ਪੁਲਿਸ ਅਨੁਸਾਰ ਏ.ਐਸ.ਆਈ. ਪਵਨ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਮਾਤਾ ਰਾਣੀ ਚੌਕ ਮੁਕੇਰੀਆਂ ਤੋਂ ਸਰਵਿਸ ਰੋਡ ਰਾਹੀਂ ਹੁੰਦੇ ਹੋਏ ਮੱਕੜ ਹਸਪਤਾਲ ਵੱਲ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਆਰਮੀ ਗਰਾਊਂਡ ਦੇ ਗੇਟ ਕੋਲ ਪਹੁੰਚੀ, ਤਾਂ ਉੱਥੇ ਇੱਕ ਹਰਿਆਣਾ ਨੰਬਰ ਦੀ ਡਸਟਰ ਕਾਰ ਖੜ੍ਹੀ ਦਿਖਾਈ ਦਿੱਤੀ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ, ਨਸ਼ਾ ਕਰਨ ਦਾ ਸਾਮਾਨ ਅਤੇ ਨਸ਼ੇ ਦੀ ਹਾਲਤ ਵਿੱਚ ਘੁੰਮਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਕੇਰੀਆਂ 'ਚ ਡਸਟਰ ਕਾਰ ਸਵਾਰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ
ਮੁਕੇਰੀਆਂ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਇੱਕ ਕਾਰ ਸਵਾਰ ਨੌਜਵਾਨ ਨੂੰ 260 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਮਹਿਲਦੀਪ ਸਿੰਘ ਪੁੱਤਰ ਅਮਰਜੀਤ ਸਿੰਘ, ਵਾਸੀ ਨਿਊ ਕਲੋਨੀ, ਮੁਕੇਰੀਆਂ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਏ.ਐਸ.ਆਈ. ਪਵਨ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਮਾਤਾ ਰਾਣੀ ਚੌਕ ਮੁਕੇਰੀਆਂ ਤੋਂ ਸਰਵਿਸ ਰੋਡ ਰਾਹੀਂ ਹੁੰਦੇ ਹੋਏ ਮੱਕੜ ਹਸਪਤਾਲ ਵੱਲ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਆਰਮੀ ਗਰਾਊਂਡ ਦੇ ਗੇਟ ਕੋਲ ਪਹੁੰਚੀ, ਤਾਂ ਉੱਥੇ ਇੱਕ ਹਰਿਆਣਾ ਨੰਬਰ ਦੀ ਡਸਟਰ ਕਾਰ ਖੜ੍ਹੀ ਦਿਖਾਈ ਦਿੱਤੀ।
ਪੁਲਿਸ ਨੂੰ ਦੇਖ ਕੇ ਕਾਰ ਦੀ ਡਰਾਈਵਰ ਸੀਟ 'ਤੇ ਬੈਠਾ ਮਹਿਲਦੀਪ ਸਿੰਘ ਯਕਦਮ ਖਿੜਕੀ ਖੋਲ੍ਹ ਕੇ ਭੱਜਣ ਲੱਗਾ। ਭੱਜਦੇ ਹੋਏ ਉਸ ਨੇ ਆਪਣੀ ਕੈਪਰੀ ਦੀ ਜੇਬ ਵਿੱਚੋਂ ਇੱਕ ਵਜ਼ਨਦਾਰ ਮੋਮੀ ਲਿਫ਼ਾਫ਼ਾ ਕੱਢ ਕੇ ਜ਼ਮੀਨ 'ਤੇ ਸੁੱਟ ਦਿੱਤਾ। ਪੁਲਿਸ ਨੇ ਦੱਸਿਆ ਕਿ ਮੁਸਤੈਦੀ ਵਰਤਦੇ ਹੋਏ ਮੁਲਜ਼ਮ ਨੂੰ ਮੌਕੇ 'ਤੇ ਹੀ ਦਬੋਚ ਲਿਆ ਗਿਆ। ਜਦੋਂ ਜ਼ਮੀਨ 'ਤੇ ਸੁੱਟੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਸ਼ਿਆਰਪੁਰ ਸ਼ਹਿਰ 'ਚ ਕਾਰ ਪਾਰਕਿੰਗ ਦੀ ਕੰਧ ਓਹਲੇ ਨਸ਼ਾ ਕਰਦਾ ਨੌਜਵਾਨ ਕਾਬੂ
ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਿਸ ਨੇ ਸੈਸ਼ਨ ਚੌਕ ਦੇ ਨਜ਼ਦੀਕ ਇੱਕ ਨੌਜਵਾਨ ਨੂੰ ਕਥਿਤ ਤੌਰ 'ਤੇ ਸਰੇਆਮ ਨਸ਼ਾ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨ ਦੀ ਪਛਾਣ ਮਨਦੀਪ ਪੁੱਤਰ ਮੁਹਿੰਦਰਪਾਲ, ਵਾਸੀ ਮੁਹੱਲਾ ਪ੍ਰੇਮਗੜ੍ਹ, ਹੁਸ਼ਿਆਰਪੁਰ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਐਸ.ਆਈ. ਹਰਦੀਪ ਸਿੰਘ ਸਮੇਤ ਪੁਲਿਸ ਮੁਲਾਜ਼ਮਾਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪ੍ਰਾਈਵੇਟ ਵਾਹਨ 'ਤੇ ਸਵਾਰ ਹੋ ਕੇ ਲੇਬਰ ਸ਼ੈਡ ਦੇ ਪਿੱਛੇ ਕਾਰ ਪਾਰਕਿੰਗ ਰਾਹੀਂ ਸੈਸ਼ਨ ਚੌਕ ਵੱਲ ਜਾ ਰਹੇ ਸਨ। ਇਸੇ ਦੌਰਾਨ ਪਾਰਕਿੰਗ ਦੀ ਕੰਧ ਦੇ ਓਹਲੇ ਮਨਦੀਪ ਸ਼ੱਕੀ ਹਾਲਤ ਵਿੱਚ ਬੈਠਾ ਦਿਖਾਈ ਦਿੱਤਾ।
ਜਦੋਂ ਪੁਲਿਸ ਨੇ ਨੇੜੇ ਜਾ ਕੇ ਦੇਖਿਆ ਤਾਂ ਮਨਦੀਪ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ ਲਾਇਟਰ, ਇੱਕ ਪੰਨੀ (ਜਿਸ ਉੱਪਰ ਨਸ਼ੀਲਾ ਪਦਾਰਥ ਲੱਗਾ ਹੋਇਆ ਸੀ) ਅਤੇ ਨਸ਼ਾ ਖਿੱਚਣ ਲਈ ਵਰਤਿਆ ਗਿਆ 10 ਰੁਪਏ ਦਾ ਰੋਲ ਕੀਤਾ ਹੋਇਆ ਨੋਟ ਬਰਾਮਦ ਹੋਇਆ।
ਮੇਹਟੀਆਣਾ ਵਿਖੇ ਮੁਖ਼ਬਰੀ ਦੇ ਆਧਾਰ 'ਤੇ ਨਸ਼ੇੜੀ ਨੌਜਵਾਨ ਗ੍ਰਿਫ਼ਤਾਰ, ਡੋਪ ਟੈਸਟ ਆਇਆ ਪਾਜ਼ੇਟਿਵ
ਥਾਣਾ ਮੇਹਟੀਆਣਾ ਦੀ ਪੁਲਿਸ ਨੇ ਇੱਕ ਮੁਖ਼ਬਰ ਦੀ ਇਤਲਾਹ 'ਤੇ ਕਾਰਵਾਈ ਕਰਦਿਆਂ ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਪਨ ਕੁਮਾਰ ਉਰਫ਼ ਬੂਟੀ ਪੁੱਤਰ ਗੁਰਨਾਮ ਦਾਸ, ਵਾਸੀ ਪਿੰਡ ਮੇਹਟੀਆਣਾ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਏ.ਐਸ.ਆਈ. ਓਂਕਾਰ ਸਿੰਘ ਆਪਣੀ ਟੀਮ ਸਮੇਤ ਪ੍ਰਾਈਵੇਟ ਵਾਹਨ 'ਤੇ ਸ਼ੱਕੀ ਲੋਕਾਂ ਦੀ ਚੈਕਿੰਗ ਲਈ ਪਿੰਡ ਸਿੰਬਲੀ ਤੋਂ ਫੁਗਲਾਣਾ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਅੱਡਾ ਮੇਹਟੀਆਣਾ ਕੋਲ ਪਹੁੰਚੀ, ਤਾਂ ਇੱਕ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਵਿਪਨ ਕੁਮਾਰ, ਜੋ ਕਿ ਕਥਿਤ ਤੌਰ ’ਤੇ ਨਸ਼ੇ ਕਰਨ ਦਾ ਆਦਿ ਹੈ, ਇਸ ਵੇਲੇ ਖਨੌੜਾ ਰੋਡ (ਇੱਟਾਂ ਵਾਲੀ ਸੜਕ) 'ਤੇ ਗੁਜਰਾਂ ਦੇ ਡੇਰੇ ਦੇ ਪਿੱਛੇ ਨਸ਼ੇ ਦੀ ਹਾਲਤ ਵਿੱਚ ਘੁੰਮ ਰਿਹਾ ਹੈ।
ਮੁਖ਼ਬਰ ਦੀ ਸੂਚਨਾ ਨੂੰ ਪੁਖ਼ਤਾ ਮੰਨਦਿਆਂ ਪੁਲਿਸ ਨੇ ਦੱਸੀ ਹੋਈ ਜਗ੍ਹਾ 'ਤੇ ਰੇਡ ਕੀਤੀ ਅਤੇ ਉੱਥੇ ਨਸ਼ੇ ਦੀ ਲੋਰ ਵਿੱਚ ਘੁੰਮ ਰਹੇ ਵਿਪਨ ਕੁਮਾਰ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਡਾਕਟਰੀ ਜਾਂਚ ਲਈ ਉਸ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੇ ਉਸ ਦਾ ਡੋਪ ਟੈਸਟ ਕਰਵਾਇਆ ਗਿਆ।
ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ ਗਏ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ।