ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲਾਲਾ ਲਾਜਪਤ ਰਾਏ ਮਿਊਜ਼ੀਅਮ ਦਾ ਉਦਘਾਟਨ
ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲਾਲਾ ਲਾਜਪਤ ਰਾਏ ਮਿਊਜ਼ੀਅਮ ਦਾ ਉਦਘਾਟਨ
Publish Date: Mon, 08 Dec 2025 08:51 PM (IST)
Updated Date: Mon, 08 Dec 2025 09:06 PM (IST)
-ਕਿਹਾ, ਨੌਜਵਾਨਾਂ ਨੂੰ ਮਹਾਨ ਸੁਤੰਤਰਤਾ ਸੰਗਰਾਮੀ ਦੇ ਯੋਗਦਾਨ ਬਾਰੇ ਜਾਣਕਾਰੀ ਮਿਲੇਗੀ
-ਸਿਖਿਆਰਥੀਆਂ ਨੂੰ ਉਸਾਰੂ ਤੇ ਸਿਰਜਣਾਤਮਕ ਸਰਗਰਮੀਆਂ ’ਚ ਰੁਝੇ ਰਹਿਣ ਲਈ ਪ੍ਰੇਰਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇਥੇ ਗੁਲਾਬ ਦੇਵੀ ਹਸਪਤਾਲ ਵਿਖੇ ਲਾਲਾ ਲਾਜਪਤ ਰਾਏ ਮਿਊਜ਼ੀਅਮ ਦਾ ਉਦਘਾਟਨ ਕਰਦਿਆਂ ਮਹਾਨ ਆਜ਼ਾਦੀ ਘੁਲਾਟੀਏ ਵੱਲੋਂ ਦੇਸ਼ ਦੇ ਸੁਤੰਤਰਤਾ ਸੰਗਰਾਮ ’ਚ ਪਾਏ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਕਟਾਰੀਆ ਨੇ ਲਾਲਾ ਲਾਜਪਤ ਰਾਏ ਨਾਲ ਸਬੰਧਤ ਇਸ ਸੰਸਥਾ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਮਿਊਜ਼ੀਅਮ ਦੀ ਸਥਾਪਨਾ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਨਾ ਸਿਰਫ਼ ਮਹਾਨ ਸੁਤੰਤਰਤਾ ਸੰਗਰਾਮੀ ਦੇ ਜੀਵਨ, ਆਦਰਸ਼ਾਂ, ਆਜ਼ਾਦੀ ਦੇ ਸੰਘਰਸ਼ ’ਚ ਪਾਏ ਯੋਗਦਾਨ ਬਾਰੇ ਜਾਨਣ ਦਾ ਮੌਕਾ ਮਿਲੇਗਾ ਸਗੋਂ ਉਨ੍ਹਾਂ ਨੂੰ ਆਪਣੇ ਇਤਿਹਾਸ ਨਾਲ ਜੁੜਨ ਤੇ ਦੇਸ਼ ਦੀ ਤਰੱਕੀ ’ਚ ਸਰਗਰਮ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਵੀ ਮਿਲੇਗੀ। ਮਿਊਜ਼ੀਅਮ ’ਚ ਲਾਲਾ ਲਾਜਪਤ ਰਾਏ ਜੀਵਨ ਨਾਲ ਸਬੰਧਤ ਵੱਖ-ਵੱਖ ਤਸਵੀਰਾਂ, ਦਸਤਾਵੇਜ਼ ਆਦਿ ਰੱਖੇ ਗਏ ਹਨ, ਜੋ ਉਨ੍ਹਾਂ ਦੇ ਸੰਘਰਸ਼ ਤੇ ਪ੍ਰੇਰਨਾਤਮਕ ਜੀਵਨ ਦੀ ਝਲਕ ਪੇਸ਼ ਕਰਦੇ ਹਨ।
ਉਦਘਾਟਨ ਤੋਂ ਪਹਿਲਾਂ ਰਾਜਪਾਲ ਪੰਜਾਬ ਵੱਲੋਂ ਲਾਲਾ ਲਾਜਪਤ ਰਾਏ ਦੀ ਪ੍ਰਤਿਮਾ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਪਰੰਤ ਕਟਾਰੀਆ ਨੇ ਗੁਲਾਬ ਦੇਵੀ ਹਸਪਤਾਲ ਦੇ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਵਿਖੇ ਸਿਖਿਆਰਥੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਜੀਵਨ ’ਚ ਅੱਗੇ ਵਧਣ ਲਈ ਆਪਣੇ ਆਪ ਨੂੰ ਉਸਾਰੂ ਤੇ ਸਿਰਜਣਾਤਮਕ ਸਰਗਰਮੀਆਂ ’ਚ ਰੁਝੇ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਿਖਿਆਰਥੀਆਂ ਨੂੰ ਹਮੇਸ਼ਾ ਸਿਹਤਮੰਦ, ਖੁਸ਼ ਤੇ ਸਕਾਰਾਤਮਕ ਰਹਿਣ ਲਈ ਉਤਸ਼ਾਹਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਸਕੱਤਰ-ਟੂ-ਗਵਰਨਰ ਵਿਵੇਕ ਪ੍ਰਤਾਪ ਸਿੰਘ, ਐੱਸਡੀਐੱਮ ਰਣਦੀਪ ਸਿੰਘ ਹੀਰ, ਗੁਲਾਬ ਦੇਵੀ ਟਰੱਸਟ ਦੇ ਸਕੱਤਰ ਡਾ. ਰਾਜੇਸ਼ ਪਸਰੀਚਾ, ਟਰੱਸਟ ਦੇ ਸੀਈਓ ਡਾ. ਉਰਵਸ਼ੀ ਅਰੋੜਾ, ਟਰੱਸਟੀ ਕੁਮਾਰ ਰਾਜਨ, ਟਰੱਸਟ ਦੇ ਕਾਰਜਕਾਰੀ ਮੈਂਬਰ ਦੀਪਕ ਚੁੱਘ, ਡਾ. ਇੰਦਰਪਾਲ ਸਿੰਘ, ਡਾਇਰੈਕਟਰ ਆਫ਼ ਕਾਲਜਿਜ਼ ਸ਼ਿਵ ਮੋਦਗਿੱਲ ਆਦਿ ਵੀ ਮੌਜੂਦ ਸਨ।