ਸਥਾਨਕ ਸਰਕਾਰਾਂ ਮੰਤਰੀ ਤੇ ਨਿਗਮ ਕਮਿਸ਼ਨਰ ਨੂੰ ਨੋਟਿਸ
ਬਾਂਸਲ ਸਵੀਟਸ ਦੀ ਬਿਲਡਿੰਗ ਮਾਮਲੇ ’ਚ ਸਥਾਨਕ ਸਰਕਾਰਾਂ ਮੰਤਰੀ ਤੇ ਨਗਰ ਨਿਗਮ ਕਮਿਸ਼ਨਰ ਨੂੰ ਹਾਈ ਕੋਰਟ ਦਾ ਨੋਟਿਸ
Publish Date: Wed, 03 Dec 2025 11:49 PM (IST)
Updated Date: Wed, 03 Dec 2025 11:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਵੀਂ ਜਵਾਹਰ ਨਗਰ ਸਥਿਤ ਬਾਂਸਲ ਸਵੀਟਸ ਦੀ ਬਿਲਡਿੰਗ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਇਲਾਕਾ ਨਿਵਾਸੀ ਰਾਜਵਿੰਦਰ ਸਿੰਘ ਭੱਲਾ ਦੀ ਪਟੀਸ਼ਨ ’ਤੇ ਹਾਈ ਕੋਰਟ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਾ ਸੋਂਧੀ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਨੋਟਿਸ ਜਾਰੀ ਕੀਤਾ ਹੈ। ਰਾਜਵਿੰਦਰ ਸਿੰਘ ਭੱਲਾ ਦਾ ਦੋਸ਼ ਹੈ ਕਿ ਨਵੀਂ ਜਵਾਹਰ ਨਗਰ ’ਚ ਬਿਲਡਿੰਗ ਨੰਬਰ 569-570 ’ਚ ਬਾਂਸਲ ਸਵੀਟਸ ਦੀ ਨਵੀਂ ਦੁਕਾਨ ਗਲਤ ਤਰੀਕੇ ਨਾਲ ਬਣਾਈ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਬਿਲਡਿੰਗ ਮਾਲਕ ਨੇ ਸੜਕ ’ਤੇ ਕਬਜ਼ਾ ਕੀਤਾ ਹੋਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਰਾਜਵਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਨਗਰ ਨਿਗਮ ਅਧਿਕਾਰੀਆਂ ਦੇ ਸਾਹਮਣੇ ਰੱਖਿਆ ਸੀ ਪਰ ਕਿਸੇ ਨੇ ਵੀ ਇਸ ’ਤੇ ਕਾਰਵਾਈ ਨਹੀਂ ਕੀਤੀ। ਇਸ ਕਰਕੇ ਅਦਾਲਤ ਦੀ ਸ਼ਰਨ ਲਈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਤਿੰਨ ਹਫ਼ਤਿਆਂ ’ਚ ਨਗਰ ਨਿਗਮ ਨੂੰ ਜਵਾਬ ਦੇਣ ਲਈ ਕਿਹਾ ਸੀ ਪਰ ਨਿਗਮ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਕਾਰਨ ਉਨ੍ਹਾਂ ਨੇ ਅਦਾਲਤ ਦੀ ਉਲੰਘਣਾ ਦਾ ਕੇਸ ਵੀ ਦਰਜ ਕਰ ਦਿੱਤਾ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 18 ਦਸੰਬਰ 2025 ਨੂੰ ਹੋਵੇਗੀ।