ਸਤਲੁਜ ਦਰਿਆ ਦਾ ਪਾਣੀ ਸ੍ਰੀ ਆਨੰਦਪੁਰ ਸਾਹਿਬ ਨੂਰਪੁਰ ਬੇਦੀ ਸੜਕ ਤੱਕ ਪੁੱਜਣ ਕਾਰਨ ਇਹ ਰਾਹ ਲੋਕਾਂ ਦੇ ਆਉਣ-ਜਾਣ ਲਈ ਬੰਦ ਹੋ ਗਿਆ ਹੈ। ਇੱਥੇ ਸਤਲੁਜ ਨਾਲ ਲਗਦੇ ਇਲਾਕਿਆਂ ’ਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ।

ਜਾਗਰਣ ਸੰਵਾਦਦਾਤਾ, ਹੁਸ਼ਿਆਰਪੁਰ : ਪੰਜਾਬ ’ਚ ਸ਼ੁੱਕਰਵਾਰ ਨੂੰ ਕਈ ਜ਼ਿਲ੍ਹਿਆਂ ’ਚ ਹੋਈ ਭਾਰੀ ਬਾਰਿਸ਼ ਦਾ ਸਿਲਸਿਲਾ ਸ਼ਨਿਚਰਵਾਰ ਨੂੰ ਵੀ ਜਾਰੀ ਰਿਹਾ। ਇਸ ਵਿਚਾਲੇ ਪੰਜਾਬ ਨਾਲ ਲਗਦੇ ਹਿਮਾਚਲ ’ਚ ਵੀ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਪੰਜਾਬ ’ਚ ਸਥਿਤ ਸਾਰੇ ਡੈਮਾਂ ਦੇ ਪਾਣੀ ਦੇ ਪੱਧਰ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਪੌਂਗ ਡੈਮ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਅਧਿਕਾਰੀਆਂ ਨੇ ਪੰਜਾਬ ਦੇ ਨਾਲ-ਨਾਲ ਹਿਮਾਚਲ ਨਾਲ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਚੌਕਸ ਕੀਤਾ ਹੈ ਕਿ ਜੇ ਇਸੇ ਤਰ੍ਹਾਂ ਪੌਂਗ ਡੈਮ ਦਾ ਪਾਣੀ ਦਾ ਪੱਧਰ ਵਧਦਾ ਰਿਹਾ ਤਾਂ ਬੰਨ੍ਹ ਦੀ ਸੁਰੱਖਿਆ ਨੂੰ ਦੇਖਦੇ ਹੋਏ ਇੱਥੋਂ ਵਾਧੂ ਪਾਣੀ ਛੱਡਣਾ ਪੈ ਸਕਦਾ ਹੈ। ਅਜਿਹੇ ’ਚ ਪੌਂਗ ਡੈਮ ਨਾਲ ਸਬੰਧਤ ਦੋਵਾਂ ਸੂਬਿਆਂ ਦੇ ਜ਼ਿਲ੍ਹਾ ਅਧਿਕਾਰੀ ਜ਼ਰੂਰੀ ਪ੍ਰਬੰਧ ਕਰ ਲੈਣ ਤੇ ਲੋਕਾਂ ਨੂੰ ਵੀ ਚੌਕਸ ਰਹਿਣ ਲਈ ਕਹਿਣ। ਓਧਰ, ਸ਼ਨਿਚਰਵਾਰ ਨੂੰ ਕਈ ਜ਼ਿਲ੍ਹਿਆਂ ’ਚ ਹੋ ਰਹੀ ਬਾਰਿਸ਼ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤਰਨਤਾਰਨ ਦੇ ਪੱਟੀ ’ਚ ਸ਼ਨਿਚਰਵਾਰ ਨੂੰ ਛੱਤ ਦੇ ਲੈਂਟਰ ਤੋਂ ਸੀਮੰਟ ਟੁੱਟ ਕੇ ਡਿੱਗਣ ਨਾਲ 14 ਦਿਨ ਦੇ ਮਾਸੂਮ ਗੁਰਪ੍ਰੀਤ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸਾ ਉਸ ਸਮੇਂ ਹੋਇਆ ਜਦ ਗੁਰਪ੍ਰੀਤ ਦੀ ਮਾਂ ਕਮਰੇ ’ਚ ਉਸ ਨੂੰ ਗੋਦ ’ਚ ਲੈ ਕੇ ਬੈਠੀ ਹੋਈ ਸੀ ਤੇ ਛੱਤ ਤੋਂ ਸੀਮੰਟ ਦਾ ਇਕ ਵੱਡਾ ਟੁਕੜਾ ਦੋਵਾਂ ’ਤੇ ਡਿੱਗ ਗਿਆ। ਹਿਮਾਚਲ ਪ੍ਰਦੇਸ਼ ਨਾਲ ਲਗਦੇ ਰੂਪਨਗਰ ਜ਼ਿਲ੍ਹੇ ਦੇ ਨੰਗਲ ਖੇਤਰ ’ਚ ਸ਼ਨਿਚਰਵਾਰ ਨੂੰ ਲਗਪਗ 70 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸੇ ਤਰ੍ਹਾਂ ਰੂਪਨਗਰ ’ਚ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਊਨਾ ਤੋਂ ਲੰਘਦੀ ਸਵਾਂ ਨਦੀ ਦੇ ਪਾਣੀ ਕਾਰਨ ਸਤਲੁਜ ਦਰਿਆ ਪੂਰਾ ਚੜ੍ਹਿਆ ਹੋਇਆ ਹੈ। ਸਤਲੁਜ ਦਰਿਆ ਦਾ ਪਾਣੀ ਸ੍ਰੀ ਆਨੰਦਪੁਰ ਸਾਹਿਬ ਨੂਰਪੁਰ ਬੇਦੀ ਸੜਕ ਤੱਕ ਪੁੱਜਣ ਕਾਰਨ ਇਹ ਰਾਹ ਲੋਕਾਂ ਦੇ ਆਉਣ-ਜਾਣ ਲਈ ਬੰਦ ਹੋ ਗਿਆ ਹੈ। ਇੱਥੇ ਸਤਲੁਜ ਨਾਲ ਲਗਦੇ ਇਲਾਕਿਆਂ ’ਚ ਹੜ੍ਹ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਇਹੀ ਨਹੀਂ, ਹੜ੍ਹ ਦੇ ਖ਼ਤਰੇ ਨੂੰ ਦੇਖਦੇ ਹੋਏ ਹਿਮਾਚਲ ਤੋਂ ਨੰਗਲ ਨੂੰ ਬੱਸ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਸ਼ਨਿਚਰਵਾਰ ਨੂੰ ਨੰਗਲ ’ਚ ਬਾਰਿਸ਼ ਕਾਰਨ ਇੱਥੇ ਬਾਜ਼ਾਰ ਤੇ ਗਲੀਆਂ ਨਦੀ ਦਾ ਰੂਪ ਧਾਰਨ ਕਰ ਗਈਆਂ। ਕਈ ਥਾਂ ਅੱਠ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ।
---
ਟ੍ਰੈਕ ’ਤੇ ਮਲਬਾ ਆਉਣ ਨਾਲ ਨੰਗਲ-ਊਨਾ ਰੇਲ ਮਾਰਗ ਬੰਦ
ਨੇੜਲੇ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਨੰਗਲ ਤੱਕ ਬਹਡਾਲਾ ਪਿੰਡ ਦੇ ਕੋਲ ਪਾਣੀ ਦੇ ਤੇਜ਼ ਵਹਾਅ ਤੇ ਜ਼ਮੀਨ ਖਿਸਕਣ ਕਾਰਨ ਰੇਲ ਟ੍ਰੈਕ ’ਤੇ ਭਾਰੀ ਮਲਬਾ ਆ ਡਿੱਗਾ। ਰੇਲ ਮਾਰਗ ਬੰਦ ਹੋਣ ਨਾਲ ਟ੍ਰੇਨਾਂ ਮੁਲਤਵੀ ਕਰ ਦਿੱਤੀਆਂ ਗਈਆਂ। ਨੰਗਲ ਤੋਂ ਰੂਪਨਗਰ ਤੱਕ ਰੇਲ ਮਾਰਗ ਪ੍ਰਭਾਵਿਤ ਹੋਣ ਕਾਰਨ ਹਿਮਾਚਲ ਐਕਸਪ੍ਰੈੱਸ, ਜਨਸ਼ਤਾਬਦੀ, ਇੰਦੌਰ ਐਕਸਪ੍ਰੈੱਸ, ਵੰਦੇ ਭਾਰਤ, ਸੋਮਨਾਥ ਐਕਸਪ੍ਰੈੱਸ ਤੋਂ ਇਲਾਵਾ ਤਿੰਨ ਪੈਸੰਜਰ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ।
ਪੌਂਗ ਡੈਮ ’ਚ ਪਾਣੀ ਦਾ ਪੱਧਰ 42 ਦਿਨ ’ਚ 75 ਫੁੱਟ ਵਧਿਆ
ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਕੋਲ ਸਥਿਤ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਦੋ ਅਗਸਤ ਨੂੰ ਦੁਪਹਿਰ ਇਕ ਵਜੇ ਬੰਨ੍ਹ ’ਚ 1363.05 ਫੁੱਟ ਪਾਣੀ ਦਾ ਪੱਧਰ ਰਿਕਾਰਡ ਕੀਤਾ ਗਿਆ। ਇਸ ਤੋਂ ਪਹਿਲਾਂ 22 ਜੂਨ ਨੂੰ ਝੀਲ ’ਚ ਸਵੇਰੇ 6 ਵਜੇ 1288.76 ਫੁੱਟ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਸੀ। 42 ਦਿਨ ਬਾਅਦ ਬੰਨ੍ਹ ’ਚ 75 ਫੁੱਟ ਪਾਣੀ ਦਾ ਪੱਧਰ ਵਧਿਆ ਹੈ। ਤੇਜ਼ੀ ਨਾਲ ਵਧਣ ਦੇ ਬਾਵਜੂਦ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ (1390 ਫੁੱਟ) ਤੋਂ 27 ਤੇ ਫਲੱਡ ਗੇਟ (1365 ਫੁੱਟ) ਤੋਂ ਦੋ ਫੁੱਟ ਦੂਰ ਹੈ।
ਰਣਜੀਤ ਸਾਗਰ ’ਚ ਪਾਣੀ ਦਾ ਪੱਧਰ ਚਾਰ ਦਿਨ ’ਚ 6.5 ਮੀਟਰ ਵਧਿਆ
ਪਠਾਨਕੋਟ ਦੇ ਸ਼ਾਹਪੁਰਕੰਡੀ ਸਥਿਤ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪਿਛਲੇ ਚਾਰ ਦਿਨਾਂ ’ਚ ਝੀਲ ’ਚ ਪਾਣੀ ਦੇ ਪੱਧਰ ’ਚ 6.5 ਮੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਸ਼ਨਿਚਰਵਾਰ ਦੁਪਹਿਰ ਦੋ ਵਜੇ ਪ੍ਰਾਜੈਕਟ ਦੀ ਝੀਲ ’ਚ ਪਾਣੀ ਦਾ ਪੱਧਰ 514.95 ਮੀਟਰ ਦਰਜ ਕੀਤਾ ਗਿਆ, ਜਦਕਿ 30 ਜੁਲਾਈ ਨੂੰ ਝੀਲ ’ਚ ਦੁਪਹਿਰ ਦੋ ਵਜੇ ਪਾਣੀ ਦਾ ਪੱਧਰ 508. 51 ਮੀਟਰ ਦਰਜ ਕੀਤਾ ਗਿਆ ਸੀ।