ਨਿਗਮ ਹਾਊਸ ਦਾ ਮਾਮੁਲੀ ਹੰਗਾਮੇ ਦੌਰਾਨ 400 ਕਰੋੜ ਦੇ ਕੰਮਾਂ ਦਾ ਏਜੰਡਾ ਪਾਸ

-ਬਰਲਟਨ ਪਾਰਕ ਦੇ ਖਰਚ ਦਾ 1.75 ਕਰੋੜ ਦੇ ਬਿੱਲ ਦਾ ਵਿਰੋਧੀ ਧਿਰ ਨੇ ਕੀਤਾ ਵਿਰੋਧ
ਨਿਗਮ ਹਾਊਸ ਦੀ ਅਗਲੀ ਮੀਟਿੰਗ 9 ਜਾਂ 10 ਦਸੰਬਰ ਨੂੰ ਹੋਵੇਗੀ-ਮੇਅਰ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਹਾਊਸ ਦੀ 8 ਮਹੀਨੇ ਬਾਅਦ ਹੋਈ ਮੀਟਿੰਗ ’ਚ ਮਾਮੂਲੀ ਹੰਗਾਮੇ ਦੇ ਬਾਅਦ 400 ਕਰੋੜ ਦਾ ਏਜੰਡਾ ਪਾਸ ਹੋ ਗਿਆ। ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਤੇ ਭਾਜਪਾ ਨੇ ਸਿਫ਼ਰ ਕਾਲ ਦੌਰਾਨ ਮੇਅਰ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਤੇ ਵਿਕਾਸ ਕੰਮਾਂ ਦੀ ਸ਼ਲਾਘਾ ਕੀਤੀ। ਜਦੋਂ 400 ਕਰੋੜ ਦੇ ਕੰਮਾਂ ਦਾ ਏਜੰਡਾ ਮਨਜ਼ੂਰੀ ਲਈ ਪੇਸ਼ ਕੀਤਾ ਗਿਆ ਤਾਂ ਇਸ ਦਾ ਵਿਰੋਧੀ ਧਿਰਾਂ ਨੇ ਵਿਰੋਧ ਕੀਤਾ। ਇਸ ਦੇ ਨਾਲ ਹੀ ਬਰਲਟਨ ਪਾਰਕ ਦੇ ਵਿਕਾਸ ਸਬੰਧੀ ਦਿੱਲੀ ਦੀ ਕੰਪਨੀ ਵੱਲੋਂ ਕੀਤੇ ਗਏ ਉਦਘਾਟਨ ’ਤੇ 1.75 ਕਰੋੜ ਦੇ ਖਰਚ ਦਾ ਸਖ਼ਤ ਵਿਰੋਧ ਕੀਤਾ ਗਿਆ ਪਰ ਇਸ ਦੇ ਬਾਵਜੂਦ ਇਸ ਸਬੰਧੀ ਏਜੰਡੇ ’ਚ ਸ਼ਾਮਲ ਮਤਾ ਪਾਸ ਹੋ ਗਿਆ। ਇਸ ਤੋਂ ਇਲਾਵਾ ਮਹਾਨਗਰ ’ਚ ਕੂੜੇ ਦੇ ਪ੍ਰਬੰਧਨ ਲਈ 143 ਕਰੋੜ ਦੇ ਏਜੰਡੇ ਦੇ ਟੈਂਡਰ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਤੇ ਇਹ ਟੈਂਡਰ ਦੋ ਪੜਾਵਾਂ 87 ਕਰੋੜ ਤੇ 56 ਕਰੋੜ ਦਾ ਲੱਗੇਗਾ।
ਮੰਗਲਵਾਰ ਨੂੰ ਰੈੱਡ ਕਰਾਸ ਭਵਨ ਵਿਖੇ ਨਗਰ ਨਿਗਮ ਹਾਊਸ ਦੀ ਮੀਟਿੰਗ ਨਿਰਧਾਰਤ ਸਮੇਂ ਤੋਂ 15 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਈ ਤੇ ਇਸ ਦੌਰਾਨ ਮੇਅਰ ਨੇ ਸਿਫ਼ਰ ਕਾਲ ਸ਼ੁਰੂ ਕੀਤਾ ਤਾਂ ਕਾਂਗਰਸ ਦੇ ਕੌਂਸਲਰ ਪਵਨ ਕੁਮਾਰ ਨੇ ਨੰਗਲਸ਼ਾਮਾ ਸਥਿਤ ਡਾਗ ਪੌਂਡ ’ਚ ਅਵਾਰਾ ਕੁੱਤਿਆਂ ਦੇ ਅਪ੍ਰੇਸ਼ਨਾਂ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਸ਼ਹਿਰ ’ਚ ਜਿਸ ਤਰ੍ਹਾਂ ਨਾਲ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ, ਉਸ ਹਿਸਾਬ ਨਾਲ ਡਾਗ ਪੌਂਡ ’ਤੇ ਘਟ ਅਪ੍ਰੇਸ਼ਨ ਹੋ ਰਹੇ ਹਨ ਤੇ ਅਪ੍ਰੇਸ਼ਨਾਂ ਦੀ ਗਿਣਤੀ ਵਧਾਈ ਜਾਏ, ਤਾਂ ਜੋ ਲੋਕਾਂ ’ਚ ਪੈਦਾ ਹੋਈ ਖੌਫ ਦੀ ਭਾਵਨਾ ਖਤਮ ਹੋ ਸਕੇ। ਇਸ ਤੋਂ ਇਲਾਵਾ ਕੁੱਤੇ ਚੁੱਕਣ ਵਾਲੀ ਇਕ ਹੀ ਗੱਡੀ ਹੈ ਤੇ ਉਹ ਪਿਛਲੇ ਹਫਤੇ ਖਰਾਬ ਰਹੀ ਜਿਸ ਕਾਰਨ ਕੁੱਤਿਆਂ ਦੇ ਆਪ੍ਰੇਸ਼ਨ ਪਭਾਵਿਤ ਹੋਏ। ਇਸ ਲਈ ਨਗਰ ਨਿਗਮ ਨੂੰ ਇਕ ਹੋਰ ਗੱਡੀ ਖਰੀਦਣੀ ਚਾਹੀਦੀ ਹੈ, ਤਾਂ ਜੋ ਕੁੱਤਿਆਂ ਦੇ ਆਪ੍ਰੇਸ਼ਨ ਜਾਰੀ ਰਹਿ ਸਕਣ। ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਜਵਾਬ ’ਚ ਕਿਹਾ ਕਿ ਹੁਣ ਰੋਜ਼ਾਨਾ 30 ਤੋਂ 32 ਆਪ੍ਰੇਸ਼ਨ ਕੀਤੇ ਜਾ ਰਹੇ ਹਨ ਤੇ ਹੁਣ ਉਥੇ ਹੋਰ ਕਮਰੇ ਤਿਆਰ ਕੀਤੇ ਜਾ ਰਹੇ ਹਨ। ਇਸ ਦੇ ਨਾਲ ਆਪ੍ਰੇਸ਼ਨ ਕਰਨ ਦੀ ਸਮਰਥਾ ਵੀ ਵੱਧ ਜਾਏਗੀ, ਜਿਸ ਨਾਲ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਕਾਬੂ ਪਾਇਆ ਜਾ ਸਕੇਗਾ।
ਨਵੀਂ ਮਸ਼ੀਨਰੀ
ਕੌਂਸਲਰ ਪਵਨ ਕੁਮਾਰ ਵੱਲੋਂ ਨਵੀਂ ਮਸ਼ੀਨਰੀ ਖਰੀਦਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਮੇਅਰ ਵਿਨੀਤ ਧੀਰ ਨੇ ਕਿਹਾ ਕਿ 2023 ’ਚ ਸਮਾਰਟ ਸਿਟੀ ਕੰਪਨੀ ਨੇ ਨਗਰ ਨਿਗਮ ਨੂੰ 42 ਕਰੋੜ ਰੁਪਏ ਦੀ ਰਕਮ ਨਵੀਂ ਮਸ਼ੀਨਰੀ ਖਰੀਦਣ ਲਈ ਦਿੱਤੀ ਸੀ ਤੇ ਉਸ ’ਚੋਂ ਅਜੇ 7 ਟਿੱਪਰ, 9 ਜੇਸੀਬੀ, 4 ਜੈਟਿੰਗ ਮਸ਼ੀਨਾਂ, 15 ਟਰਾਲੀਆਂ, ਕੰਪੈਕਟਰ ਆਦਿ ਆ ਚੁੱਕੇ ਹਨ ਤੇ ਬਾਕੀ ਮਸ਼ੀਨਰੀ ਵੀ ਆ ਰਹੀ ਹੈ। ਜਦੋਂਕਿ ਨਗਰ ਨਿਗਮ ਵਲੋਂ ਕੇਵਲ ਕਮਿਸ਼਼ਨਰ ਲਈ ਨਵੀਂ ਗੱਡੀ ਦੀ ਖਰੀਦ ਕੀਤੀ ਗਈ ਹੈ।
ਨਿਗਮ ’ਚ ਭ੍ਰਿਸ਼ਟਾਚਾਰ : ਟੀਟੂ
ਸਿਫਰ ਕਾਲ ਦੌਰਾਨ ਹਾਊਸ ’ਚ ਭਾਜਪਾ ਧੜੇ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਨਗਰ ਨਿਗਮ ’ਚ ਭ੍ਰਿਸ਼ਟਾਚਾਰੀ ਜੇਈ ਜਿਸ ਨੇ ਗਲੋਬਲ ਕੰਪਨੀ ਬਣਾ ਕੇ ਨਿਗਮ ਦੇ ਕਈ ਠੇਕੇ ਲੈ ਰੱਖੇ ਸਨ, ਦੀ ਮੁਅੱਤਲੀ ਦੇ ਬਾਅਦ ਕੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਨਿਗਮ ’ਚ ਹੋਰ ਵੀ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਨੇ ਆਪਣੇ ਸਬੰਧੀਆਂ ਦੇ ਨਾਮ ’ਤੇ ਠੇਕੇ ਲੈ ਰੱਖੇ ਹਨ ਪਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਜਿਹੇ ਅਧਿਕਾਰੀ ਨਿਗਮ ’ਚ ਬੈਠ ਕੇ ਨਿਗਮ ਨੂੰ ਚੂਨਾ ਲਗਾ ਰਹੇ ਹਨ। ਇਸ ਦੌਰਾਨ ਮੇਅਰ ਨੇ ਕਿਹਾ ਉਕਤ ਜੇਈ ਦੇ ਸਾਰੇ ਕੰਮ ਬੰਦ ਕਰ ਦਿੱਤੇ ਗਏ ਹਨ ਤੇ ਉਸ ਨੂੰ ਕਿਸੇ ਤਰ੍ਹਾਂ ਦੇ ਭੁਗਤਾਨ ’ਤੇ ਵੀ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਸ ਨੇ ਇਕ ਠੇਕੇਦਾਰ ਤੇ ਅਫਸਰਾਂ ਦੀ ਮਿਲੀਭੁਗਤ ਨਾਲ ਕੰਮ ਨੂੰ ਸਾਢੇ 9 ਲੱਖ ਦਾ ਟੈਂਡਰ ਮਨਜ਼ੂਰ ਕਰ ਕੇ ਲਿਆ, ਜਿਸ ’ਤੇ ਜਦੋਂ ਇਤਰਾਜ਼ ਕੀਤਾ ਗਿਆ ਤਾਂ ਉਹ ਕੰਮ ਰੋਕ ਦਿੱਤਾ ਗਿਆ।
ਕੌਂਸਲਰਾਂ ਦੀ ਥਾਂ ਹਾਰੇ ਉਮੀਦਵਾਰਾਂ ਦੇ ਨੀਹ ਪੱਥਰਾਂ ’ਤੇ ਨਾਮ ਲਿਖੇ ਜਾ ਰਹੇ : ਉਮਾ ਬੇਰੀ
ਕਾਂਗਰਸੀ ਕੌਂਸਲਰ ਉਮਾ ਬੇਰੀ ਨੇ ਵਿਰੋਧੀ ਧਿਰ ਨਾਲ ਵਿਤਕਰਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਕਿਸੇ ਵਿਰੋਧੀ ਪਾਰਟੀ ਦੇ ਕੌਂਸਲਰ ’ਚ ਜੇ ਕਿਸੇ ਵਿਕਾਸ ਕੰਮ ਦਾ ਨੀਂਹ ਪੱਥਰ ਲੱਗਦਾ ਹੈ ਤਾਂ ਉਸ ’ਤੇ ਹਾਰੇ ਹੋਏ ਉਮੀਦਵਾਰ ਦਾ ਨਾਮ ਲਿਖਿਆ ਜਾਂਦਾ ਹੈ ਜਿਹੜਾ ਕਿ ਨਗਰ ਨਿਗਮ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ, ਜੋ ਕਿ ਲੋਕਲ ਬਾਡੀ ਐਕਟ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਤੇ ਵਿਰੋਧੀ ਧਿਰ ਦੇ ਕੌਂਸਲਰ ਦੇ ਵਾਰਡ ’ਚ ਵਿਕਾਸ ਕੰਮ ਦੀ ਸ਼ੁਰੂਆਤ ਹੁੰਦੀ ਹੈ ਤਾਂ ਸੰਬਧਿਤ ਵਾਰਡ ਕੌਂਸਲਰ ਨੂੰ ਸੂਚਿਤ ਤਕ ਨਹੀਂ ਕੀਤਾ ਜਾਂਦਾ। ਮੇਅਰ ਨੇ ਭਰੋਸਾ ਦਿੱਤਾ ਕਿ ਭਵਿੱਖ ’ਚ ਅਜਿਹਾ ਨਹੀਂ ਹੋਵੇਗਾ ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ।
ਕੌਂਸਲਰ ਢੀਂਗਰਾ ਨੇ 62-62 ਮੁੱਦੇ ਦੀ ਕੀਤੀ ਚਰਚਾ
ਭਾਜਪਾ ਕੌਂਸਲਰ ਰਾਜੀਵ ਢੀਂਗਰਾ ਨੇ ਵੀ ਮੇਅਰ ਦੇ 62 ਨੰਬਰ ਵਾਰਡ ਦਾ 62, 62 ਕਹਿ ਕੇ ਮੁੱਦਾ ਉਠਾਇਆ ਤੇ ਕਿਹਾ ਕਿ ਮੇਅਰ ਸਾਹਿਬ ਏਜੰਡਾ ਤੁਹਾਡੇ ਵਾਰਡ ਦਾ ਵਿਕਾਸ ਦੱਸਦਾ ਹੈ ਜਦੋਂਕਿ ਬਾਕੀਆਂ ਵਾਰਡਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਾਸੇ ਅਸੀਂ ਸਾਰੇ ਸ਼ਹਿਰ ਦੇ ਸੁੰਦਰੀਕਰਨ ਤੇ ਵਿਕਾਸ ਦੀ ਗੱਲ ਕਰਦੇ ਹਾਂ ਪਰ ਕੇਵਲ 62 ਨੰਬਰ ਵਾਰਡ ਦੇ ਵਿਕਾਸ ਨਾਲ ਸ਼ਹਿਰ ਦਾ ਸੁੰਦਰੀਕਰਨ ਨਹੀਂ ਹੋ ਸਕਦਾ। ਇਸ ਲਈ ਸਾਰੇ ਵਾਰਡਾਂ ਦੇ ਕੰਮ ਬਰਾਬਰ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ 2027 ’ਚ ਆਮ ਆਦਮੀ ਦੀ ਸਰਕਾਰ ਖਤਮ ਹੋ ਜਾਏਗੀ, ਇਸ ਲਈ ਮੇਅਰ ਵਿਤਕਰਾ ਨਾ ਕਰਨ।
ਨਿਗਮ ਦੀ ਜ਼ਮੀਨ ’ਤੇ ਕੀਤੇ ਜਾ ਰਹੇ ਕਬਜ਼ੇ : ਬੰਟੀ ਨੀਲਕੰਠ
ਕਾਂਗਰਸੀ ਕੌਂਸਲਰ ਬੰਟੀ ਨੀਲਕੰਠ ਨੇ ਕਿਹਾ ਕਿ ਲੋਕਾਂ ਵੱਲੋਂ ਨਗਰ ਨਿਗਮ ਦੀਆਂ ਜ਼ਮੀਨਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ ਤੇ ਨਗਰ ਨਿਗਮ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ 56 ਦੀ ਪੀ ਐਂਡ ਟੀ ਕਾਲੋਨੀ ਦੇ ਪਾਰਕ ਦੀ 18 ਮਰਲੇ ਜ਼ਮੀਨ ’ਤੇ ਕੁਝ ਲੋਕਾਂ ਨੇ ਕਬਜ਼ਾ ਕਰ ਰੱਖਿਆ ਹੈ। ਇਸ ਦੀ ਉਹ ਮੇਅਰ ਤੇ ਕਮਿਸ਼ਨਰ ਸਾਹਿਬ ਨੂੰ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ ਪਰ ਇਸ ’ਤੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਸੁਪਰ-ਸਕਸ਼ਨ ਮਸ਼ੀਨ ਜੋ ਸੀਵਰੇਜ ਦੀ ਗ਼ਾਰ ਖਿੱਚਦੀ ਹੈ, ਉਹ ਗ਼ਾਰ ਕਿੱਥੇ ਸੁੱਟੀ ਜਾਂਦੀ ਹੈ। ਇਸ ’ਤੇ ਮੇਅਰ ਨੇ ਕਿਹਾ ਕਿ ਗ਼ਾਰ ਸੁੱਟਣ ਲਈ ਕਪੂਰਥਲਾ ਰੋਡ, ਰਾਮਾ ਮੰਡੀ ਰੋਡ ਤੇ ਕੈਂਟ ਹਲਕੇ ’ਚ ਡੰਪ ਬਣਾਏ ਹੋਏ ਹਨ।
ਬਿਨਾਂ ਐੱਨਓਸੀ ਦੇ ਹੋ ਰਿਹਾ ਭੁਗਤਾਨ : ਅਮਿਤ ਢੱਲ
ਕੌਂਸਲਰ ਅਮਿਤ ਢੱਲ ਨੇ ਕਿਹਾ ਕਿ ਨਿਗਮ ਦੇ ਅਫਸਰਾਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਕੌਂਸਲਰਾਂ ਤੋਂ ਵਿਕਾਸ ਕੰਮਾਂ ਦੇ ਐੱਨਓਸੀ ਲਏ ਬਿਨਾਂ ਹੀ ਭੁਗਤਾਨ ਕੀਤਾ ਜਾ ਰਿਹਾ ਹੈ, ਜਿਹੜਾ ਕਿ ਗਲਤ ਹੈ। ਇਸ ’ਤੇ ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ’ਚ ਅਜਿਹਾ ਨਹੀਂ ਹੋਣਾ ਚਾਹੀਦਾ ਤੇ ਬਿਨਾਂ ਕੌਂਸਲਰ ਦੀ ਐੱਨਓਸੀ ਤੋਂ ਕੋਈ ਭੁਗਤਾਨ ਨਾ ਕੀਤਾ ਜਾਏ।
ਐੱਸਟੀਪੀ ਦੀ ਸਮਰਥਾ ਵਧਾਈ ਜਾਏ ਤੇ ਨਵੇ ਲਗਾਏ ਜਾਣ : ਬਲਰਾਜ ਠਾਕਰ
ਕਾਂਗਰਸੀ ਕੌਂਸਲਰ ਬਲਰਾਜ ਠਾਕਰ ਨੇ ਪਿਛਲੇ ਬਰਸਾਤ ਦੇ ਦਿਨਾਂ ਦਾ ਹਵਾਲਾ ਦਿੰਦੇ ਹੋਏ ਮਾਡਲ ਟਾਊਨ ਅਬਾਦੀ ਦੇ ਹੜ੍ਹ ਦੀ ਲਪੇਟ ’ਚ ਆਉਣ ਦੀ ਚਰਚਾ ਕਰਦੇ ਹੋਏ ਕਿਹਾ ਕਿ ਫੋਲੜੀਵਾਲ ਦੇ 200 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸਮਰਥਾ ਵਧਾਉਣ ਤੇ ਨਵੇਂ ਐੱਸਡੀਟੀ ਲਾਉਣ ਦਾ ਸੁਝਾਅ ਦਿੱਤਾ ਤੇ ਕਿਹਾ ਕਿ ਫੋਲੜੀਵਾਲ ਐੱਸਟੀਪੀ 80 ਫੀਸਦੀ ਸੀਵਰੇਜ ਦਾ ਪਾਣੀ ਦੀ ਪੰਪਿੰਗ ਕਰਦਾ ਹੈ। ਇਸ ਤੋਂ ਇਲਾਵਾ ਬਸਤੀ ਪੀਰਦਾਦ ਤੇ ਜੈਤੇਵਾਲੀ ਐੱਸਟੀਪੀ ਦੀ ਸਮਰਥਾ ਵੀ ਘੱਟ ਹੈ, ਇਸ ਲਈ ਨਵਾਂ ਐੱਸਟੀਪੀ ਲਗਾਏ ਜਾਣ ਤਾਂ ਜੋ ਭਵਿੱਖ ’ਚ ਅਜਿਹਾ ਨਾ ਹੋ ਸਕੇ। ਉਨ੍ਹਾਂ ਨੇ ਸਟਰੀਟ ਲਾਈਟ ਖਰਾਬ ਹੋਣ ਦੀ ਵੀ ਚਰਚਾ ਕੀਤੀ। ਇਸ ’ਤੇ ਮੇਅਰ ਨੇ ਕਿਹਾ ਕਿ 75 ਹਜ਼ਾਰ ਸਟਰੀਟ ਲਾਈਟ ਦਾ ਠੇਕਾ ਐੱਚਪੀਐੱਲ ਕੰਪਨੀ ਨੂੰ ਦਿੱਤਾ ਗਿਆ ਸੀ ਤੇ ਹੁਣ ਉਸ ਨੂੰ ਸਾਰੇ ਸ਼ਹਿਰ ਦੀਆਂ ਲਾਈਟਾਂ ਠੀਕ ਕਰਨ ਦਾ ਠੇਕਾ ਦੇਣ ਦਾ ਸਮਝੌਤਾ ਹੋ ਗਿਆ ਹੈ, ਜਿਸ ਨੂੰ ਛੇਤੀ ਹੀ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਗੈਰ-ਮਨਜੂਰਸ਼ੁਦਾ ਕਾਲੋਨੀਆਂ ਦੇ ਸੀਵਰੇਜ ਕੁਨੈਕਸ਼ਲ ਦੇਣ ਦਾ ਵੀ ਦੋਸ਼ ਲਾਇਆ।
ਇਨ੍ਹਾਂ ਨੇ ਵੀ ਚਰਚਾ ’ਚ ਲਿਆ ਹਿੱਸਾ
ਨਿਗਮ ਹਾਊਸ ਦੀ ਹੋਈ ਮੀਟਿੰਗ ’ਚ ਡਾ. ਜਸਲੀਨ ਸੇਠੀ, ਤਰਸੇਲ ਲਖੋਤਰਾ, ਕੰਵਰ ਸਰਤਾਜ, ਆਸ਼ਾ ਸ਼ਰਮਾ, ਰਾਜ ਕੁਮਾਰ ਰਾਜੂ, ਗੁਰਨਾਮ ਸਿੰਘ ਮੁਲਤਾਨੀ, ਰਿੰਪੀ ਪ੍ਰਭਾਕਰ, ਰਾਜੇਸ਼ ਠਾਕਰ, ਵਾਲੀਆ, ਰੋਬਿਨਾ ਬਾਬਾ, ਅਮਨਦੀਪ, ਜਤਿਨ ਗੁਲਾਟੀਮ, ਨੀਰਜ ਜੱਸਲ, ਵਿਕਾਸ ਕੁਮਾਰ, ਮਨਜਿੰਦਰ ਕੌਰ, ਨਿਰਮਲ ਕੁਮਾਰ, ਮਨਮੋਹਨ ਸਿੰਘ ਰਾਜੂ, ਮਿੰਟੂ ਜੁਨੇਜਾ, ਮਨਜੂੀਤ ਕੌਰ ਆਦਿ ਨੇ ਹਿੱਸਾ ਲਿਆ। ਇਨ੍ਹਾਂ ਨੇ ਮੇਅਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਦੀ ਸ਼ਲਾਘਾ ਕੀਤੀ।
ਬਾਹਰ ਧਰਨਾ ਅੰਦਰ ਤਾਰੀਫ਼
ਨਗਰ ਨਿਗਮ ’ਚ ਜਿਥੇ ਨਿਗਮ ਦੇ ਜੇਈ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੇ ਖਿਲਾਫ ਬੀਜੇਪੀ ਨੇ ਨਿਗਮ ਹਾਊਸ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਰੈੱਡ ਕਰਾਸ ਭਵਨ ਦੀ ਕੁਝ ਦੂਰੀ ’ਤੇ ਧਰਨਾ ਦਿੱਤਾ, ਉਥੇ ਨਿਗਮ ਹਾਊਸ ਦੀ ਮੀਟਿੰਗ ’ਚ ਭਾਜਪਾ ਤੇ ਕਾਂਗਰਸ ਪਾਰਟੀ ਨੇ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਤਾਰੀਫ ਕੀਤੀ। ਪਾਰਟੀ ਨੇ ਕਿਹਾ ਕਿ ਮੇਅਰ ਸਾਹਿਬ ਨੇ ਥੋੜ੍ਹੇ ਸਮੇਂ ’ਚ ਹੀ ਸ਼ਹਿਰ ਦੀ ਸਫਾਈ ਤੇ ਹੋਰ ਵਿਕਾਸ ਕੰਮ ਤੇਜ਼ੀ ਨਾਲ ਕਰਵਾਏ ਤੇ ਚੱਲ ਰਹੇ ਹਨ ਪਰ ਜਦੋਂ 400 ਕਰੋੜ ਦਾ ਏਜੰਡਾ ਪੇਸ਼ ਕੀਤਾ ਗਿਆ ਤਾਂ ਉਸ ਦੇ ਵਿਰੋਧ ’ਚ ਨਾਅਰੇਬਾਜ਼ੀ ਕੀਤੀ ਗਈ।