ਬੀਮਾ ਯੋਜਨਾ ਨਾਲ ਹਰ ਵਰਗ ਨੂੰ ਮਿਲੀ ਵੱਡੀ ਰਾਹਤ : ਅਗਰਵਾਲ
ਸਿਹਤ ਬੀਮਾ ਯੋਜਨਾ ਨਾਲ ਹਰ ਵਰਗ ਨੂੰ ਮਿਲੀ ਵੱਡੀ ਰਾਹਤ: ਚੇਅਰਮੈਨ ਅਗਰਵਾਲ
Publish Date: Thu, 29 Jan 2026 08:15 PM (IST)
Updated Date: Thu, 29 Jan 2026 08:19 PM (IST)

-ਮਲਸੀਆਂ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੇ ਬਣਵਾਏ ਕਾਰਡ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰ ਪਰਿਵਾਰ ਦਾ 10 ਲੱਖ ਤੱਕ ਦਾ ਮੁਫਤ ਇਲਾਜ ਦੀ ਸਹੂਲਤ ਲਈ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਦਿਆਂ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਮਲਸੀਆਂ ’ਚ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਮੌਕੇ ਲਾਭਪਾਤਰੀਆਂ ਦੇ ਬੀਮਾ ਕਾਰਡ ਬਣਾਏ ਗਏ ਤੇ ਉਨ੍ਹਾਂ ਨੂੰ ਸਰਕਾਰ ਦੀਆਂ ਸਹੂਲਤਾਂ ਬਾਰੇ ਜਾਣੂ ਕੀਤਾ ਗਿਆ। ਗੱਲਬਾਤ ਕਰਦਿਆਂ ਚੇਅਰਮੈਨ ਅਨਿਲ ਅਗਰਵਾਲ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਨੂੰ ਇਤਿਹਾਸਕ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਸੂਬੇ ਦੇ ਹਰ ਵਰਗ, ਖਾਸ ਕਰਕੇ ਮੱਧ ਵਰਗੀ ਪਰਿਵਾਰਾਂ ਅਤੇ ਛੋਟੇ ਵਪਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਅੱਜ ਦੇ ਦੌਰ ਵਿਚ ਇਲਾਜ ਦਾ ਖਰਚਾ ਇੰਨਾ ਵਧ ਗਿਆ ਹੈ ਕਿ ਗੰਭੀਰ ਬਿਮਾਰੀ ਹੋਣ ਤੇ ਆਮ ਆਦਮੀ ਦੀ ਜਮ੍ਹਾਂ ਪੂੰਜੀ ਖਤਮ ਹੋ ਜਾਂਦੀ ਹੈ। ਸਰਕਾਰ ਦੀ ਇਸ ਯੋਜਨਾ ਨਾਲ ਹੁਣ ਕਿਸੇ ਵੀ ਗਰੀਬ ਜਾਂ ਮੱਧ ਵਰਗੀ ਪਰਿਵਾਰ ਨੂੰ ਇਲਾਜ ਲਈ ਕਰਜ਼ਾ ਚੁੱਕਣ ਜਾਂ ਆਪਣੀ ਜਾਇਦਾਦ ਵੇਚਣ ਦੀ ਲੋੜ ਨਹੀਂ ਪਵੇਗੀ ਤੇ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਕਰਵਾਇਆ ਜਾ ਸਕੇਗਾ। ਵਪਾਰੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਉਨ੍ਹਾਂ ਜ਼ਿਕਰ ਕੀਤਾ ਕਿ ਪਹਿਲਾਂ ਵਪਾਰੀ ਵਰਗ ਸਿਹਤ ਯੋਜਨਾਵਾਂ ਦੇ ਦਾਇਰੇ ਤੋਂ ਬਾਹਰ ਰਹਿ ਜਾਂਦਾ ਸੀ। ਹੁਣ ਛੋਟੇ ਅਤੇ ਦਰਮਿਆਨੇ ਵਪਾਰੀ ਵੀ ਇਸ ਸਹੂਲਤ ਦਾ ਫਾਇਦਾ ਲੈ ਸਕਣਗੇ, ਜਿਸ ਨਾਲ ਉਨ੍ਹਾਂ ਦੇ ਸਿਰ ਤੋਂ ਪਰਿਵਾਰ ਦੀ ਸਿਹਤ ਸਬੰਧੀ ਚਿੰਤਾ ਦਾ ਬੋਝ ਘਟੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸਿਹਤ ਯੋਜਨਾ ਤਹਿਤ ਕਾਰਡ ਬਣਵਾਏ ਜਾਣ ਤਾਂ ਜੋ ਲੋੜ ਪੈਣ ‘ਤੇ ਇਸ ਸਕੀਮ ਦਾ ਲਾਭ ਲਿਆ ਜਾ ਸਕੇ। ਇਸ ਮੌਕੇ ਨਿਰਮਲ ਸਿੰਘ ਸਰਾਭਾ, ਜਸਪਾਲ ਸਿੰਘ ਯੂਥ ਬਲਾਕ ਪ੍ਰਧਾਨ, ਕੁਲਵੰਤ ਸਿੰਘ ਸਿੱਧੂ ਕੋਆਰਡੀਨੇਟਰ, ਕਰਮਜੀਤ ਸਿੰਘ ਹੁੰਦਲ, ਹਰਭਜਨ ਸਿੰਘ ਪ੍ਰਧਾਨ, ਸੁਰਜੀਤ ਸਿੰਘ, ਅਮਰਜੀਤ ਪੰਚ, ਬਲਵਿੰਦਰ ਸਿੰਘ ਪੰਚ, ਲਖਵਿੰਦਰ ਸਿੰਘ, ਜੋਤੀ ਸਰਪੰਚ, ਸੁਖਦੇਵ ਸਿੰਘ ਭੰਵਰਾ, ਲਵਪ੍ਰੀਤ ਸਿੰਘ ਪੰਚ, ਸਰਬਜੀਤ ਸਿੰਘ, ਜਗਦੀਸ਼ ਸਿੰਘ ਮਹਿਤਾ, ਸਵਰਾਜ ਸਿੰਘ ਆਦਿ ਹਾਜ਼ਰ ਸਨ।