14 ਸਾਲ ਦੀ ਉਮਰ ’ਚ ਕਰਨ ਲੱਗਾ ਚੋਰੀਆਂ ਤੇ ਨਸ਼ਾ

-ਜਬਰ-ਜਨਾਹ ਮਾਮਲੇ ਦਾ ਚੌਥਾ ਮੁਲਜ਼ਮ ਗ੍ਰਿਫ਼ਤਾਰ
-ਤਾਰਾਂ ਚੋਰੀ ਕਰਨ ਵਾਲਾ ਹੋਰਾਂ ਨੂੰ ਚੋਰੀ ਲਈ ਉਕਸਾਉਂਦਾ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : 14 ਸਾਲ ਦੀ ਉਮਰ ’ਚ ਹੀ ਤਾਰਾਂ ਚੋਰੀ ਕਰਕੇ ਨਸ਼ਾ ਕਰਨ ਲੱਗੇ ਨਾਬਾਲਗ ਨੇ 18–19 ਸਾਲ ਦੇ ਹੋਰ ਨੌਜਵਾਨਾਂ ਨੂੰ ਵੀ ਆਪਣੇ ਨਾਲ ਚੋਰੀਆਂ ਕਰਨ ਲਈ ਤਿਆਰ ਕਰ ਲਿਆ ਸੀ। ਸਾਰੇ ਮਿਲ ਕੇ ਝੁੱਗੀਆਂ ’ਚ ਚੋਰੀਆਂ, ਰਾਤ ਦੇ ਸਮੇਂ ਮਜ਼ਦੂਰਾਂ ਨੂੰ ਲੂਟਣ ਆਦਿ ਜਿਹੀਆਂ ਵਾਰਦਾਤਾਂ ਕਰਨ ਲੱਗ ਪਏ ਸਨ। 23–24 ਨਵੰਬਰ ਦੀ ਰਾਤ ਇਹ ਸਾਰੇ ਇਕ ਜ਼ਿੰਮੀਂਦਾਰ ਦੇ ਖੂਹ ਕੋਲ ਬਣੇ ਕਮਰਿਆਂ ’ਚ ਚੋਰੀ ਕਰਨ ਦੀ ਯੋਜਨਾ ਬਣਾਈ ਪਰ ਉੱਥੇ ਇਕ ਔਰਤ ਤੇ ਉਸ ਦੀ ਧੀ ਨੂੰ ਦੇਖ ਕੇ ਇਨਾਂ ਦੀ ਨੀਅਤ ਬਦਲ ਗਈ। ਇਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਗਨ ਪੁਆਇੰਟ 'ਤੇ ਬੰਧਕ ਬਣਾਇਆ ਤੇ ਔਰਤ ਤੇ ਕੁੜੀ ਨਾਲ ਸਮੂਹਕ ਜਬਰ-ਜਨਾਹ ਕੀਤਾ ਤੇ ਚੋਰੀ ਵੀ ਕਰ ਗਏ। ਪੁਲਿਸ ਨੇ ਇਸ ਮਾਮਲੇ ’ਚ ਲੋਹੀਆਂ ਦੇ ਰਹਿਣ ਵਾਲੇ ਸਾਜਨ, ਰੋਕੀ ਤੇ ਅਰਸ਼ਪ੍ਰੀਤ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਤੋਂ ਬਾਅਦ ਨਾਬਾਲਿਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਤੋਂ ਹੀਰੋ ਸਪਲੈਂਡਰ ਤੇ ਬਜਾਜ ਪਲੇਟੀਨਾ ਮੋਟਰਸਾਈਕਲਾਂ ਤੇ ਵਾਰਦਾਤ ’ਚ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਐੱਸਐੱਸਪੀ ਵਿਕਰ ਨੇ ਦੱਸਿਆ ਕਿ ਇਸ ਘਟਨਾ ’ਚ ਸ਼ਾਮਲ 14 ਸਾਲ ਦੇ ਨਾਬਾਲਿਗ ਦੀ ਪਛਾਣ ਪਹਿਲਾਂ ਹੀ ਹੋ ਗਈ ਸੀ। ਪੁਲਿਸ ਨੇ ਉਸ ਨੂੰ ਕਸਟੱਡੀ ’ਚ ਲੈਕੇ ਪੁੱਛਗਿੱਛ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬੁਰੀ ਸੰਗਤ ਦੇ ਕਾਰਨ ਉਹ ਵੀ ਨਸ਼ਾ ਕਰਨ ਲੱਗ ਪਿਆ ਸੀ ਤੇ ਕੇਬਲ ਆਦਿ ਦੀਆਂ ਤਾਰਾਂ ਚੋਰੀ ਕਰਕੇ ਵੇਚਦਾ ਸੀ ਤੇ ਨਸ਼ਾ ਖਰੀਦਦਾ ਸੀ। ਉਸ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਸੀ।
---------------------
ਲੋਹੀਆਂ ਬੱਸ ਸਟੈਂਡ ਤੋਂ ਹੋਇਆ ਗ੍ਰਿਫ਼ਤਾਰ
ਨਾਬਾਲਿਗ ਮੁਲਜ਼ਮ ਨੂੰ ਪੁਲਿਸ ਨੇ ਲੋਹੀਆਂ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ। ਪਹਿਲਾਂ ਤਿੰਨ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਨਾਬਾਲਿਗ ਦੇ ਘਰ 'ਤੇ ਰੇਡ ਕੀਤੀ ਪਰ ਉਹ ਫਰਾਰ ਸੀ। ਉਸ ਦੇ ਮਾਤਾ–ਪਿਤਾ ਦਿਹਾੜੀਦਾਰ ਹਨ ਤੇ ਘਰ ’ਚ ਉਸ ਦੇ ਦੋ ਭੈਣ–ਭਰਾ ਹਨ। ਪੁਲਿਸ ਨੇ ਉਸ ਲਈ ਟ੍ਰੈਪ ਲਗਾਇਆ। ਐਤਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਨਾਬਾਲਿਗ ਬੱਸ ਸਟੈਂਡ ਨੇੜੇ ਵੇਖਿਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ’ਚ ਪਤਾ ਲੱਗਾ ਕਿ ਵਾਰਦਾਤ ’ਚ ਉਸ ਨੇ ਬਾਕੀ ਤਿੰਨਾਂ ਨਾਲ ਰਲ ਕੇ ਹਿੱਸਾ ਲਿਆ ਸੀ ਤੇ ਉਨ੍ਹਾਂ ਨੂੰ ਇਕੱਠੇ ਵਾਰਦਾਤ ਕਰਨ ਲਈ ਤਿਆਰ ਕੀਤਾ ਸੀ।
-------------------
ਪੁਲਿਸ ਨੇ ਮੈਡੀਕਲ ਕੈਂਪ ਲਗਾ ਕੇ ਗ੍ਰਿਫ਼ਤਾਰ ਕੀਤੇ ਮੁਲਜ਼ਮ
ਲੋਹੀਆਂ ਸਮੂਹਿਕ ਜਬਰ ਜਨਾਹ ਮਾਮਲੇ ਦੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀਆਂ ਪਰ ਕੋਈ ਕਾਮਯਾਬੀ ਨਹੀਂ ਮਿਲੀ। ਬਾਅਦ ’ਚ ਪੁਲਿਸ ਨੇ ਇਕ ਮੈਡੀਕਲ ਕੈਂਪ ਲਗਾਇਆ, ਜਿੱਥੇ ਪੁਲਿਸ ਦੀ ਟੀਮ ਡਾਕਟਰਾਂ ਦੇ ਨਾਲ ਸਾਦੇ ਕੱਪੜਿਆਂ ’ਚ ਬੈਠੀ ਰਹੀ। ਉੱਥੋਂ ਲੰਘਣ ਵਾਲੇ ਹਰੇਕ ਵਿਅਕਤੀ ਦੀ ਤਸਵੀਰ ਲਈ ਜਾ ਰਹੀ ਸੀ। ਫਲ–ਫਰੂਟ ਵੀ ਲਗਵਾਏ ਗਏ ਸਨ। ਇਸ ਦੌਰਾਨ ਦੋ ਨੌਜਵਾਨ ਦਵਾਈ ਲੈਣ ਲਈ ਆਏ। ਜਦੋਂ ਉਨ੍ਹਾਂ ਦੀ ਤਸਵੀਰ ਲਈ ਗਈ ਤਾਂ ਉਹ ਰੋਕਣ ਲੱਗੇ। ਪੁਲਿਸ ਨੇ ਬਹਾਨੇ ਨਾਲ ਤਸਵੀਰ ਲੈ ਕੇ ਪੀੜਤ ਔਰਤ ਨੂੰ ਭੇਜੀ, ਜਿਸ ਨੇ ਦੋਵਾਂ ਨੂੰ ਤੁਰੰਤ ਪਛਾਣ ਲਿਆ। ਇਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰਕੇ ਤੀਜੇ ਮੁਲਜ਼ਮ ਨੂੰ ਵੀ ਵੇਖ ਲਿਆ ਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਚੌਥਾ ਮੁਲਜ਼ਮ (ਨਾਬਾਲਿਗ) ਹੱਥ ਨਹੀਂ ਆ ਰਿਹਾ ਸੀ। ਉਸ ਦੇ ਘਰ ਦੇ ਬਾਹਰ ਪੁਲਿਸ ਦੀ ਟੀਮ ਤਾਇਨਾਤ ਕੀਤੀ ਗਈ। ਬਾਅਦ ’ਚ ਸੂਚਨਾ ਮਿਲੀ ਕਿ ਉਹ ਪਿੰਡ ’ਚ ਕਿਸੇ ਥਾਂ ਲੁਕਿਆ ਬੈਠਾ ਹੈ ਤੇ ਬੱਸ ਸਟੈਂਡ ਵੱਲ ਜਾ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਉਸ ਨੂੰ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕਰ ਲਿਆ।