ਐੱਚਐੱਮਵੀ ’ਚ ਦਿਸੀ ਸੱਭਿਆਚਾਰ ਦੀ ਝਲਕ
ਐੱਚਐੱਮਵੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਕਰਵਾਈ ਲੋਕ ਕਲਾ ਪ੍ਰਦਰਸ਼ਨੀ ’ਚ ਹਿੱਸਾ ਲਿਆ
Publish Date: Wed, 26 Nov 2025 04:19 PM (IST)
Updated Date: Wed, 26 Nov 2025 04:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਮੌਕੇ ‘ਸਾਡਾ ਵਿਰਸਾ ਸਾਡਾ ਮਾਣ’ ਲੋਕ ਕਲਾ ਪ੍ਰਦਰਸ਼ਨੀ ’ਚ ਹਿੱਸਾ ਲਿਆ। ਪੀਜੀ ਪੰਜਾਬੀ ਵਿਭਾਗ ਮੁਖੀ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਇਸ ਪ੍ਰਦਰਸ਼ਨੀ ’ਚ ਹਿੱਸਾ ਲਿਆ। ਇਸ ਮੌਕੇ ’ਤੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਡੀਨ ਕਾਲਜਾਂ ਡਾ. ਸਰੋਜ ਤੇ ਹੋਰ ਉੱਚ ਅਧਿਕਾਰੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋ. ਕੁਲਜੀਤ ਕੌਰ, ਇੰਚਾਰਜ ਵਿਰਸਾ ਵਿਹਾਰ ਅੰਮੜੀ ਦਾ ਵਿਹੜਾ ਦੀ ਅਗਵਾਈ ਨਾਲ ਸੰਸਥਾ ਦੀਆਂ ਵਿਦਿਆਰਥਣਾਂ ਨੇ ਲੋਕ ਕਲਾਵਾਂ ਦਾ ਸਫਲ ਪ੍ਰਦਰਸ਼ਨ ਕੀਤਾ। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਐੱਚਐੱਮਵੀ ਦੀਆਂ ਵਿਦਿਆਰਥਣਾਂ ਦੇ ਉੱਤਮ ਪ੍ਰਦਰਸ਼ਨ ਲਈ ਹੌਂਸਲਾ ਅਫਜ਼ਾਈ ਕੀਤੀ। ਪ੍ਰਿੰਸੀਪਲ ਪ੍ਰੋ. ਏਕਤਾ ਖੋਸਲਾ ਉਚੇਚੇ ਤੌਰ ’ਤੇ ਇਸ ਪ੍ਰਦਰਸ਼ਨੀ ’ਚ ਸ਼ਾਮਲ ਰਹੇ। ਉਨ੍ਹਾਂ ਨੇ ਵਿਸਰ ਰਹੀਆਂ ਲੋਕ ਕਲਾਵਾਂ ਤੇ ਸੱਭਿਆਚਾਰ ਨੂੰ ਪੁਨਰ ਸੁਰਜੀਤ ਕਰਨ ਲਈ ਯੂਨੀਵਰਸਿਟੀ ਦੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਜਿੱਥੇ ਅਜੋਕੀ ਪੀੜ੍ਹੀ ’ਚ ਸੱਭਿਆਚਾਰ ਪ੍ਰਤੀ ਮੋਹ ਨੂੰ ਪੈਦਾ ਕਰਦੇ ਹਨ, ਉੱਥੇ ਆਪਣੇ ਵਿਰਸੇ ਤੇ ਵਿਰਾਸਤ ਨੂੰ ਸੰਭਾਲਣ ਲਈ ਵੀ ਪ੍ਰੇਰਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਐੱਚਐੱਮਵੀ ਸੰਸਥਾ ’ਚ ‘ਅੰਮੜੀ ਦਾ ਵਿਹੜਾ’ ਨਾਮ ਹੇਠ ਵਿਰਾਸਤ ਕੇਂਦਰ ਸਥਾਪਿਤ ਹੈ, ਜਿਸ ’ਚ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਪ੍ਰਦਰਸ਼ਨੀ ਦੌਰਾਨ ਲੋਕ ਕਲਾਵਾਂ, ਲੋਕ ਨਾਚ ਤੇ ਲੋਕ ਸਾਜ਼ਾਂ ਦੀ ਵਰਤੋਂ ਤੇ ਵਿਵਹਾਰ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਵਿਦਿਆਰਥਣਾਂ ਵੱਲੋਂ ਉਤਸ਼ਾਹ ਭਰਪੂਰ ਪੇਸ਼ਕਾਰੀ ਕੀਤੀ ਗਈ, ਉੱਥੇ ਲੋਕਾਂ ’ਚ ਵਿਰਸੇ ਦੀ ਪਛਾਣ ਪ੍ਰਤੀ ਨਵਾਂ ਜੋਸ਼ ਤੇ ਉੱਤਮ ਪੈਦਾ ਹੋਇਆ। ਇਸ ਮੌਕੇ ਪ੍ਰੋ. ਸਤਿੰਦਰ ਕੌਰ, ਡਾ. ਮਨਦੀਪ ਕੌਰ, ਹਰਪ੍ਰੀਤ ਸਿੰਘ ਤੇ ਸੁਖਵਿੰਦਰ ਕੌਰ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਵਿਭਾਗ ਤੋਂ ਡਾ. ਮਨਜਿੰਦਰ ਸਿੰਘ, ਮੁਖੀ ਪੰਜਾਬੀ ਅਧਿਐਨ ਵਿਭਾਗ ਤੇ ਡਾ. ਬਲਜੀਤ ਕੌਰ ਰਿਆੜ ਮੌਜੂਦ ਰਹੇ।