ਸ਼ਾਰਟ ਸਰਕਟ ਨਾਲ ਲੱਗੀ ਅੱਗ ’ਚ ਦਿਵਿਆਂਗ ਲੜਕੀ ਦੀ ਦਰਦਨਾਕ ਮੌਤ
-ਫਾਇਰ ਬ੍ਰਿਗੇਡ ਵਿਭਾਗ ਨੇ
Publish Date: Tue, 20 Jan 2026 12:57 AM (IST)
Updated Date: Tue, 20 Jan 2026 01:00 AM (IST)
-ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ’ਤੇ ਪਾਇਆ ਕਾਬੂ, ਥਾਣਾ ਚਾਰ ਦੀ ਪੁਲਿਸ ਜਾਂਚ ’ਚ ਜੁਟੀ
ਜਾਸ, ਜਲੰਧਰ : ਜਲੰਧਰ ਦੇ ਫੁੱਟਬਾਲ ਚੌਕ ਨੇੜੇ ਵਿਜੇ ਨਗਰ ਇਲਾਕੇ ’ਚ ਸੋਮਵਾਰ ਰਾਤ ਅੱਠ ਵਜੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇਕ ਘਰ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਲਗਪਗ 30 ਸਾਲ ਦੀ ਦਿਵਿਆਂਗ ਲੜਕੀ ਦੀ ਜਿਊਂਦੀ ਸੜ ਕੇ ਮੌਤ ਹੋ ਗਈ। ਇਸ ਘਟਨਾ ਮਗਰੋਂ ਇਲਾਕੇ ’ਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਵਿਜੇ ਨਗਰ ਦੇ ਇਕ ਮਕਾਨ ਦੇ ਇਕ ਕਮਰੇ ’ਚ ਅਚਾਨਕ ਅੱਗ ਭੜਕ ਉਠੀ। ਸ਼ੁਰੂਆਤੀ ਤੌਰ ’ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਨੇ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ, ਜਿਸ ਕਮਰੇ ਵਿਚ ਅੱਗ ਲੱਗੀ, ਉੱਥੇ ਲੜਕੀ ਸੁੱਤੀ ਹੋਈ ਸੀ। ਇਹ ਵੀ ਦੱਸਿਆ ਗਿਆ ਹੈ ਕਿ ਲੜਕੀ ਦਿਵਿਆਂਗ ਸੀ ਤੇ ਇਸ ਕਰਕੇ ਉਹ ਸਮੇਂ ਸਿਰ ਆਪਣੇ-ਆਪ ਨੂੰ ਬਚਾਅ ਨਹੀਂ ਸਕੀ। ਅੱਗ ਤੇਜ਼ੀ ਨਾਲ ਫੈਲ ਗਈ ਤੇ ਦੇਖਦਿਆਂ ਹੀ ਦੇਖਦਿਆਂ ਪੂਰਾ ਕਮਰਾ ਲਪੇਟਚ ’ਚ ਆ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨੇੜਲੇ ਲੋਕਾਂ ਨੇ ਤੁਰੰਤ ਅੱਗ ਬੁਝਾਉਣ ਵਾਲੇ ਵਿਭਾਗ ਤੇ ਪੁਲਿਸ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ ਤੇ ਕਾਫੀ ਜੱਦੋ-ਜਹਿਦ ਮਗਰੋਂ ਅੱਗ 'ਤੇ ਕਾਬੂ ਪਾਇਆ। ਹਾਲਾਂਕਿ, ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਲੜਕੀ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਅੱਗ ਲੱਗਣ ਕਾਰਨ ਕਮਰੇ ’ਚ ਰੱਖਿਆ ਸਾਰਾ ਸਮਾਨ ਵੀ ਸੜ ਕੇ ਰਾਖ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਚਾਰ ਦੀ ਇੰਚਾਰਜ ਅਨੁ ਪਲਿਆਲ ਪੁਲਿਸ ਟੀਮ ਨਾਲ ਮੌਕੇ 'ਤੇ ਪੁੱਜੀ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਾ। ਪੁਲਿਸ ਵੱਲੋਂ ਘਰ ਦੇ ਹੋਰ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਜਾਂਚ ਪੂਰੀ ਹੋਣ ਮਗਰੋਂ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।