ਖ਼ਾਲਸਾ ਕਾਲਜ ਫਾਰ ਵੂਮੈਨ ਦੀ ਹਾਕੀ ਟੀਮ ਸਨਮਾਨਿਤ
ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਹਾਕੀ ਟੀਮ ਨੂੰ ਕੀਤਾ ਸਨਮਾਨਿਤ
Publish Date: Tue, 18 Nov 2025 08:10 PM (IST)
Updated Date: Tue, 18 Nov 2025 08:13 PM (IST)

-ਜੀਐੱਨਡੀਯੂ ਦੇ ਅੰਤਰ ਕਾਲਜ ਹਾਕੀ ਮੁਕਾਬਲਿਆਂ ’ਚ ਦੂਜਾ ਸਥਾਨ ਹਾਸਲ ਕੀਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਮਹਿਲਾ ਹਾਕੀ ’ਚ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਮਹਿਲਾ ਹਾਕੀ ਟੀਮ, ਜਿਸ ਨੇ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਅੰਤਰ ਕਾਲਜ ਹਾਕੀ ਮੁਕਾਬਲਿਆਂ ’ਚ ਦੂਜਾ ਸਥਾਨ ਹਾਸਲ ਕੀਤਾ, ਨੂੰ ਕਾਲਜ ਦੀ ਪ੍ਰਿੰਸੀਪਲ ਸਰਬਜੀਤ ਕੌਰ ਰਾਏ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਨ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਾਕੀ ਖਿਡਾਰਣਾਂ ਸੰਸਥਾ ਦਾ ਮਾਣ ਹਨ ਤੇ ਆਸ ਪ੍ਰਗਟਾਈ ਕਿ ਹਾਕੀ ਖਿਡਾਰਣਾਂ ਆਉਣ ਵਾਲੇ ਸਮੇਂ ’ਚ ਹੋਰਟ ਵੀ ਮੱਲਾਂ ਮਾਰਨਗੀਆਂ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੁੱਖੀ ਬੀਬੀ ਬਲਬੀਰ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਖਿਡਾਰਣਾਂ ਨੂੰ ਕਾਲਜ ਵੱਲੋਂ ਮੁਫਤ ਵਿੱਦਿਆ, ਮੁਫਤ ਹੋਸਟਲ ਦੀ ਸਹੂਲਤ ਤੇ ਮੁਫਤ ਕੋਚਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ’ਤੇ ਇਨ੍ਹਾਂ ਹਾਕੀ ਖਿਡਾਰਣਾਂ ਨੇ ਮੈਨੇਜਿੰਗ ਕਮੇਟੀ ਦੀ ਮੁਖੀ ਬੀਬੀ ਬਲਬੀਰ ਕੌਰ ਤੇ ਕਾਲਜ ਪ੍ਰਿੰਸੀਪਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਕਿ ਇਨ੍ਹਾਂ ਗਰੀਬ ਪਰਿਵਾਰਾਂ ਨਾਲ ਸਬੰਧਤ ਖਿਡਾਰਣਾਂ ਨੂੰ ਖੇਡ ਨਿਖਾਰਣ ਦਾ ਅਹਿਮ ਮੌਕਾ ਦਿੱਤਾ ਗਿਆ ਹੈ। ਕਾਲਜ ਪ੍ਰਿੰਸੀਪਲ ਸਰਬਜੀਤ ਕੌਰ ਰਾਏ ਨੇ ਦੱਸਿਆ ਕਿ ਕਾਲਜ ਦੀ ਇਸ ਟੀਮ ਨੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ 8-0 ਨਾਲ, ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ ਨੂੰ 9-0 ਨਾਲ ਹਰਾਇਆ ਜਦਕਿ ਆਖਰੀ ਮੈਚ ’ਚ ਸਖਤ ਮੁਕਾਬਲੇ ਮਗਰੋਂ ਗੁਰੁ ਨਾਨਕ ਦੇਵ ਯੂਨੀਵਰਸਟੀ ਕੈਂਪਸ ਅੰਮ੍ਰਿਤਸਰ ਦੀ ਟੀਮ ਤੋਂ 2-1 ਨਾਲ ਹਾਰ ਗਈ ਤੇ ਦੂਜੇ ਸਥਾਨ ’ਤੇ ਰਹੀ।