ਪੁਲਿਸ ਅਨੁਸਾਰ, ਏ.ਐਸ.ਆਈ. ਕਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਪ੍ਰਾਈਵੇਟ ਵਾਹਨ 'ਤੇ ਚੈਕਿੰਗ ਲਈ ਨਿਕਲੀ ਹੋਈ ਸੀ। ਇਸੇ ਦੌਰਾਨ ਇੱਕ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਉਕਤ ਚਾਰੋਂ ਨੌਜਵਾਨ ਕਥਿਤ ਤੌਰ ’ਤੇ ਨਸ਼ੇ ਦੇ ਆਦੀ ਹਨ ਅਤੇ ਇਸ ਵੇਲੇ ਮੋਨਾ ਕਲਾਂ ਦੀ ਫੁੱਟਬਾਲ ਗਰਾਊਂਡ ਨੇੜੇ ਬਡਲਾ ਬੰਨ੍ਹ 'ਤੇ ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਹਨ।

ਪੰਜਾਬੀ ਜਾਗਰਣ ਰਿਪੋਰਟਰ, ਹੁ਼ਸ਼ਿਆਰਪੁਰ : ਜ਼ਿਲ੍ਹੇ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਟਾਂਡਾ ਅਤੇ ਮੇਹਟੀਆਣਾ ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਪੰਜ ਵਿਅਕਤੀਆਂ ਨੂੰ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਕਾਬੂ ਕੀਤਾ ਹੈ।
ਪਰਾਲੀ ਦੇ ਡੰਪ ਕੋਲ ਨਸ਼ੀਲੀਆਂ ਗੋਲੀਆਂ ਸੁੱਟਣ ਵਾਲਾ ਕਾਬੂ
ਪੁਲਿਸ ਮੁਤਾਬਕ, ਟਾਂਡਾ ਪੁਲਿਸ ਨੇ ਗਸ਼ਤ ਦੌਰਾਨ ਪਿੰਡ ਬਸਤੀ ਬੋਹੜਾਂ ਨੇੜੇ ਇੱਕ ਨੌਜਵਾਨ ਨੂੰ 45 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਡਿੰਪਲਪਾਲ ਉਰਫ ਡਿੰਪੀ ਪੁੱਤਰ ਜਗਤ ਰਾਮ ਵਾਸੀ ਪਿੰਡ ਖਰਲ਼ ਖੁਰਦ ਵਜੋਂ ਹੋਈ ਹੈ।
ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਮੁਲਜ਼ਮ
ਏ.ਐਸ.ਆਈ. ਲੋਕ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਬਸਤੀ ਬੋਹੜਾਂ ਤੋਂ ਪਿੰਡ ਮਿਆਣੀ ਨੂੰ ਜਾ ਰਹੇ ਕੱਚੇ ਰਸਤੇ 'ਤੇ ਮੌਜੂਦ ਸੀ, ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਡਿੰਪਲਪਾਲ ਪੁਲਿਸ ਨੂੰ ਦੇਖ ਕੇ ਇਕਦਮ ਘਬਰਾ ਗਿਆ ਅਤੇ ਬਚਣ ਲਈ ਤੇਜ਼ ਕਦਮਾਂ ਨਾਲ ਨੇੜੇ ਬਣੇ ਪਰਾਲੀ ਦੇ ਡੰਪ ਵੱਲ ਮੁੜ ਗਿਆ।
ਜੇਬ 'ਚੋਂ ਲਿਫਾਫਾ ਕੱਢ ਕੇ ਸੁੱਟਿਆ
ਪੁਲਿਸ ਨੇ ਦੋਸ਼ ਲਾਇਆ ਹੈ ਕਿ ਪੁਲਿਸ ਪਾਰਟੀ ਦੇ ਦੇਖਦੇ-ਦੇਖਦੇ ਹੀ ਡਿੰਪਲਪਾਲ ਨੇ ਆਪਣੇ ਪਜਾਮੇ ਦੀ ਸੱਜੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਵਜ਼ਨਦਾਰ ਮੋਮੀ ਲਿਫਾਫਾ ਕੱਢ ਕੇ ਪਰਾਲੀ ਦੇ ਢੇਰ ਕੋਲ ਸੁੱਟ ਦਿੱਤਾ। ਮੁਸਤੈਦੀ ਦਿਖਾਉਂਦੇ ਹੋਏ ਪੁਲਿਸ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਜਦੋਂ ਸੁੱਟੇ ਹੋਏ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਕਥਿਤ ਤੌਰ ’ਤੇ 45 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਟਾਂਡਾ ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫੁੱਟਬਾਲ ਗਰਾਊਂਡ ਨੇੜੇ ਨਸ਼ੇ ਦੀ ਹਾਲਤ 'ਚ ਘੁੰਮਦੇ 4 ਨੌਜਵਾਨ ਗ੍ਰਿਫਤਾਰ
ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਚਾਰ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜੋ ਨਸ਼ੇ ਦੀ ਹਾਲਤ ਵਿੱਚ ਜਨਤਕ ਥਾਂ 'ਤੇ ਮੌਜੂਦ ਸਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਬੋਧ ਕੁਮਾਰ (21) ਤੇ ਕਰਨ ਕੁਮਾਰ (35), ਦੋਵੇਂ ਵਾਸੀ ਪਿੰਡ ਮੋਨਾ ਕਲਾਂ, ਪ੍ਰਵੀਨ ਕੁਮਾਰ (33) ਵਾਸੀ ਪਿੰਡ ਤਨੂੰਲੀ ਅਤੇ ਅਸ਼ੋਕ ਕੁਮਾਰ (40) ਵਾਸੀ ਪਿੰਡ ਅਹਿਰਾਣਾ ਖੁਰਦ ਵਜੋਂ ਹੋਈ ਹੈ।
ਮੁਖ਼ਬਰ ਦੀ ਸੂਚਨਾ 'ਤੇ ਹੋਈ ਛਾਪੇਮਾਰੀ
ਪੁਲਿਸ ਅਨੁਸਾਰ, ਏ.ਐਸ.ਆਈ. ਕਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਪ੍ਰਾਈਵੇਟ ਵਾਹਨ 'ਤੇ ਚੈਕਿੰਗ ਲਈ ਨਿਕਲੀ ਹੋਈ ਸੀ। ਇਸੇ ਦੌਰਾਨ ਇੱਕ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਉਕਤ ਚਾਰੋਂ ਨੌਜਵਾਨ ਕਥਿਤ ਤੌਰ ’ਤੇ ਨਸ਼ੇ ਦੇ ਆਦੀ ਹਨ ਅਤੇ ਇਸ ਵੇਲੇ ਮੋਨਾ ਕਲਾਂ ਦੀ ਫੁੱਟਬਾਲ ਗਰਾਊਂਡ ਨੇੜੇ ਬਡਲਾ ਬੰਨ੍ਹ 'ਤੇ ਨਸ਼ੇ ਦੀ ਹਾਲਤ ਵਿੱਚ ਘੁੰਮ ਰਹੇ ਹਨ।
ਡੋਪ ਟੈਸਟ ਵਿੱਚ ਹੋਈ ਨਸ਼ੇ ਦੀ ਪੁਸ਼ਟੀ
ਪੁਲਿਸ ਨੇ ਦੱਸਿਆ ਕਿ ਜਦੋਂ ਟੀਮ ਨੇ ਦੱਸੀ ਹੋਈ ਜਗ੍ਹਾ 'ਤੇ ਦਸਤਕ ਦਿੱਤੀ ਤਾਂ ਚਾਰੋਂ ਨੌਜਵਾਨ ਉੱਥੇ ਮੌਜੂਦ ਪਾਏ ਗਏ। ਪੁਲਿਸ ਵੱਲੋਂ ਉਨ੍ਹਾਂ ਨੂੰ ਕਾਬੂ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ। ਪੁਲਿਸ ਨੇ ਦੋਸ਼ ਲਾਇਆ ਕਿ ਸਾਰਿਆਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਥਾਣਾ ਮੇਹਟੀਆਣਾ ਵਿਖੇ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।