ਧੁੰਦ ਕਾਰਨ ਟਰੱਕ ਰੇਲਵੇ ਫਾਟਕ ਨਾਲ ਟਕਰਾਇਆ, ਜਾਨੀ ਨੁਕਸਾਨ ਤੋਂ ਬਚਾਅ
ਨੂਰਮਹਿਲ ਰੋਡ ਹਰੀਪੁਰ ਫਾਟਕ ’ਤੇ ਧੁੰਦ ਕਾਰਨ ਭਿਆਨਕ ਹਾਦਸਾ
Publish Date: Wed, 31 Dec 2025 08:18 PM (IST)
Updated Date: Wed, 31 Dec 2025 08:20 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਬਿਲਗਾ/ਨੂਰਮਹਿਲ : ਨੂਰਮਹਿਲ ਰੋਡ ਸਥਿਤ ਹਰੀਪੁਰ ਰੇਲਵੇ ਫਾਟਕ ’ਤੇ ਵੱਧ ਧੁੰਦ ਹੋਣ ਕਾਰਨ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਨਕੋਦਰ ਤੋਂ ਗਾਜਰਾਂ ਦੀਆਂ ਬੋਰੀਆਂ ਨਾਲ ਭਰਿਆ ਇਕ ਟਰੱਕ ਦਿੱਲੀ ਵੱਲ ਜਾ ਰਿਹਾ ਸੀ ਕਿ ਧੁੰਦ ਕਾਰਨ ਫਾਟਕ ’ਤੇ ਬਰੇਕ ਨਾ ਲੱਗਣ ਨਾਲ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਤੇ ਰੇਲਵੇ ਫਾਟਕ ’ਤੇ ਬਣੇ ਕਮਰੇ ਨਾਲ ਜਾ ਟਕਰਾਇਆ। ਟਰੱਕ ਡਰਾਈਵਰ ਮਹੇਸ਼ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਿਆ। ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਟਰੱਕ ਤੇ ਰੇਲਵੇ ਕਮਰੇ ਨੂੰ ਕਾਫ਼ੀ ਨੁਕਸਾਨ ਪੁੱਜਾ। ਹਾਦਸੇ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਜਾਮ ਰਿਹਾ। ਸੂਚਨਾ ਮਿਲਦਿਆਂ ਹੀ ਰੇਲਵੇ ਮੁਲਾਜ਼ਮ ਮੌਕੇ ’ਤੇ ਪੁੱਜੇ ਤੇ ਟਰੱਕ ਨੂੰ ਸੜਕ ਕੰਢੇ ਕਰਵਾਇਆ ਗਿਆ, ਜਿਸ ਤੋਂ ਬਾਅਦ ਆਵਾਜਾਈ ਮੁੜ ਬਹਾਲ ਕਰ ਦਿੱਤੀ ਗਈ। ਘਟਨਾ ਸਬੰਧੀ ਅਗਲੀ ਜਾਂਚ ਜਾਰੀ ਹੈ।