ਅਸਲੀਅਤ ਇਹ ਹੈ ਕਿ ਇਹ ਆਰਤੀ ਜ਼ਿਲ੍ਹਾ ਜਲੰਧਰ ਦੇ ਸਤਲੁਜ ਦਰਿਆ ’ਤੇ ਵੱਸੇ ਕਸਬਾ ਫਿਲੌਰ ਦੇ ਜੰਮਪਲ ਪ੍ਰਸਿੱਧ ਵਿਦਵਾਨ, ਪ੍ਰਚਾਰਕ, ਸਮਾਜ ਸੁਧਾਰਕ, ਸੁਤੰਤਰਤਾ ਸੈਨਾਨੀ ਤੇ ਹਿੰਦੀ ਦੇ ਪਹਿਲੇ ਨਾਵਲਕਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਵੱਲੋਂ ਲਿਖੀ ਗਈ ਹੈ।

ਜਤਿੰਦਰ ਪੰਮੀ, ਜਲੰਧਰ : ਦੁਨੀਆ ਭਰ ’ਚ ਜਿੱਥੇ ਕਿਤੇ ਵੀ ਮੰਦਰ ਸਥਾਪਤ ਕੀਤਾ ਗਿਆ ਹੈ, ਉੱਥੇ ਰੋਜ਼ਾਨਾ ਸਵੇਰੇ ਤੇ ਸ਼ਾਮ ਵੇਲੇ ‘ਓਮ ਜੈ ਜਗਦੀਸ਼ ਹਰੇ’ ਦੀ ਆਰਤੀ ਗੂੰਜਦੀ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਹੀ ਨਹੀਂ ਹੈ ਕਿ ਇਹ ਆਰਤੀ ਕਿਸ ਨੇ ਲਿਖੀ। ਲੋਕ ਤਾਂ ਇਹੀ ਸਮਝਦੇ ਰਹੇ ਹਨ ਕਿ ਇਹ ਆਰਤੀ ਸੈਂਕਡ਼ੇ ਸਾਲ ਪੁਰਾਣੀ ਹੋਵੇਗੀ। ਅਸਲੀਅਤ ਇਹ ਹੈ ਕਿ ਇਹ ਆਰਤੀ ਜ਼ਿਲ੍ਹਾ ਜਲੰਧਰ ਦੇ ਸਤਲੁਜ ਦਰਿਆ ’ਤੇ ਵੱਸੇ ਕਸਬਾ ਫਿਲੌਰ ਦੇ ਜੰਮਪਲ ਪ੍ਰਸਿੱਧ ਵਿਦਵਾਨ, ਪ੍ਰਚਾਰਕ, ਸਮਾਜ ਸੁਧਾਰਕ, ਸੁਤੰਤਰਤਾ ਸੈਨਾਨੀ ਤੇ ਹਿੰਦੀ ਦੇ ਪਹਿਲੇ ਨਾਵਲਕਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਵੱਲੋਂ ਲਿਖੀ ਗਈ ਹੈ। ਸਮੇਂ ਦੀਆਂ ਸਰਕਾਰਾਂ ਤੇ ਲੋਕਾਂ ਦੀ ਭੁੱਲਣ ਦੀ ਆਦਤ ਸਦਕਾ ਪੰਡਿਤ ਜੀ ਹੌਲੀ-ਹੌਲੀ ਲੋਕ ਚੇਤਿਆਂ ’ਚੋਂ ਮਨਫੀ ਹੁੰਦੇ ਗਏ। ਸਰਕਾਰਾਂ ਤੇ ਸਿਆਸਤਦਾਨਾਂ ਨੇ ਉਸ ਮਹਾਨ ਨਾਇਕ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਅਤੇ ਉਨ੍ਹਾਂ ਦੀ ਕੋਈ ਸਦੀਵੀਂ ਯਾਦਗਾਰ ਵੀ ਨਹੀਂ ਬਣਾਈ। ਨਾ ਤਾਂ ਸਰਕਾਰ ਤੇ ਨਾ ਹੀ ਉਨ੍ਹਾਂ ਦੀ ਆਰਤੀ ਦਾ ਗੁਣਗਾਨ ਕਰਨ ਵਾਲਿਆਂ ਨੂੰ ਇਹ ਯਾਦ ਹੈ ਕਿ ਇਸ ਮਹਾਨ ਸ਼ਖ਼ਸੀਅਤ ਦਾ ਜਨਮ 30 ਸਤੰਬਰ ਨੂੰ ਹੋਇਆ ਸੀ। ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਫਿਲੌਰ ਦੇ ਕੁਝ ਸੂਝਵਾਨ ਲੋਕਾਂ ਨੇ ਮਰਹੂਮ ਅਜੇ ਸ਼ਰਮਾ ਦੀ ਅਗਵਾਈ ਹੇਠ 2007 ਪੰਡਿਤ ਸ਼ਰਧਾ ਰਾਮ ਫਿਲੌਰੀ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਸੀ। ਇਸ ਟਰੱਸਟ ਨੇ ਪਿਛਲੇ 14 ਸਾਲਾਂ ਦੌਰਾਨ ਫਿਲੌਰੀ ਨੂੰ ਮੁਡ਼ ਲੋਕ ਚੇਤਿਆਂ ’ਚ ਜਗਾਉਣ ਲਈ ਲਹਿਰ ਚਲਾਈ ਤੇ ਵਿਸ਼ਵ ਪੱਧਰ ’ਤੇ ਪੰਡਿਤ ਜੀ ਦੀਆਂ ਰਚਨਾਵਾਂ ਪਹੁੰਚਾਉਣ ਦਾ ਯਤਨ ਆਰੰਭਿਆ ਹੋਇਆ ਹੈ।
ਪੰਡਿਤ ਸ਼ਰਧਾ ਰਾਮ ਫਿਲੌਰੀ ਦੀਆਂ ਰਚਨਾਵਾਂ ਤੇ ਉਨ੍ਹਾਂ ਬਾਰੇ ਤੁਲਸੀ ਦੇਵ ਵੱਲੋਂ ਲਿਖੀ ਜੀਵਨੀ ਮੁਤਾਬਕ ਪੰਡਿਤ ਜੀ ਦਾ ਜਨਮ 30 ਸਤੰਬਰ 1837 ਨੂੰ ਹੋਇਆ ਸੀ। ਟਰੱਸਟ ਦੇ ਅਹੁਦੇਦਾਰਾਂ ਸੰਜੇ ਪਾਸੀ ਗਲੋਰੀ, ਰਿੰਕੂ ਪਾਸੀ, ਡਾ. ਕੇਵਲ ਕ੍ਰਿਸ਼ਨ, ਮਾਸਟਰ ਚੰਦਰ ਮੋਹਨ ਆਦਿ ਦਾ ਕਹਿਣਾ ਹੈ ਕਿ ਉਹ ਪਿਛਲੇ 14 ਸਾਲਾਂ ਤੋਂ ਹਰ ਸਾਲ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ ਆਪਣੇ ਤੌਰ ’ਤੇ ਮਨਾਉਂਦੇ ਹਨ ਪਰ ਕਦੇ ਵੀ ਕਿਸੇ ਸਰਕਾਰ ਨੇ ਉਨ੍ਹਾਂ ਨੂੰ ਯਾਦ ਰੱਖਣ ਦਾ ਕੋਈ ਉਪਰਾਲਾ ਨਹੀਂ ਕੀਤਾ ਤੇ ਇਸ ਮਹਾਨ ਸ਼ਖ਼ਸੀਅਤ ਨੂੰ ਅਣਗੌਲਿਆਂ ਕੀਤਾ ਹੈ।
ਸਿਵਲ ਅਧਿਕਾਰੀਆਂ ਦੀ ਪ੍ਰੀਖਿਆ ਲਈ ‘ਪੰਜਾਬੀ ਬਾਤਚੀਤ’ ’ਚੋਂ ਆਉਂਦੇ ਸਨ ਸਵਾਲ
ਪੰਡਿਤ ਸ਼ਰਧਾ ਰਾਮ ਫਿਲੌਰੀ ਵੱਲੋਂ ਲਿਖੀ ਗਈ ਪੁਸਤਕ ‘ਪੰਜਾਬੀ ਬਾਤਚੀਤ’ ਇਕ ਤਰ੍ਹਾਂ ਨਾਲ ਸ਼ਬਦਕੋਸ਼ ਹੀ ਹੈ, ਜਿਸ ’ਚੋਂ ਪੰਜਾਬ ਦੇ ਪੇਂਡੂ ਸਭਿਆਚਾਰ ਤੇ ਆਚਾਰ-ਵਿਹਾਰ ਨਾਲ ਜੁਡ਼ੇ ਅਜਿਹੇ ਸ਼ਬਦ ਹਨ ਜੋ ਕਿ ਨਵੀਂ ਪੀਡ਼੍ਹੀ ਨੂੰ ਪਤਾ ਹੀ ਨਹੀਂ ਹਨ। ਦੱਸਿਆ ਜਾਂਦਾ ਹੈ ਕਿ ਇਹ ਪੁਸਤਕ ਬਰਤਾਨਵੀ ਹਕੂਮਤ ਵੇਲੇ ਛਪੀ ਤਾਂ ਪੰਜਾਬ ’ਚ ਸੇਵਾਵਾਂ ਦੇਣ ਲਈ ਤਾਇਨਾਤ ਕੀਤੇ ਜਾਂਦੇ ਅੰਗਰੇਜ਼ ਅਫ਼ਸਰਾਂ ਨੂੰ ਇਹ ਪੁਸਤਕ ਪਡ਼੍ਹਨ ਲਈ ਦਿੱਤੀ ਜਾਂਦੀ ਸੀ ਤਾਂ ਜੋ ਉਹ ਪੰਜਾਬ ਬਾਰੇ ਜ਼ਮੀਨੀ ਪੱਧਰ ਦੀ ਜਾਣਕਾਰੀ ਹਾਸਲ ਕਰ ਸਕਣ। ਇਸ ਤੋਂ ਇਲਾਵਾ ਸਿਵਲ ਸੇਵਾਵਾਂ ਦੀ ਪ੍ਰੀਖਿਆ ’ਚ ਵੀ ਇਸ ਪੁਸਤਕ ’ਚੋਂ ਸਵਾਲ ਆਉਂਦੇ ਸਨ। ਪੰਡਿਤ ਸ਼ਰਧਾ ਰਾਮ ਫਿਲੌਰੀ ਟਰੱਸਟ ਵੱਲੋਂ ਇਹ ਪੁਸਤਕ ਛਪਵਾ ਕੇ ਵੰਡੀ ਗਈ ਹੈ ਅਤੇ ਪੰਜਾਬੀ ਸਭਿਆਚਾਰ ਤੇ ਆਚਾਰ-ਵਿਹਾਰ ਬਾਰੇ ਪੀਐੱਚਡੀ ਕਰਨ ਵਾਲੇ ਖੋਜਾਰਥੀ ਇਸ ਪੁਸਤਕ ਦੀ ਬਹੁਤ ਮੰਗ ਕਰਦੇ ਹਨ।
ਧੀਆਂ ਨੂੰ ਦਾਜ ’ਚ ਦਿੱਤਾ ਜਾਂਦਾ ਸੀ ਉਨ੍ਹਾਂ ਦਾ ਨਾਵਲ ‘ਭਾਗਯਵਤੀ’
ਪੰਡਿਤ ਸ਼ਰਧਾ ਰਾਮ ਫਿਲੌਰੀ ਨੂੰ ਹਿੰਦੀ ਸਾਹਿਤ ’ਚ ਪਹਿਲੇ ਨਾਵਲਕਾਰ ਹੋਣ ਦਾ ਮਾਣ ਵੀ ਹਾਸਲ ਹੈ। ਉਨ੍ਹਾਂ ਦੇ ‘ਭਾਗਯਵਤੀ’ ਨਾਂ ਦਾ ਹਿੰਦੀ ਨਾਵਲ ਲਿਖਿਆ ਸੀ। ਇਸ ਨਾਵਲ ਬਾਰੇ ਇਹ ਮਾਨਤਾ ਰਹੀ ਹੈ ਕਿ ਇਲਾਕੇ ਦੇ ਲੋਕ ਜਦੋਂ ਆਪਣੀ ਧੀ ਦਾ ਵਿਆਹ ਕਰਦੇ ਸਨ ਤਾਂ ਉਸ ਨੂੰ ਗ੍ਰਹਿਸਥ ਦੀ ਸਿੱਖਿਆ ਦੇਣ ਵਾਸਤੇ ਇਹ ਨਾਵਲ ਦਾਜ ’ਚ ਦਿੰਦੇ ਸਨ। ਟਰੱਸਟ ਦੇ ਅਹੁਦੇਦਾਰਾਂ ਮੁਤਾਬਕ ਅੱਜ ਵੀ ਕਈ ਲੋਕ ਆਪਣੀ ਧੀ ਦੇ ਵਿਆਹ ਵੇਲੇ ਇਹ ਨਾਵਲ ਉਸ ਨੂੰ ਦਾਜ ’ਚ ਦੇਣ ਲਈ ਲਿਜਾਂਦੇ ਹਨ।
ਟਰੱਸਟ ਨੇ ਪੰਡਿਤ ਜੀ ਦੀ ਯਾਦ ਮੁਡ਼ ਸੁਰਜੀਤ ਕੀਤੀ
ਫਿਲੌਰ ਦੇ ਸਮਾਜ ਸੇਵਕ, ਕੌਂਸਲਰ ਤੇ ਸਿਆਸਤਦਾਨ ਰਹੇ ਅਜੇ ਸ਼ਰਮਾ ਨੇ ਆਪਣੇ ਸੂਝਵਾਨ ਸਾਥੀਆਂ ਨਾਲ ਮਿਲ ਕੇ 2007 ’ਚ ਪੰਡਿਤ ਸ਼ਰਧਾ ਰਾਮ ਫਿਲੌਰੀ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ। ਇਸ ਟਰੱਸਟ ਨੇ ਅਣਥਕ ਯਤਨ ਕਰਕੇ ਉਨ੍ਹਾਂ ਦੀਆ ਰਚਨਾਵਾਂ ਦੀ ਖੋਜ ਕੀਤੀ ਅਤੇ 22 ਪੁਸਤਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਨ੍ਹਾਂ ਵਿਚ ਹਿੰਦੀ, ਪੰਜਾਬੀ, ਉਰੂਦ ਤੇ ਫ਼ਾਰਸੀ ਭਾਸ਼ਾ ਦੀਆਂ ਪੁਸਤਕਾਂ ਸ਼ਾਮਲ ਸਨ। ਟਰੱਸਟ ਨੇ 16 ਕਿਤਾਬਾਂ ਵੱਖ-ਵੱਖ ਥਾਵਾਂ ਤੋਂ ਹਾਸਲ ਕੀਤੀਆ, ਜਿਨ੍ਹਾਂ ’ਚੋਂ 4 ਪੁਸਤਕਾਂ ਛਪਵਾ ਕੇ ਵੰਡੀਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ ‘ਪੰਜਾਬੀ ਬਾਤਚੀਤ’, ‘ਭਾਗਯਵਤੀ’, ਸ਼੍ਧਾਪ੍ਰਕਾਸ਼ (ਜੀਵਨੀ), ‘ਸਤਿਆਧਰਮ ਮੁਕਤਾਵਲੀ ਤੇ ਸ਼ਤੋਪਦੇਸ਼’ ਸ਼ਾਮਲ ਹਨ। ਇਸ ਤੋਂ ਇਲਾਵਾ ਸਾਹਿਤ ਅਕਾਦਮੀ ਵੱਲੋਂ ਛਾਪੀ ਗਈ ਗਈ ‘ਭਾਰਤੀ ਸਾਹਿਤ ਦੇ ਨਿਰਮਾਤਾ ਸ਼ਰਧਾ ਰਾਮ ਫਿਲੌਰੀ’ ਪੁਸਤਕ ਵੀ ਸ਼ਾਮਲ ਹੈ। ਟਰੱਸਟ ਦੇ ਪ੍ਰਧਾਨ ਰਹੇ ਅਜੇ ਸ਼ਰਮਾ ਜਿਨ੍ਹਾਂ ਦਾ ਕਿ ਇਸ ਸਾਲ ਦੇਹਾਂਤ ਹੋ ਗਿਆ ਸੀ, ਦੇ ਛੋਟੇ ਭਰਾ ਰਾਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਵੱਲੋਂ ਲਿਖਤ ਪੁਸਤਕਾਂ ਟਰੱਸਟ ਨੇ ਛਪਵਾ ਕੇ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ’ਚ ਵੀ ਵੰਡੀਆਂ ਹਨ। ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਅਜੇ ਸ਼ਰਮਾ ਤੇ ਉਨ੍ਹਾਂ ਦੇ ਸਾਥੀਆਂ ਨੇ ਪੰਡਿਤ ਸ਼ਰਧਾ ਫਿਲੌਰੀ ਦੀਆਂ ਰਚਨਾਵਾਂ ਤੋਂ ਇਲਾਵਾ ਉਨ੍ਹਾਂ ਦੀ ਯਾਦਗਾਰ ਕਾਇਮ ਕਰਨ ਲਈ ਵੀ ਭਰਪੂਰ ਯਤਨ ਕੀਤੇ। ਸ਼ਰਧਾ ਰਾਮ ਫਿਲੌਰੀ ਚੌਕ ’ਚ ਰੱਖੀ ਗਈ ਤਾਂਬੇ ਦੀ ਮੂਰਤੀ ਟਰੱਸਟ ਨੇ ਆਪਣੇ ਤੌਰ ’ਤੇ ਫੰਡ ਇਕੱਠਾ ਕਰਕੇ 12-13 ਲੱਖ ਰੁਪਏ ਖ਼ਰਚ ਕਰਕੇ ਤਿਆਰ ਕਰਵਾ 2019 ’ਚ ਸਥਾਪਤ ਕੀਤੀ।
ਲਾਇਬ੍ਰੇਰੀ ’ਚ ਪੰਡਿਤ ਜੀ ਦੀ ਇਕ ਵੀ ਕਿਤਾਬ ਨਹੀਂ
ਨਗਰ ਕੌਂਸਲ ’ਚ ਪੰਡਿਤ ਸ਼ਰਧਾ ਰਾਮ ਫਿਲੌਰੀ ਮਿਊਂਸਪਲ ਲਾਇਬ੍ਰੇਰੀ ਬਣਾਈ ਗਈ ਹੈ ਜੋ ਕਿ ਇਸ ਵੇਲੇ ਸਟੋਰ ਵਜੋਂ ਵਰਤੀ ਜਾ ਰਹੀ ਹੈ। ਇਸ ਲਾਇਬ੍ਰੇਰੀ ਦੇ ਅੰਦਰ ਚਾਰ-ਪੰਜ ਅਲਮਾਰੀਆ ਤਾਂ ਮੌਜੂਦ ਹਨ ਪਰ ਉਨ੍ਹਾਂ ’ਚ ਕਿਤਾਬ ਇਕ ਵੀ ਨਹੀਂ ਹੈ। ਇੱਥੇ ਸ਼ਰਧਾ ਰਾਮ ਫਿਲੌਰੀ ਵੱਲੋਂ ਲਿਖੀਆਂ ਪੁਸਤਕਾਂ ’ਚੋਂ ਵੀ ਕੋਈ ਨਹੀਂ ਰੱਖੀ ਗਈ। ਇਸ ਲਾਇਬ੍ਰੇਰੀ ਦਾ ਨੀਂਹ-ਪੱਥਰ ਉਸ ਵੇਲੇ ਦੇ ਪਾਰਲੀਮਾਨੀ ਸਕੱਤਰ ਸਰਵਣ ਸਿੰਘ ਫਿਲੌਰ ਨੇ 7 ਜਨਵਰੀ 2009 ਨੂੰ ਰੱਖਿਆ ਸੀ ਅਤੇ ਲਾਇਬ੍ਰੇਰੀ ਤਿਆਰ ਹੋਣ ਉਪਰੰਤ ਇਸ ਦਾ ਉਦਘਾਟਨ ਵੀ ਸਰਵਣ ਸਿੰਘ ਫਿਲੌਰ ਵੱਲੋਂ 21 ਮਈ 2011 ਨੂੰ ਕੀਤਾ ਗਿਆ ਸੀ। 10 ਸਾਲ ਬੀਤ ਜਾਣ ’ਤੇ ਨਗਰ ਕੌਂਸਲ ਵੱਲੋਂ ਇਹ ਲਾਇਬ੍ਰੇਰੀ ਸ਼ਹਿਰ ਵਾਸੀਆਂ ਅਰਪਣ ਨਹੀਂ ਕੀਤੀ ਜਾ ਸਕੀ। ਇਸ ਤੋਂ ਪਤਾ ਲੱਗਦਾ ਹੈ ਕਿ ਸਥਾਨਕ ਕੌਂਸਲਰ ਤੇ ਪ੍ਰਧਾਨ ਇਸ ਮਹਾਨ ਸ਼ਖ਼ਸੀਅਤ ਦੇ ਕਿੰਨੇ ਕੁ ਕਦਰਦਾਨ ਹੋਣਗੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਮਹਿੰਦਰ ਰਾਮ ਚੁੰਬਰ ਨਾਲ ਮਿਲ ਕੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਪਰ ਉਹ ਬਹੁਤ ਜਲਦ ਹੀ ਪੰਡਿਤ ਸ਼ਰਧਾ ਰਾਮ ਫਿਲੌਰੀ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਲਾਇਬ੍ਰੇਰੀ ਤਿਆਰ ਕਰਕੇ ਲੋਕ ਅਰਪਣ ਕਰਵਾਉਣਗੇ। ਪ੍ਰਧਾਨ ਚੁੰਬਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਯਾਦ ’ਚ ਪਿਛਲੇ ਸਾਲ ਹੀ ਗੇਟ ਉਸਾਰਿਆ