ਪਿੰਡ ਕਾਲਾ ਖੇਹੜਾ ’ਚ ਚੱਲੀ ਗੋਲੀ, ਇਕ ਜ਼ਖ਼ਮੀ
ਕਰਤਾਰਪੁਰ ਦੇ ਪਿੰਡ ਕਾਲਾ ਖੇਹੜਾ ’ਚ ਚੱਲੀ ਗੋਲੀ, ਇਕ ਜ਼ਖ਼ਮੀ
Publish Date: Wed, 19 Nov 2025 09:37 PM (IST)
Updated Date: Thu, 20 Nov 2025 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਰਤਾਰਪੁਰ : ਬੁੱਧਵਾਰ ਸ਼ਾਮ ਪਿੰਡ ਕਾਲਾ ਖੇਹੜਾ ’ਚ ਅਣਪਛਾਤੇ ਕਾਰ ਸਵਾਰਾਂ ਨੇ ਮੋਟਰਸਾਈਕਲ ਸਵਾਰਾਂ ਉੱਪਰ ਗੋਲੀਆਂ ਚਲਾਈਆਂ, ਜਿਸ ’ਚ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਨੂੰ ਦੋ ਗੋਲੀਆਂ ਲੱਗਣ ਦੀ ਜਾਣਕਾਰੀ ਮਿਲੀ ਹੈ। ਜ਼ਖ਼ਮੀ ਹਾਲਤ ’ਚ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਕਰਤਾਰਪੁਰ ਲਿਜਾਇਆ ਗਿਆ, ਜਿੱਥੇ ਪ੍ਰਾਇਮਰੀ ਇਲਾਜ ਦੇ ਬਾਅਦ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਪਿੰਡ ’ਚ ਗੋਲੀ ਚੱਲਣ ਦੀ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਕਰੀਬ 5 ਵਜੇ ਹਰਪਾਲ ਉਰਫ਼ ਰੋਮੀ ਆਪਣੇ ਭਰਾ ਨਾਲ ਕੁਝ ਸਾਮਾਨ ਖਰੀਦਣ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਉਸ ਉੱਪਰ ਫਾਇਰਿੰਗ ਕਰ ਦਿੱਤੀ। ਗੋਲੀਬਾਰੀ ਦੌਰਾਨ ਮੋਟਰਸਾਈਕਲ ਹੇਠਾਂ ਡਿੱਗ ਗਿਆ ਤੇ ਰੋਮੀ ਨੂੰ ਦੋ ਗੋਲੀਆਂ ਲੱਗਣ ਦੀ ਜਾਣਕਾਰੀ ਮਿਲ ਰਹੀ ਹੈ। ਰਾਹਗੀਰਾਂ ਨੇ ਜ਼ਖ਼ਮੀ ਰੋਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਬਾਅਦ ’ਚ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਜ਼ਖ਼ਮੀ ਰੋਮੀ ਗੋਆ ’ਚ ਸੈਲੂਨ ਦਾ ਕੰਮ ਕਰਦਾ ਹੈ ਤੇ ਕੁਝ ਦਿਨ ਪਹਿਲਾਂ ਹੀ ਘਰ ਆਇਆ ਸੀ। ਇਸ ਸਬੰਧੀ ਜਦੋਂ ਥਾਣਾ ਇੰਚਾਰਜ ਰਮਨਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਕ ਲੜਕੇ ਨੂੰ ਗੋਲੀ ਲੱਗਣ ਦੀ ਜਾਣਕਾਰੀ ਮਿਲੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।