦਿਆਰਥਣਾਂ ਹਾਜ਼ਰ ਸਨ।