ਬੰਦੂਕ ਵਰਗੀ ਚੀਜ਼ ਮਿਲਣ ’ਤੇ ਮਚੀ ਹਫੜਾ-ਦਫੜੀ
ਕਪੂਰ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਬੰਦੂਕ ਵਰਗੀ ਚੀਜ ਨੇ ਮਚਾਈ ਹਫੜਾ-ਦਫੜੀ
Publish Date: Wed, 24 Dec 2025 10:18 PM (IST)
Updated Date: Wed, 24 Dec 2025 10:19 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪਠਾਨਕੋਟ ਚੌਕ ਸਥਿਤ ਕਪੂਰ ਹਸਪਤਾਲ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਹਸਪਤਾਲ ਦੇ ਬਾਥਰੂਮ ’ਚੋਂ ਬੰਦੂਕ ਵਰਗੀ ਚੀਜ਼ ਮਿਲੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਸਪਤਾਲ ਪ੍ਰਬੰਧਨ ਨੇ ਤੁਰੰਤ ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਤੋਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਇਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਬਾਥਰੂਮ ’ਚੋਂ ਮਿਲੀ ਬੰਦੂਕ ਅਸਲੀ ਹਥਿਆਰ ਨਹੀਂ ਸੀ, ਸਗੋਂ ਏਅਰ ਗਨ ਸੀ। ਫਿਰ ਵੀ ਸਾਵਧਾਨੀ ਵਜੋਂ ਪੁਲਿਸ ਨੇ ਏਅਰ ਗਨ ਨੂੰ ਜ਼ਬਤ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦਾ ਇਕ ਕਰਮਚਾਰੀ ਬਾਥਰੂਮ ’ਚ ਗਿਆ ਤੇ ਉੱਥੇ ਇਕ ਬੰਦੂਕ ਵਰਗੀ ਚੀਜ਼ ਪਈ ਦੇਖੀ। ਉਸ ਨੇ ਤੁਰੰਤ ਹਸਪਤਾਲ ਪ੍ਰਬੰਧਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਮੌਕੇ ਤੇ ਪਹੁੰਚੇ ਡਿਵੀਜ਼ਨ ਨੰਬਰ 8 ਦੇ ਏਐੱਸਆਈ ਨਿਰਮਲ ਸਿੰਘ ਨੇ ਮਾਮਲੇ ਦੀ ਜਾਂਚ ਕੀਤੀ। ਮੁੱਢਲੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਇਕ ਦਿਨ ਪਹਿਲਾਂ ਇਕ ਆਦਮੀ ਉੱਥੇ ਕੰਮ ਕਰਨ ਵਾਲੀ ਇਕ ਔਰਤ ਤੋਂ ਬਾਥਰੂਮ ’ਚੋਂ ਮਿਲੀ ਕਿਸੇ ਚੀਜ਼ ਬਾਰੇ ਪੁੱਛਗਿੱਛ ਕਰਨ ਲਈ ਹਸਪਤਾਲ ਆਇਆ ਸੀ। ਇਹ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਉਸੇ ਵਿਅਕਤੀ ਨੇ ਏਅਰ ਗਨ ਬਾਥਰੂਮ ’ਚ ਛੱਡ ਦਿੱਤੀ ਹੋਵੇ। ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਬੰਦੂਕ ਨੂੰ ਏਅਰ ਗਨ ਜਾਂ ਖਿਡੌਣਾ ਬੰਦੂਕ ਮੰਨਿਆ ਜਾ ਸਕਦਾ ਹੈ। ਪੁਲਿਸ ਨੇ ਫਿਲਹਾਲ ਆਪਣੇ ਕਬਜ਼ੇ ’ਚ ਲੈ ਲਿਆ ਹੈ।