ਫਿਲੌਰ ਹਾਈਵੇਅ ’ਤੇ ਭਿਆਨਕ ਹਾਦਸਾ: ਖੜ੍ਹੇ ਟਿੱਪਰ 'ਚ ਵੱਜੀ ਕਾਰ, ਨੂੰਹ ਦੀ ਮੌਤ, ਸੱਸ ਤੇ ਡਰਾਈਵਰ ਗੰਭੀਰ ਜ਼ਖ਼ਮੀ
ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਈਵੇਅ 'ਤੇ ਇੱਕ ਟਿੱਪਰ ਖੜ੍ਹਾ ਸੀ, ਜਿਸ ਵਿੱਚ ਪਿੱਛੇ ਤੋਂ ਆ ਰਹੀ ਇੱਕ ਕਾਰ ਜ਼ੋਰਦਾਰ ਤਰੀਕੇ ਨਾਲ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਪਿਆ ਸਾਰਾ ਸਾਮਾਨ ਸੜਕ 'ਤੇ ਖਿੱਲਰ ਗਿਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
Publish Date: Mon, 20 Apr 2026 02:17 PM (IST)
Updated Date: Mon, 20 Apr 2026 02:19 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ: ਲੁਧਿਆਣਾ-ਜਲੰਧਰ ਰਾਸ਼ਟਰੀ ਮਾਰਗ 'ਤੇ ਫਿਲੌਰ ਦੇ ਨਾਮਧਾਰੀ ਢਾਬੇ ਨੇੜੇ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਈਵੇਅ 'ਤੇ ਖੜ੍ਹੇ ਇੱਕ ਟਿੱਪਰ ਵਿੱਚ ਤੇਜ਼ ਰਫ਼ਤਾਰ ਕਾਰ ਦੇ ਟਕਰਾਉਣ ਕਾਰਨ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਔਰਤ ਅਤੇ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਈਵੇਅ 'ਤੇ ਇੱਕ ਟਿੱਪਰ ਖੜ੍ਹਾ ਸੀ, ਜਿਸ ਵਿੱਚ ਪਿੱਛੇ ਤੋਂ ਆ ਰਹੀ ਇੱਕ ਕਾਰ ਜ਼ੋਰਦਾਰ ਤਰੀਕੇ ਨਾਲ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਪਿਆ ਸਾਰਾ ਸਾਮਾਨ ਸੜਕ 'ਤੇ ਖਿੱਲਰ ਗਿਆ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਜ਼ਖ਼ਮੀ ਹੋਈ ਔਰਤ ਰਾਜਵਿੰਦਰ ਕੌਰ ਪਤਨੀ ਭੁਪਿੰਦਰ ਸਿੰਘ (ਵਾਸੀ ਪਿੰਡ ਚੱਕ ਮਹਿਮਾਨ, ਗੁਰਦਾਸਪੁਰ) ਨੇ ਦੱਸਿਆ ਕਿ ਉਹ ਡੇਰਾ ਬਾਬਾ ਨਾਨਕ ਤੋਂ ਆਪਣੀ ਨੂੰਹ ਨੂੰ ਮਿਲਣ ਲਈ ਲੁਧਿਆਣਾ ਜਾ ਰਹੇ ਸਨ। ਉਨ੍ਹਾਂ ਦੀ ਨੂੰਹ ਨੇ ਲੁਧਿਆਣਾ ਤੋਂ ਵਿਦੇਸ਼ ਵਿੱਚ ਰਹਿੰਦੇ ਆਪਣੇ ਪਤੀ (ਰਾਜਵਿੰਦਰ ਕੌਰ ਦੇ ਬੇਟੇ) ਕੋਲ ਜਾਣਾ ਸੀ। ਪਰ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ।
ਮ੍ਰਿਤਕ: ਸਿਮਰਨਜੀਤ ਕੌਰ ਪਤਨੀ ਰਣਜੋਧ ਸਿੰਘ (ਵਾਸੀ ਚੱਕ ਮਹਿਮਾਨ, ਗੁਰਦਾਸਪੁਰ)।
ਜ਼ਖ਼ਮੀ: ਰਾਜਵਿੰਦਰ ਕੌਰ ਅਤੇ ਕਾਰ ਡਰਾਈਵਰ ਸਿਮਰਨਜੀਤ ਸਿੰਘ ਪੁੱਤਰ ਹੀਰਾਂ ਸਿੰਘ (ਵਾਸੀ ਬਟਾਲਾ)।
ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਨਿੱਜੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਥਾਣਾ ਫਿਲੌਰ ਦੇ ਡਿਊਟੀ ਅਫ਼ਸਰ ਵਿਜੈ ਕੁਮਾਰ ਨੂੰ ਦੇ ਦਿੱਤੀ ਗਈ ਹੈ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।