ਕਤਲ ਮਾਮਲੇ ਦੀ ਮਾਸਟਰਮਾਈਂਡ ਨੀਤਿਕਾ ਮਹੰਤ ਗ੍ਰਿਫ਼ਤਾਰ
ਗੁਰਾਇਆ ਪੁਲਿਸ ਵੱਲੋਂ ਸ਼ਿਵਾਨੀ ਮਹੰਤ ਕਤਲ ਮਾਮਲੇ ਦੀ ਮਾਸਟਰਮਾਈਂਡ ਨੀਤਿਕਾ ਮਹੰਤ ਗ੍ਰਿਫਤਾਰ
Publish Date: Sat, 17 Jan 2026 08:56 PM (IST)
Updated Date: Sat, 17 Jan 2026 08:57 PM (IST)

ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਥਾਣਾ ਗੁਰਾਇਆ ਦੀ ਪੁਲਿਸ ਨੇ ਸ਼ਿਵਾਨੀ ਮਹੰਤ ਕਤਲ ਮਾਮਲੇ ’ਚ ਮੁੱਖ ਮੁਲਜ਼ਮ ਤੇ ਮਾਸਟਰਮਾਈਂਡ ਨੀਤਿਕਾ ਮਹੰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਗੁਰਾਇਆ ਦੇ ਮੁੱਖ ਅਫਸਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਮਾਮਲਾ ਪਹਿਲਾਂ ਸੜਕ ਹਾਦਸਾ ਜਾਂ ਸ਼ੱਕੀ ਹਾਲਾਤ ’ਚ ਮੌਤ ਦਿਖਾਉਣ ਦੀ ਕੋਸ਼ਿਸ਼ ਸੀ ਪਰ ਜਾਂਚ ਦੌਰਾਨ ਕਤਲ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਦੱਸਿਆ ਕਿ ਮਿਤੀ 5 ਸਤੰਬਰ 2025 ਨੂੰ ਗਾਰੂ ਰਾਮ ਵਾਸੀ ਲਸਵਾੜਾ, ਥਾਣਾ ਬਿਸ਼ਨਾ (ਜੰਮੂ) ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਉਸ ਦਾ ਛੋਟਾ ਭਰਾ ਸ਼ਿਵਾਨੀ ਮਹੰਤ ਕਰੀਬ 50 ਸਾਲਾਂ ਦਾ ਸੀ ਤੇ ਸਾਲ 2013 ਤੋਂ ਭਾਗਵੱਤੀ ਮਹੰਤ ਹਾਂਜੀ ਦੇ ਨਾਲ ਪਿੰਡ ਪੱਤੀ ਨੱਥੇ ਕੀ, ਗੁਰਾਇਆ ’ਚ ਰਹਿ ਰਿਹਾ ਸੀ। ਨੀਤਿਕਾ ਮਹੰਤ, ਜੋ ਕਰੀਬ 5-6 ਸਾਲ ਤੋਂ ਉਸ ਦੀ ਚੇਲੀ ਬਣ ਕੇ ਰਹਿ ਰਹੀ ਸੀ, ਨੇ 4 ਸਤੰਬਰ ਨੂੰ ਫੋਨ ਕਰਕੇ ਦੱਸਿਆ ਕਿ ਸ਼ਿਵਾਨੀ ਮਹੰਤ ਦੀ ਬਾਥਰੂਮ ’ਚ ਡਿੱਗਣ ਕਾਰਨ ਮੌਤ ਹੋ ਗਈ ਹੈ। ਜਦੋਂ ਪਰਿਵਾਰਕ ਮੈਂਬਰ ਬਿਲਗਾ ਦੇ ਚੈਰੀਟੇਬਲ ਹਸਪਤਾਲ ’ਚ ਲਾਸ਼ ਦੇਖਣ ਪੁੱਜੇ ਤਾਂ ਗਲੇ ’ਤੇ ਨਿਸ਼ਾਨ ਮਿਲਣ ਕਾਰਨ ਸ਼ੱਕ ਪੈਦਾ ਹੋਇਆ। ਇਸ ’ਤੇ ਥਾਣਾ ਗੁਰਾਇਆ ’ਚ ਮੁਕੱਦਮਾ ਦਰਜ ਕਰਕੇ ਐੱਸਆਈ ਜਸਵਿੰਦਰ ਪਾਲ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਹਰਦੀਪ ਸਿੰਘ ਉਰਫ ਦੀਪਾ (ਲੁਧਿਆਣਾ) ਤੇ ਜਤਿੰਦਰ ਸਿੰਘ ਉਰਫ ਪੱਪੀ (ਅੰਮ੍ਰਿਤਸਰ) ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ। ਐੱਸਐੱਚਓ ਵਿਰਕ ਨੇ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਦੀ ਮਦਦ ਨਾਲ 12 ਜਨਵਰੀ ਨੂੰ ਮੁੱਖ ਮੁਲਜ਼ਮ ਵਰਿੰਦਰ ਸਿੰਘ ਉਰਫ ਨੀਤਿਕਾ ਮਹੰਤ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਿਵਾਨੀ ਮਹੰਤ ਦਾ ਚੁੰਨੀ ਨਾਲ ਗਲਾ ਘੁੱਟ ਕੇ ਤੇ ਸਰਾਹਣੇ ਨਾਲ ਮੂੰਹ ਦਬਾ ਕੇ ਕਤਲ ਕੀਤਾ ਤੇ ਬਾਅਦ ’ਚ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਪੁਲਿਸ ਨੇ ਦੋਸ਼ਣ ਦੀ ਨਿਸ਼ਾਨਦੇਹੀ ’ਤੇ ਕਤਲ ’ਚ ਵਰਤੀ ਗਈ ਚੁੰਨੀ ਤੇ ਸਰਾਹਣਾ ਬਰਾਮਦ ਕਰ ਲਈ ਹੈ। ਸੋਨੇ ਦੇ ਗਹਿਣਿਆਂ ਦੀ ਵਿਕਰੀ ਤੇ ਹੋਰ ਸਾਥੀਆਂ ਸਬੰਧੀ ਡੂੰਘਾਈ ਨਾਲ ਜਾਂਚ ਜਾਰੀ ਹੈ।