ਨੰਬਰਦਾਰਾਂ ਨਾਲ ਵਾਅਦੇ ਕਰ ਕੇ ਭੁੱਲੀ ਸਰਕਾਰ : ਸਮਰਾ
ਸਰਕਾਰ ਨੰਬਰਦਾਰਾਂ ਨਾਲ ਕੀਤੇ ਵਾਅਦਿਆਂ ਨੂੰ ਕਰ ਰਹੀ ਅਣਗੌਲਿਆ - ਸਮਰਾ
Publish Date: Sat, 20 Dec 2025 09:40 PM (IST)
Updated Date: Sat, 20 Dec 2025 09:43 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਚੋਣਾਂ ਵੇਲੇ ਮੌਜੂਦਾ ਸਰਕਾਰ ਨੇ ਨੰਬਰਦਾਰਾਂ ਨਾਲ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੁਝ ਵਾਅਦੇ ਕੀਤੇ ਸਨ ਪਰ ਪਿਛਲੇ ਚਾਰ ਸਾਲ ਦੇ ਕਰੀਬ ਸਮਾਂ ਬੀਤਣ ਦੇ ਬਾਵਜੂਦ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਵੱਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਹ ਵਿਚਾਰ ਸੂਬਾ ਪ੍ਰਧਾਨ ਨੰਬਰਦਾਰ ਯੂਨੀਅਨ ਪੰਜਾਬ ਗੁਰਪਾਲ ਸਿੰਘ ਸਮਰਾ ਨੇ ਯੂਨੀਅਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਾਜ਼ਰ ਨੰਬਰਦਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਜਿਨਾਂ ’ਚ ਮਾਣਭੱਤਾ ਦੁਗਣਾ ਕਰਨਾ, ਨੰਬਰਦਾਰਾਂ ਦੀ ਨੰਬਰਦਾਰੀ ਜੱਦੀ ਪੁਸ਼ਟੀ ਕਰਨਾ ਤੇ ਹੋਰ ਕਈ ਮੰਗਾਂ ਲਈ ਬਹੁਤ ਵਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਈ ਕੈਬਨਿਟ ਮੰਤਰੀਆਂ ਨਾਲ ਮਿਲ ਕੇ ਤੇ ਮੰਗ ਪੱਤਰ ਦੇ ਕੇ ਉਨਾਂ ਵੱਲੋਂ ਚੋਣਾਂ ਚੋਣਾਂ ਵੇਲੇ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਗੁਹਾਰ ਲਗਾ ਚੁੱਕੇ ਹਾਂ ਪ੍ਰੰਤੂ ਸਰਕਾਰ ਨੰਬਰ ਤਰ੍ਹਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ। ਹੁਣ ਅਸੀਂ ਸੂਬਾ ਪੱਧਰੀ ਮੀਟਿੰਗ ’ਚ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ। ਮੀਤ ਪ੍ਰਧਾਨ ਹਰਕਵਲ ਸਿੰਘ ਮੁੱਧ ਨੇ ਕਿਹਾ ਕਿ ਸਰਕਾਰ ਜੇਕਰ ਨੰਬਰਦਾਰਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਵੱਡੇ ਪੱਧਰ ਤੇ ਯੂਨੀਅਨ ਵੱਲੋਂ ਸੰਘਰਸ਼ ਆਰੰਭਿਆ ਜਾਵੇਗਾ। ਇਸ ਮੌਕੇ ਨੰਬਰਦਾਰ ਯੂਨੀਅਨ ਵੱਲੋਂ ਹਰਜਿੰਦਰ ਸਿੰਘ ਸਮਰਾ ਯੂਕੇ, ਤਰਸੇਮ ਸਿੰਘ ਕਾਂਗਣਾਂ ਦੇ ਸਹਿਯੋਗ ਨਾਲ ਚਾਰ ਲੋੜਵੰਦ ਅਪਾਹਜ ਪਰਿਵਾਰਾਂ ਨੂੰ ਟਰਾਈ ਸਾਈਕਲ ਦਿੱਤੇ ਗਏ ਹਨ। ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਤੇ ਡੀਐੱਸਪੀ ਓੰਕਾਰ ਸਿੰਘ ਬਰਾੜ ਵੀ ਉਚੇਚੇ ਤੌਰ ’ਤੇ ਪਹੁੰਚੇ। ਯੂਨੀਅਨ ਵੱਲੋਂ ਉਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ, ਹਰਨੇਕ ਸਿੰਘ ਸਿੱਧੂਪੁਰ ਮੀਤ ਪ੍ਰਧਾਨ ਜਲੰਧਰ, ਰਾਜ ਕੁਮਾਰ ਮਹਿੰਮੀ, ਰਾਜ ਬਹਾਦਰ ਤੂਰ, ਬਾਪੂ ਲਾਭ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਦਲਵੀਰ ਸਿੰਘ, ਗੁਰਦੇਵ ਮਾਲੜੀ, ਬਲਦੀਸ ਸਿੰਘ, ਅਜੈਬ ਸਿੰਘ, ਜੁਗਰਾਜ ਸਿੰਘ, ਕੁਲਰਾਜ ਸਿੰਘ, ਹਰਭਜਨ ਬੰਗੜ, ਸਪੂਰਨ ਸਿੰਘ, ਰਤਨ ਰਾਏ ਨਕੋਦਰ, ਰਘਵੀਰ ਸਿੰਘ ਖਹਿਰਾ, ਨਿਰਮਲ ਸਿੰਘ, ਰੋਸ਼ਨ ਸਿੰਘ, ਸੁਲਖਣ ਸਿੰਘ, ਰਛਪਾਲ ਸਿੰਘ, ਹਰਮੇਲ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।