ਨਾਨੀ ਦੀ ਹੱਤਿਆ ਦੇ ਮਾਮਲੇ ’ਚ ਦੋਹਤੇ ਨੂੰ ਉਮਰ ਕੈਦ
ਨਸ਼ੇ ਲਈ ਪੈਸੇ ਨਾ
Publish Date: Thu, 11 Dec 2025 10:59 PM (IST)
Updated Date: Thu, 11 Dec 2025 11:03 PM (IST)
ਨਸ਼ੇ ਲਈ ਪੈਸੇ ਨਾ ਦੇਣ ’ਤੇ ਕੀਤੀ ਸੀ ਹੱਤਿਆ, ਗਹਿਣੇ ਵੀ ਲੁੱਟੇ
2 ਮੁਲਜ਼ਮ ਬਰੀ, ਇਕ ਲੱਖ ਵੀਹ ਹਜ਼ਾਰ ਦਾ ਜੁਰਮਾਨਾ ਵੀ ਲਗਾਇਆ
ਜਾਸੰ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਨਾਨੀ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ’ਚ ਮੁੱਖ ਮੁਲਜ਼ਮ ਦੋਹਤੇ ਰਕਸ਼ੇ ਨਿਵਾਸੀ ਛੋਟੀ ਬਾਰਾਦਰੀ ਪਾਰਟ-2 ਨੂੰ ਉਮਰ ਕੈਦ ਤੇ ਇਕ ਲੱਖ ਵੀਹ ਹਜ਼ਾਰ ਰੁਪਏ ਦਾ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹੁਕਮ ’ਚ ਇਹ ਵੀ ਕਿਹਾ ਹੈ ਕਿ ਜੇ ਦੋਸ਼ੀ ਜੁਰਮਾਨਾ ਨਹੀਂ ਦਿੰਦਾ ਹੈ ਤਾਂ ਉਸ ਨੂੰ ਇਕ ਸਾਲ ਹੋਰ ਸਜ਼ਾ ਭੁਗਤਨੀ ਪਵੇਗੀ। ਉੱਧਰ ਇਸ ਮਾਮਲੇ ’ਚ ਨਾਮਜ਼ਦ ਕੀਤੇ ਗਏ ਦੋ ਹੋਰ ਮੁਲਜ਼ਮ ਜਾਇਲ ਮਸੀਹ ਤੇ ਵਿਕਾਸ ਨੂੰ ਦੋਸ਼ ਸਾਬਤ ਨਾ ਹੋਣ ਕਾਰਨ ਅਦਾਲਤ ਨੇ ਬਰੀ ਕਰਨ ਦਾ ਹੁਕਮ ਦਿੱਤਾ ਹੈ।
ਇਹ ਮਾਮਲਾ 21 ਦਸੰਬਰ 2022 ਨੂੰ ਉਦੋਂ ਦਰਜ ਹੋਇਆ ਸੀ ਜਦ ਥਾਣਾ ਸਦਰ ’ਚ ਉਸਮਾਨਪੁਰ ਦੀ ਪ੍ਰਤਿਮਾ ਪੁੱਤਰੀ ਹਰਮਿੰਦਰ ਪਾਲ ਛਾਬੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪ੍ਰਤਿਮਾ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਕਿਹਾ ਸੀ ਕਿ ਉਸ ਦੀ ਮਾਂ ਵਿਜੇ ਛਾਬੜਾ ਘਰ ’ਚ ਮ੍ਰਿਤ ਪਾਈ ਗਈ। ਪ੍ਰਤਿਮਾ ਦਾ ਦੋਸ਼ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਮਾਂ ਨੂੰ ਸਿਰਹਾਨੇ ਨਾਲ ਦੱਬ ਕੇ ਮਾਰ ਦਿੱਤਾ ਤੇ ਘਰ ’ਚੋਂ ਸੋਨੇ ਦੀਆਂ ਵਾਲੀਆਂ, ਕੰਗਨ, ਚੇਨ ਤੇ ਨਕਦੀ ਲੁੱਟ ਲਈ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਤੁਰੰਤ ਮੌਕੇ ’ਤੇ ਪੁਹੰਚੇ। ਘਟਨਾ ਸਥਾਨ ਦੀ ਜਾਂਚ ਕੀਤੀ ਤੇ ਮਾਮਲਾ ਦਰਜ ਕੀਤਾ। ਜਾਂਚ ’ਚ ਇਹ ਸਾਹਮਣੇ ਆਇਆ ਕਿ ਹੱਤਿਆ ਕਿਸੇ ਬਾਹਰੀ ਵਿਅਕਤੀ ਨੇ ਨਹੀਂ ਸਗੋਂ ਮ੍ਰਿਤਕਾ ਦੇ ਦੋਹਤੇ ਰਕਸ਼ੇ ਨੇ ਹੀ ਕੀਤੀ ਸੀ। ਰਕਸ਼ੇ ਨਸ਼ੇ ਦਾ ਆਦੀ ਸੀ ਤੇ ਕਈ ਦਿਨਾਂ ਤੋਂ ਪੈਸੇ ਮੰਗ ਰਿਹਾ ਸੀ। ਘਟਨਾ ਵਾਲੇ ਦਿਨ ਉਹ ਆਪਣੀ ਨਾਨੀ ਦੇ ਘਰ ਆਇਆ ਤੋਂ ਉਸ ਤੋਂ ਪੈਸੇ ਮੰਗਣ ਲੱਗਾ। ਜਦ ਬਜ਼ੁਰਗ ਔਰਤ ਨੇ ਨਾਂਹ ਕੀਤੀ ਤਾਂ ਗੁੱਸੇ ਦੀ ਹਾਲਤ ’ਚ ਰਕਸ਼ੇ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਹੱਤਿਆ ਤੋਂ ਬਾਅਦ ਉਸ ਨੇ ਘਰ ’ਚ ਰੱਖੇ ਗਹਿਣੇ ਚੋਰੀ ਕਰ ਲਏ ਤੇ ਭੱਜ ਗਿਆ।