ਲਤੀਫ਼ਪੁਰਾ ਰੋਡ ਤੋਂ ਕਬਜ਼ੇ ਹਟਾਉਣ ਮਾਮਲੇ ਦੀ ਸੁਣਵਾਈ ਹੁਣ 22 ਨੂੰ
ਲਤੀਫ਼ਪੁਰਾ ਰੋਡ ਤੋਂ ਕਬਜ਼ੇ ਹਟਾਉਣ ਮਾਮਲੇ ਦੀ ਸੁਣਵਾਈ ਹੁਣ 22 ਦਸੰਬਰ ਨੂੰ
Publish Date: Mon, 15 Dec 2025 10:45 PM (IST)
Updated Date: Mon, 15 Dec 2025 10:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਤੀਫ਼ਪੁਰਾ ਦੀ 120 ਫੁੱਟੀ ਸੜਕ ਤੋਂ ਕਬਜ਼ੇ ਹਟਾਉਣ ’ਚ ਨਾਕਾਮ ਰਹੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਦਾਇਰ ਅਦਾਲਤ ਦੀ ਉਲੰਘਣਾ ਦੀ ਅਰਜ਼ੀ ’ਤੇ ਹੁਣ 22 ਦਸੰਬਰ ਨੂੰ ਸੁਣਵਾਈ ਹੋਵੇਗੀ। ਸੋਮਵਾਰ 15 ਦਸੰਬਰ ਨੂੰ ਇਸ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸੁਣਵਾਈ ਤੈਅ ਸੀ ਪਰ ਮਾਣਯੋਗ ਜੱਜ ਦੀ ਉਪਲਬਧਤਾ ਨਾ ਹੋਣ ਕਾਰਨ ਹੁਣ ਇਹ ਸੁਣਵਾਈ 22 ਦਸੰਬਰ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਲਤੀਫ਼ਪੁਰਾ ਦੀ 120 ਫੁੱਟੀ ਸੜਕ ’ਤੇ ਹੋਏ ਕਬਜ਼ੇ ਹਟਾਉਣ ਲਈ ਜੁਲਾਈ ਮਹੀਨੇ ’ਚ ਹੁਕਮ ਜਾਰੀ ਕੀਤੇ ਗਏ ਸਨ ਤੇ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਇਹ ਹੁਕਮ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਸੀ, ਪਰ ਅਜੇ ਤੱਕ ਕਬਜ਼ਾ ਨਹੀਂ ਹਟਾਇਆ ਗਿਆ। ਨਿਰਧਾਰਤ ਸਮੇਂ ’ਚ ਕਬਜ਼ਾ ਨਾ ਹਟਾਉਣ ’ਤੇ ਯਾਚਿਕਾਕਰਤਾ ਵੱਲੋਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਖ਼ਿਲਾਫ਼ ਅਦਾਲਤ ਦੀ ਉਲੰਘਣਾ ਦਾ ਕੇਸ ਦਾਇਰ ਕੀਤਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਹੋਣੀ ਸੀ, ਪਰ ਹੁਣ ਇਸ ਦੀ ਅਗਲੀ ਸੁਣਵਾਈ 22 ਦਸੰਬਰ ਤੱਕ ਟਲ ਗਈ ਹੈ।