ਗੁਰੂ ਸਾਹਿਬ ਨਾਕਾਰਾਤਮਕ ਸੋਚ ਨੂੰ ਦੂਰ ਕਰਦੇ ਹਨ : ਗਿਆਨੀ ਹਰਪਾਲ ਸਿੰਘ
ਗੁਰੂ ਸਾਹਿਬ ਸਾਡੇ ਅੰਦਰੋਂ ਨਕਾਰਾਤਮਕ ਸੋਚ ਨੂੰ ਦੂਰ ਕਰਦੇ ਹਨ-ਗਿਆਨੀ ਹਰਪਾਲ ਸਿੰਘ
Publish Date: Fri, 21 Nov 2025 09:18 PM (IST)
Updated Date: Sat, 22 Nov 2025 04:13 AM (IST)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਕਸ਼ੈਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਚਾਂਸਲਰ ਸੰਤ ਮਨਮੋਹਨ ਸਿੰਘ ਦੀ ਪ੍ਰੇਰਣਾ ਤੇ ਵੀਸੀ ਡਾ. ਧਰਮਜੀਤ ਸਿੰਘ ਪਰਮਾਰ ਤੇ ਸਕੱਤਰ ਹਰਦਮਨ ਸਿੰਘ ਮਿਨਹਾਸ ਦੀ ਅਗਵਾਈ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੂਹਾਨੀ ਸ਼ਬਦ ਕੀਰਤਨ ਗੁਰਮਤਿ ਸਮਾਗਮ ਕਰਵਾਇਆ ਗਿਆ। ਪਦਮਸ਼੍ਰੀ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਆਪਣੇ ਸੁਰੀਲੇ, ਰਸਭਰੇ ਤੇ ਮਨ-ਪਵਿੱਤਰ ਕਰਨ ਵਾਲੇ ਗੁਰਮਤਿ ਸ਼ਬਦ ਕੀਰਤਨ ਰਾਹੀਂ ਸੰਗਤ ਦੇ ਹਿਰਦਿਆਂ ’ਚ ਗੁਰਬਾਣੀ ਦੀ ਅਨੁਭੂਤਮਈ ਰੌਸ਼ਨੀ ਘੋਲ ਦਿੱਤੀ। ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਆਧਾਰ ਬਣਾਉਂਦੇ ਹੋਏ ਕਿਹਾ ਕਿ ਗੁਰੂ ਸਾਹਿਬ ਜੀ ਸਾਡੀ ਸੋਚ ’ਚੋਂ ਨਾਕਾਰਾਤਮਕ ਸੋਚ ਨੂੰ ਦੂਰ ਕਰਦੇ ਹਨ। ਸਾਨੂੰ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ, ਕਿਰਤ ਕਰਨੀ ਚਾਹੀਦੀ ਹੈ ਤੇ ਲਾਲਚ ਵੱਸ ਪੈ ਕੇ ਮਨੁੱਖੀ ਜੀਵਨ ਦੇ ਅਸਲ ਮਕਸਦ ਤੋਂ ਭਟਕਣਾ ਨਹੀਂ ਚਾਹੀਦਾ। ਉਨਾਂ ਗੁਰਮਤਿ ਤੱਤ-ਚਿੰਤਨ, ਗੁਰੂ-ਪਰੰਪਰਾ ਦੀਆਂ ਦਾਰਸ਼ਨਿਕ ਗਹਿਰਾਈਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਸੰਦੇਸ਼ ਨੂੰ ਸੂਝ-ਬੂਝ, ਤਰਕ-ਪ੍ਰਵਾਹ ਨਾਲ ਵਿਆਖਿਆ ਕੀਤੀ। ਸੰਗਤ ਦੇ ਮਨ-ਚਿੱਤ ਗਿਆਨ-ਰਸ ਨਾਲ ਭਰ ਗਏ। ਉਨ੍ਹਾਂ ਦੀਆਂ ਅਧਿਆਤਮਕ ਵਿਆਖਿਆਵਾਂ ਨੇ ਗੁਰੂ ਸਾਹਿਬ ਦੀ ਤਪੱਸਵੀ ਜੀਵਨ-ਧਾਰਾ ਦੇ ਅੰਦਰ ਛੁਪੇ ਹੋਏ ਆਚਾਰ, ਅਡੋਲਤਾ, ਨੈਤਿਕ ਪਰਾਕ੍ਰਮ ਤੇ ਮਨੁੱਖੀ ਮਰਿਯਾਦਾ ਦੇ ਮੂਲ ਸਿਧਾਂਤਾਂ ’ਤੇ ਚਾਨਣਾ ਪਾਇਆ। ਸੰਤ ਸਰਵਣ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਇੰਨਟਰਨੈਸ਼ਨਲ ਸਕੂਲ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੇ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਨਰਸਿੰਗ ਦੇ ਵਿਦਿਆਰਥੀਆਂ ਨੇ ਵੀ ਸ਼ਬਦ ਕੀਰਤਨ ਕੀਤੇ। ਇਸ ਸਮਾਗਮ ’ਚ ਸੰਤ ਬਾਬਾ ਭਾਗ ਸਿੰਘ ਐਜੂਕੇਸ਼ਨਲ ਕੰਪਲੈਕਸ ਦੇ 7 ਹਜ਼ਾਰ ਵਿਦਿਆਰਥੀ ਸ਼ਾਮਲ ਹੋਏ। ਇਹ ਧਾਰਮਿਕ ਸਮਾਗਮ ਸਮੂਹਿਕ ਅਰਦਾਸ ਤੇ ਗੁਰਮਤਿ ਲੰਗਰ ਸੇਵਾ ਨਾਲ ਇਹ ਰੂਹਾਨੀ ਅਨੁਭਵ ਸਰਬੱਤ ਹਿੱਤਕਾਰੀ ਸੰਕਲਪਾਂ ਦੀ ਪੁਨਰ ਪ੍ਰਤੀਗਿਆ ਨਾਲ ਮੁਕੰਮਲ ਹੋਇਆ।