ਗਣਤੰਤਰ ਦਿਵਸ ਨੂੰ ਲੈ ਕੇ ਜਲੰਧਰ ’ਚ ਹਾਈ ਅਲਰਟ, ਸ਼ਹਿਰ ’ਚ ਸੁਰੱਖਿਆ ਚਾਕ-ਚੌਬੰਦ

-40 ਤੋਂ ਵੱਧ ਨਾਕੇ ਲੱਗਣਗੇ, 2000 ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ, ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਤਿੰਨ-ਪੱਧਰੀ ਸੁਰੱਖਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਣਤੰਤਰ ਦਿਵਸ ਦੇ ਮੱਦੇਨਜ਼ਰ ਜਲੰਧਰ ’ਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਕਿਸੇ ਵੀ ਕਿਸਮ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਤੇ ਰਾਸ਼ਟਰੀ ਤਿਉਹਾਰ ਨੂੰ ਸ਼ਾਂਤਮਈ ਢੰਗ ਨਾਲ ਸੰਪੰਨ ਕਰਨ ਲਈ ਜਲੰਧਰ ਪੁਲਿਸ ਵੱਲੋਂ ਬਹੁ-ਪੱਧਰੀ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ। ਸ਼ਨਿਚਰਵਾਰ, ਐਤਵਾਰ ਤੇ ਸੋਮਵਾਰ ਨੂੰ ਸ਼ਹਿਰ ਭਰ ’ਚ ਹਾਈ ਅਲਰਟ ਰਹੇਗਾ ਤੇ ਸੰਵੇਦਨਸ਼ੀਲ ਇਲਾਕਿਆਂ ਦੇ ਨਾਲ-ਨਾਲ ਮੁੱਖ ਦਾਖ਼ਲਾ ਮਾਰਗਾਂ ’ਤੇ ਸਖ਼ਤ ਨਿਗਰਾਨੀ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਅਨੁਸਾਰ, ਜਲੰਧਰ ਸ਼ਹਿਰ ’ਚ ਕਰੀਬ 40 ਤੋਂ ਵੱਧ ਨਾਕੇ ਲਾਏ ਜਾ ਰਹੇ ਹਨ। ਇਨ੍ਹਾਂ ਨਾਕਿਆਂ ’ਤੇ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਡੂੰਘੀ ਜਾਂਚ ਕੀਤੀ ਜਾਵੇਗੀ ਤੇ ਸ਼ੱਕੀਆਂ ਨਾਲ ਪੁੱਛਗਿੱਛ ਵੀ ਹੋਵੇਗੀ। ਖ਼ਾਸ ਕਰਕੇ ਬਾਹਰੀ ਸੂਬਿਆਂ ਤੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਵਾਹਨਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਜਾਂਚ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ।
------------------------
2000 ਪੁਲਿਸ ਮੁਲਾਜ਼ਮਾਂ ਦੇ ਮੋਢਿਆਂ ’ਤੇ ਸੁਰੱਖਿਆ ਦੀ ਜ਼ਿੰਮੇਵਾਰੀ
ਇਸ ਸੁਰੱਖਿਆ ਮੁਹਿੰਮ ’ਚ ਲਗਪਗ 2000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ’ਚ ਜ਼ਿਲ੍ਹਾ ਪੁਲਿਸ, ਪੀਸੀਆਰ, ਟ੍ਰੈਫਿਕ ਪੁਲਿਸ, ਮਹਿਲਾ ਪੁਲਿਸ, ਸਿਵਲ ਡਿਫੈਂਸ ਤੇ ਵਿਸ਼ੇਸ਼ ਸੁਰੱਖਿਆ ਬਲ ਸ਼ਾਮਲ ਹਨ। ਸਾਰੇ ਗਜ਼ਟਿਡ ਅਧਿਕਾਰੀ ਖੁਦ ਫੀਲਡ ’ਚ ਮੌਜੂਦ ਰਹਿਣਗੇ ਤੇ ਆਪੋ-ਆਪਣੇ ਖੇਤਰਾਂ ’ਚ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਕਿਸੇ ਵੀ ਸ਼ੱਕੀ ਸਰਗਰਮੀ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ।
----------------------------
ਤਿੰਨ-ਪੱਧਰੀ ਸੁਰੱਖਿਆ ’ਚ ਗੁਰੂ ਗੋਬਿੰਦ ਸਿੰਘ ਸਟੇਡੀਅਮ
ਗਣਤੰਤਰ ਦਿਵਸ ਦਾ ਮੁੱਖ ਸਮਾਗਮ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਕਰਵਾਇਆ ਜਾਵੇਗਾ, ਜਿੱਥੇ ਵਿਸ਼ੇਸ਼ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧ ਲਾਗੂ ਕੀਤੇ ਗਏ ਹਨ। ਸਟੇਡੀਅਮ ਦੇ ਬਾਹਰੀ ਘੇਰੇ, ਦਰਮਿਆਨੇ ਘੇਰੇ ਤੇ ਮੁੱਖ ਸਮਾਗਮ ਸਥਾਨ ’ਤੇ ਵੱਖ-ਵੱਖ ਸੁਰੱਖਿਆ ਟੀਮਾਂ ਤਾਇਨਾਤ ਰਹਿਣਗੀਆਂ। ਦਾਖ਼ਲੇ ਤੋਂ ਪਹਿਲਾਂ ਦਰਸ਼ਕਾਂ ਦੀ ਮੈਟਲ ਡਿਟੈਕਟਰ ਤੇ ਹੈਂਡ ਹੈਲਡ ਸਕੈਨਰਾਂ ਨਾਲ ਜਾਂਚ ਕੀਤੀ ਜਾਵੇਗੀ। ਬਿਨਾਂ ਪਾਸ ਜਾਂ ਪਛਾਣ ਪੱਤਰ ਦੇ ਕਿਸੇ ਨੂੰ ਵੀ ਸਮਾਗਮ ਸਥਾਨ ’ਚ ਦਾਖ਼ਲੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
-------------------------
ਪੁਲਿਸ ਕਮਿਸ਼ਨਰ ਦੇ ਹੱਥ ਸੁਰੱਖਿਆ ਪ੍ਰਬੰਧਾਂ ਦੀ ਕਮਾਨ
ਸੁਰੱਖਿਆ ਪ੍ਰਬੰਧਾਂ ਦੀ ਕਮਾਨ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਖੁਦ ਸੰਭਾਲਣਗੀਆਂ। ਉਹ ਲਗਾਤਾਰ ਪੂਰੇ ਸ਼ਹਿਰ ਦੀ ਸੁਰੱਖਿਆ ਸਥਿਤੀ ’ਤੇ ਨਜ਼ਰ ਰੱਖਣਗੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਨਿਯਮਤ ਸਮੀਖਿਆ ਕਰਨਗੀਆਂ। ਇਸ ਤੋਂ ਇਲਾਵਾ ਡੌਗ ਸਕੁਆਡ, ਬੰਬ ਨਿਰੋਧਕ ਦਸਤਾ, ਦੰਗਾ ਵਿਰੋਧੀ ਟੀਮਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੂਰੀ ਤਰ੍ਹਾਂ ਅਲਰਟ ਮੋਡ ’ਚ ਰੱਖੀਆਂ ਗਈਆਂ ਹਨ। ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਐਂਬੂਲੈਂਸ ਤੇ ਮੈਡੀਕਲ ਟੀਮਾਂ ਵੀ ਤਾਇਨਾਤ ਰਹਿਣਗੀਆਂ। ਸੀਪੀ ਧਨਪ੍ਰੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਜਾਂਚ ’ਚ ਸਹਿਯੋਗ ਕਰਨ ਤੇ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਬਾਰੇ ਤੁਰੰਤ ਪੁਲਿਸ ਨੂੰ ਸੂਚਨਾ ਦੇਣ। ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਲੋੜ ਸੰਵੇਦਨਸ਼ੀਲ ਇਲਾਕਿਆਂ ’ਚ ਭੀੜ ਨਾ ਲਗਾਈ ਜਾਵੇ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਕਮਿਸ਼ਨਰ ਨੇ ਕਿਹਾ ਕਿ ਇਹ ਸਖ਼ਤ ਪ੍ਰਬੰਧ ਲੋਕਾਂ ਨੂੰ ਅਸੁਵਿਧਾ ਪਹੁੰਚਾਉਣ ਲਈ ਨਹੀਂ, ਸਗੋਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਨ। ਪ੍ਰਸ਼ਾਸਨ ਦਾ ਮਕਸਦ ਹੈ ਕਿ ਗਣਤੰਤਰ ਦਿਵਸ ਦਾ ਤਿਉਹਾਰ ਪੂਰੇ ਜੋਸ਼, ਸ਼ਾਂਤੀ ਤੇ ਸਦਭਾਵਨਾ ਨਾਲ ਮਨਾਇਆ ਜਾਵੇ ਤੇ ਸ਼ਹਿਰ ਵਾਸੀਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਾਹੌਲ ਪ੍ਰਦਾਨ ਕੀਤਾ ਜਾ ਸਕੇ।
-------------------------
ਗਣਤੰਤਰ ਦਿਵਸ ’ਤੇ ਟ੍ਰੈਫਿਕ ਡਾਈਵਰਜ਼ਨ, ਸਵੇਰੇ 7 ਤੋਂ ਦੁਪਹਿਰ ਇਕ ਵਜੇ ਤੱਕ ਵਿਸ਼ੇਸ਼ ਪ੍ਰਬੰਧ
ਗਣਤੰਤਰ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਹੋਣ ਵਾਲੇ ਸਰਕਾਰੀ ਸਮਾਗਮ ਨੂੰ ਧਿਆਨ ’ਚ ਰੱਖਦੇ ਹੋਏ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ’ਚ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਲਾਗੂ ਕੀਤੇ ਗਏ ਹਨ। ਸਮਾਗਮ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਤੇ ਆਮ ਲੋਕਾਂ ਨੂੰ ਜਾਮ ਤੋਂ ਰਾਹਤ ਦੇਣ ਲਈ ਕਈ ਮੁੱਖ ਰੂਟ ਡਾਈਵਰਟ ਕੀਤੇ ਗਏ ਹਨ। ਇਹ ਟ੍ਰੈਫਿਕ ਨਿਯਮ 26 ਜਨਵਰੀ ਨੂੰ ਸਵੇਰੇ 7 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਲਾਗੂ ਰਹਿਣਗੇ। ਟ੍ਰੈਫਿਕ ਪੁਲਿਸ ਦੇ ਏਡੀਸੀਪੀ ਗੁਰਬਾਜ਼ ਸਿੰਘ ਨੇ ਦੱਸਿਆ ਕਿ ਜਲੰਧਰ ਬੱਸ ਸਟੈਂਡ ਤੇ ਸਿਟੀ ਏਰੀਆ ਤੋਂ ਕਪੂਰਥਲਾ ਵੱਲ ਜਾਣ ਵਾਲੀਆਂ ਸਾਰੀਆਂ ਬੱਸਾਂ ਤੇ ਭਾਰੀ ਵਾਹਨ ਪੀਏਪੀ ਚੌਕ ਤੋਂ ਕਰਤਾਰਪੁਰ ਰੂਟ ਦੀ ਵਰਤੋਂ ਕਰਨਗੇ। ਜੀਜੀਐੱਸ ਸਟੇਡੀਅਮ ਵੱਲ ਜਾਣ ਵਾਲੀਆਂ ਮੁੱਖ ਸੜਕਾਂ ’ਤੇ ਭਾਰੀ ਵਾਹਨਾਂ ਦੀ ਦਾਖ਼ਲ ਪੂਰੀ ਤਰ੍ਹਾਂ ਮਨਾਹੀ ਰਹੇਗੀ। 66 ਫੁੱਟੀ ਰੋਡ, ਚੁਨਮੁਨ ਚੌਕ, ਮਿਲਕ ਬਾਰ ਚੌਕ, ਰੈੱਡ ਕ੍ਰਾਸ, ਫੁੱਟਬਾਲ ਚੌਕ, ਸੀਟੀ ਮੋੜ, ਪ੍ਰਤਾਪਪੁਰਾ, ਨਕੋਦਰ ਚੌਕ ਤੇ ਗੁਰੂ ਰਵਿਦਾਸ ਚੌਕ ’ਤੇ ਟ੍ਰੈਫਿਕ ਨਿਯੰਤਰਣ ਸਖ਼ਤ ਰਹੇਗਾ। ਪਾਰਕਿੰਗ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਬੱਸਾਂ ਦੀ ਪਾਰਕਿੰਗ ਮਿਲਕ ਬਾਰ ਚੌਕ ਤੋਂ ਟੀ-ਪੁਆਇੰਟ ਨਕੋਦਰ ਰੋਡ ਤੱਕ ਸੜਕ ਦੇ ਦੋਵਾਂ ਪਾਸਿਆਂ ’ਤੇ ਹੋਵੇਗੀ। ਕਾਰ ਪਾਰਕਿੰਗ ਮਿਲਕ ਬਾਰ ਚੌਕ ਤੋਂ ਮਸੰਦ ਚੌਕ ਹੁੰਦੀ ਹੋਈ ਡੇਰਾ ਸਤਕਰਤਾਰ ਤੇ ਮਸੰਦ ਚੌਕ ਤੋਂ ਗੀਤਾ ਮੰਦਰ ਚੌਕ ਤੱਕ ਨਿਰਧਾਰਤ ਕੀਤੀ ਗਈ ਹੈ। ਦੋ-ਪਹੀਆ ਵਾਹਨ ਸਿਟੀ ਹਸਪਤਾਲ ਚੌਕ ਤੋਂ ਏਪੀਜੇ ਸਕੂਲ ਤੱਕ ਸੜਕ ਦੇ ਦੋਵਾਂ ਪਾਸਿਆਂ ’ਤੇ ਖੜ੍ਹੇ ਕੀਤੇ ਜਾ ਸਕਣਗੇ। ਏਡੀਸੀਪੀ ਗੁਰਬਾਜ਼ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਹਾਇਤਾ ਲਈ ਟ੍ਰੈਫਿਕ ਹੈਲਪਲਾਈਨ ਨੰਬਰ 0181-2227296 ਜਾਂ 1073 ’ਤੇ ਸੰਪਰਕ ਕੀਤਾ ਜਾ ਸਕਦਾ ਹੈ।