ਹਾਲਾਂਕਿ ਬਾਗਬਾਨੀ ਵਿਭਾਗ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਗਰਮ-ਰੁੱਤ ਦੀਆਂ ਸਬਜ਼ੀਆਂ ਦਾ ਸੀਜ਼ਨ ਖ਼ਤਮ ਹੋਣ ਕੰਢੇ ਪੁੱਜ ਚੁੱਕਾ ਸੀ। ਇਸ ਲਈ ਸਬਜ਼ੀਆਂ ਦਾ ਸਿਰਫ਼ 10 ਫੀਸਦੀ ਨੁਕਸਾਨ ਹੀ ਹੋਇਆ ਹੈ ਪਰ ਸਬਜ਼ੀ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ’ਚ ਸਬਜ਼ੀਆਂ ਦੀ ਕੀਮਤੀ ਵਧੇਰੇ ਹੋਣ ਕਰ ਕੇ ਆਮਦਨ ਵੱਧ ਮਿਲਦੀ ਹੈ ਪਰ ਮੀਂਹ ਕਾਰਨ ਸਭ ਨੁਕਸਾਨਿਆ ਗਿਆ ਹੈ।
ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਨੇ ਜਿੱਥੇ ਲੋਕਾਂ ਦੇ ਘਰਾਂ ਤੇ ਫਸਲਾਂ ਦਾ ਨੁਕਸਾਨ ਕੀਤਾ ਹੈ, ਉਥੇ ਹੀ ਸਬਜ਼ੀ ਕਾਸ਼ਤਕਾਰ ਵੀ ਇਸ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਹਨ। ਸੂਬੇ ’ਚ ਹਜ਼ਾਰਾਂ ਏਕੜ ’ਚ ਬੀਜੀਆਂ ਗਈਆਂ ਸਬਜ਼ੀਆਂ ਖਾਸ ਕਰ ਕੇ ਵੇਲਾਂ ਵਾਲੀਆਂ ਸਬਜ਼ੀਆਂ ਮੀਂਹ ਤੇ ਹੜ੍ਹ ਦੀ ਮਾਰ ਹੇਠ ਆਉਣ ਨਾਲ ਬਰਬਾਦ ਹੋ ਗਈਆਂ ਹਨ। ਮੀਂਹ ਕਾਰਨ ਤੋਰੀਆਂ, ਘੀਆ, ਕਰੇਲਾ, ਰਾਮਾਤੋਰੀ ਤੇ ਹੋਰ ਕਈ ਵੇਲਾਂ ਵਾਲੀਆਂ ਸਬਜ਼ੀਆਂ ਹੜ੍ਹ ਦੇ ਪਾਣੀ ਤੇ ਮਿੱਟੀ ਚੜ੍ਹਨ ਨਾਲ ਪੂਰੀ ਤਰ੍ਹਾਂ ਖਰਾਬ ਹੋ ਗਈਆਂ ਹਨ। ਹਾਲਾਂਕਿ ਬਾਗਬਾਨੀ ਵਿਭਾਗ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਗਰਮ-ਰੁੱਤ ਦੀਆਂ ਸਬਜ਼ੀਆਂ ਦਾ ਸੀਜ਼ਨ ਖ਼ਤਮ ਹੋਣ ਕੰਢੇ ਪੁੱਜ ਚੁੱਕਾ ਸੀ। ਇਸ ਲਈ ਸਬਜ਼ੀਆਂ ਦਾ ਸਿਰਫ਼ 10 ਫੀਸਦੀ ਨੁਕਸਾਨ ਹੀ ਹੋਇਆ ਹੈ ਪਰ ਸਬਜ਼ੀ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ’ਚ ਸਬਜ਼ੀਆਂ ਦੀ ਕੀਮਤੀ ਵਧੇਰੇ ਹੋਣ ਕਰ ਕੇ ਆਮਦਨ ਵੱਧ ਮਿਲਦੀ ਹੈ ਪਰ ਮੀਂਹ ਕਾਰਨ ਸਭ ਨੁਕਸਾਨਿਆ ਗਿਆ ਹੈ। ਇਸ ਦੇ ਨਾਲ ਹੀ ਫੁੱਲ ਗੋਭੀ ਦੀ ਅਗੇਤੀ ਬਿਜਾਈ ਕਰਨ ਵਾਲੇ ਸਬਜ਼ੀ ਕਾਸ਼ਤਕਾਰਾਂ ਨੂੰ ਵੱਡਾ ਨੁਕਸਾਨ ਹੋਇਆ ਅਤੇ ਹਜ਼ਾਰਾਂ ਏਕੜ ’ਚ ਬੀਜੀ ਗਈ ਗੋਭੀ ਦੀ ਅਗੇਤੀ ਫਸਲ ਮੀਂਹ ਤੇ ਹੜ੍ਹ ਦੇ ਪਾਣੀ ਕਾਰਨ ਖਰਾਬ ਹੋ ਗਈ ਹੈ। ਗੋਭੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪਵੇਗੀ ਕਿਉਂਕਿ ਅਗੇਤੀ ਬੀਜੀ ਗਈ ਗੋਭੀ ਦੀ ਪਨੀਰੀ ਖੇਤਾਂ ’ਚ ਲਗਾਤਾਰ ਪਾਣੀ ਖੜ੍ਹਾ ਹੋਣ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਹੁਣ ਦੁਬਾਰਾ ਗੋਭੀ ਬੀਜਣ ਲਈ ਉਨ੍ਹਾਂ ਨੂੰ ਪਹਿਲਾਂ ਖੇਤ ਤਿਆਰ ਕਰਨੇ ਪੈਣਗੇ ਅਤੇ ਫਿਰ ਦੁਬਾਰਾ ਪਨੀਰੀ ਖਰੀਦ ਕੇ ਲਾਉਣੀ ਪਵੇਗੀ, ਜਿਸ ਕਾਰਨ ਉਨ੍ਹਾਂ ਨੂੰ ਲਾਗਤ ਖਰਚਾ ਦੁੱਗਣਾ ਭਰਨਾ ਪਵੇਗਾ। ਬਾਗਬਾਨੀ ਵਿਭਾਗ ਦੇ ਅਧਿਕਾਰੀਆ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਫਸਲਾਂ ਦੇ ਨਾਲ ਹੀ ਸਬਜ਼ੀਆ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਬਾਗਬਾਨੀ ਵਿਭਾਗ ਮੁਤਾਬਕ ਸੂਬੇ ’ਚ ਹਰ ਸਾਲ ਪੌਣੇ ਚਾਰ ਲੱਖ ਹੈਕਟੇਅਰ ਰਕਬੇ ’ਚ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਦੁਬਾਰਾ ਗੋਭੀ ਬੀਜਣ ਲਈ ਕਰਨਾ ਪਵੇਗਾ ਖ਼ਰਚਾ
ਜ਼ਿਲ੍ਹੇ ਦੀ ਤਹਿਸੀਲ ਨਕੋਦਰ ਦੇ ਪਿੰਡ ਸੈਦੂਪੁਰ ਦੇ ਸਬਜ਼ੀ ਕਾਸ਼ਤਕਾਰ ਮਨਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 5 ਏਕੜ ਰਕਬੇ ’ਚ ਅਗੇਤੀ ਗੋਭੀ ਦੀ ਬਿਜਾਈ ਕੀਤੀ ਸੀ। ਉਨ੍ਹਾਂ ਦਾ ਪਿੰਡ ਚਿੱਟੀ ਵੇਈਂ ਦੇ ਨੇੜੇ ਪੈਂਦਾ ਹੈ ਅਤੇ ਵੇਈਂ ’ਚ ਆਏ ਹੜ੍ਹ ਕਾਰਨ ਉਨ੍ਹਾਂ ਦੀ ਪੰਜ ਏਕੜ ’ਚ ਬੀਜੀ ਅਗੇਤੀ ਗੋਭੀ ਅਤੇ 2 ਏਕੜ ’ਚ ਬੀਜੀ ਬੈਂਗਣ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਬੈਂਗਣ ਦੀ ਫਸਲ ਹਾਲੇ 2 ਮਹੀਨੇ ਹੋਰ ਚੱਲਣੀ ਸੀ ਅਤੇ ਇਨ੍ਹਾਂ ਦਿਨੀਂ ਬੈਂਗਣ ਦੀ ਕੀਮਤ 60 ਰੁਪਏ ਪ੍ਰਤੀ ਕਿੱਲੋ ਹੋਣ ਕਰ ਕੇ ਚੰਗੀ ਕਮਾਈ ਦੀ ਆਸ ਸੀ ਪਰ ਹੜ੍ਹ ਨੇ ਸਾਰੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਗੋਭੀ ਦੀ ਬਿਜਾਈ ਕਰਨ ’ਚ ਪ੍ਰਤੀ ਏਕੜ 16500 ਰੁਪਏ ਖਰਚਾ ਆਇਆ ਸੀ, ਜਿਸ ’ਚ 9500 ਰੁਪਏ ਦੀ ਪਨੀਰੀ, ਇਕ-ਇਕ ਬੋਰਾ ਡੀਏਪੀ, ਯੂਰੀਆ ਤੇ ਪੋਟਾਸ਼ ਦਾ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਅਗੇਤੀ ਗੋਭੀ ਦੁਬਾਰਾ ਬੀਜਣ ਲਈ ਖੇਤ ਵਾਹੁਣੇ ਸ਼ੁਰੂ ਕਰ ਦਿੱਤੇ ਹਨ ਅਤੇ ਮੁੜ ਬਿਜਾਈ ਕਰਨ ਨਾਲ ਲਾਗਤ ਖਰਚਾ ਦੁੱਗਣਾ ਹੋਵੇਗਾ। ਉਨ੍ਹਾਂ ਦੇ ਗੁਆਢੀ ਪਿੰਡ ਟਾਹਲੀ ਦੇ ਪਰਵਾਸੀ ਮਜ਼ਦੂਰ ਨੇ ਜ਼ਿਮੀਂਦਾਰ ਤੋਂ 17 ਏਕੜ ਰਕਬਾ ਅੱਧ ’ਤੇ ਲੈ ਕੇ ਅਗੇਤੀ ਗੋਭੀ ਬੀਜੀ, ਜੋ ਕਿ ਹੜ੍ਹ ਨਾਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਉਕਤ ਸਬਜ਼ੀ ਕਾਸ਼ਤਕਾਰ ਦੇ ਹੋਏ ਨੁਕਸਾਨ ਕਾਰਨ ਉਹ ਪਰੇਸ਼ਾਨੀ ਕਾਰਨ ਬਿਮਾਰ ਚੱਲ ਰਿਹਾ ਹੈ।
ਆਲੂ ਦੀ ਅਗੇਤੀ ਫਸਲ ਦੀ ਬਿਜਾਈ ’ਚ ਹੋਵੇਗੀ ਦੇਰੀ
ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਰਿੰਦਰ ਪਾਲ ਕਲਸੀ ਦਾ ਕਹਿਣਾ ਹੈ ਕਿ ਦੁਆਬੇ ’ਚ ਆਲੂ ਦੀ ਅਗੇਤੀ ਬਿਜਾਈ 15 ਸਤੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਹੜ੍ਹਾਂ ਕਾਰਨ ਖੇਤਾਂ ’ਚ ਪਾਣੀ ਤੇ ਵਧੇਰੇ ਨਰਮ ਹੋਣ ਕਰਕੇ ਆਲੂ ਦੀ ਅਗੇਤੀ ਬਿਜਾਈ ’ਚ ਦੇਰੀ ਹੋਵੇਗੀ। ਉਨ੍ਹਾਂ ਕਿਹਾ ਕਿ ਸਤੰਬਰ ਦੇ ਤੀਜੇ ਹਫਤੇ ਤੋਂ ਲਸਣ, ਪਿਆਜ਼ ਤੇ ਟਮਾਟਰ ਦੀ ਪਨੀਰੀ ਵੀ ਬੀਜੀ ਜਾਂਦੀ ਹੈ, ਜਿਸ ’ਚ ਵੀ ਦੇਰੀ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਅਗੇਤੀ ਬੀਜੀ ਗਈ ਗੋਭੀ ਦੀ 100 ਏਕੜ ਤੋਂ ਵੱਧ ਫਸਲ ਖਰਾਬ ਹੋਈ ਹੈ।