ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਯਾਦ ’ਚ ਗੁਰਮਤਿ ਸਮਾਗਮ
ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਯਾਦ ’ਚ ਗੁਰਮਤਿ ਸਮਾਗਮ
Publish Date: Fri, 30 Jan 2026 07:23 PM (IST)
Updated Date: Fri, 30 Jan 2026 07:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਾਬਕਾ ਪ੍ਰਧਾਨ ਸੱਚਖੰਡ ਵਾਸੀ ਪਦਮਸ੍ਰੀ ਤੇ ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਚੌਥਾ ਸਾਲਾਨਾ ਮਹਾਨ ਗੁਰਮਤਿ ਸਮਾਗਮ 27, 28 ਅਤੇ 29 ਜਨਵਰੀ ਨੂੰ ਗੁਰਦੁਆਰਾ ਬੜੂ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮਹਾਨ ਸਮਾਗਮ ਦੌਰਾਨ 4021 ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਬਹੁਤ ਹੀ ਸਤਿਕਾਰ ਅਤੇ ਸ਼ਰਧਾ ਨਾਲ ਪਾਏ ਗਏ। ਇਸ ਮੌਕੇ ਪੰਥ-ਪ੍ਰਸਿੱਧ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਸੰਤ ਬਾਬਾ ਕਾਕਾ ਸਿੰਘ, ਬੁੰਗਾ ਮਸਤੂਆਣਾ ਸਾਹਿਬ, ਕੀਰਤਨੀ ਜਥਾ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿੱਦਿਆਰਥੀ, ਅਕਾਲ ਗੁਰਮਤਿ ਸੰਗੀਤ ਵਿੱਦਿਆਲੇ ਦੇ ਵਿੱਦਿਆਰਥੀ, ਅਨਾਹਦ ਬਾਣੀ ਤੰਤੀ ਸਾਜ ਜਥਾ (ਇਟਰਨਲ ਯੂਨੀਵਰਸਿਟੀ) ਵੱਲੋਂ ਹਾਜ਼ਰੀ ਭਰੀ ਗਈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਬਚਨਾਂ ਦੀ ਸਾਂਝ ਪਾਈ ਅਤੇ ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੌਰ ਤੇ ਸਰਬ ਸਾਂਝੀਵਾਲਤਾ ਨੂੰ ਸਮਰਪਿਤ ਰਿਹਾ। ਹਰ ਧਰਮ ਦੇ ਸੰਤ ਮਹਾਪੁਰਖਾਂ ਨੇ ਸੰਗਤ ਦੇ ਦਰਸ਼ਨ ਕੀਤੇ ਅਤੇ ਸਮੂਹ ਸੰਗਤ ਨੂੰ ਵਚਨਾਂ ਨਾਲ ਨਿਹਾਲ ਕੀਤਾ। ਡਾ. ਦਵਿੰਦਰ ਸਿੰਘ ਤੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ ਨੇ ਸਮਾਗਮ ’ਤੇ ਪਹੁੰਚੇ ਸਿੰਘ ਸਾਹਿਬਾਨ ਤੇ ਕੀਰਤਨੀਏ, ਕਥਾਵਾਚਕਾਂ ਦਾ ਤੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਵੱਲੋਂ ਹਾਜ਼ਰੀ ਭਰਨ ਤੇ ਤਹਿ-ਦਿਲੋਂ ਧੰਨਵਾਦ ਕੀਤਾ।