ਲੱਕੜ ਦੇ ਗੁਦਾਮ ’ਚ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜਿਆ
ਲੱਕੜ ਦੇ ਗੋਦਾਮ ’ਚ ਲਗੀ ਭਿਆਨਕ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ
Publish Date: Thu, 08 Jan 2026 07:05 PM (IST)
Updated Date: Thu, 08 Jan 2026 07:09 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੂਟਾਂ ਮੰਡੀ ਇਲਾਕੇ ’ਚ ਵੀਰਵਾਰ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਲੱਕੜ ਦੇ ਗੁਦਾਮ ’ਚ ਅਚਾਨਕ ਅੱਗ ਲੱਗ ਗਈ। ਸਵੇਰੇ 5 ਵਜੇ ਦੇ ਕਰੀਬ ਸ਼ੁਰੂ ਹੋਈ ਅੱਗ ਤੇਜ਼ੀ ਨਾਲ ਭਿਆਨਕ ਹੋ ਗਈ, ਜਿਸ ’ਚ ਦੂਰ-ਦੂਰ ਤੱਕ ਧੂੰਆਂ ਤੇ ਅੱਗ ਦੀਆਂ ਲਾਟਾਂ ਦਿਖਾਈ ਦੇ ਰਹੀਆਂ ਸਨ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਨੇੜਲੇ ਘਰਾਂ ਤੇ ਗਲੀਆਂ ’ਚ ਰਹਿਣ ਵਾਲੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਸਥਾਨਕ ਨਿਵਾਸੀਆਂ ਨੇ ਪਹਿਲਾਂ ਤਾਂ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਗੁਦਾਮ ’ਚ ਵੱਡੀ ਮਾਤਰਾ ’ਚ ਲੱਕੜ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ, ਨਿਵਾਸੀਆਂ ਨੇ ਤੁਰੰਤ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਲੱਕੜ ਦੇ ਵੱਡੇ ਭੰਡਾਰ ਨੇ ਅੱਗ ਬੁਝਾਉਣ ’ਚ ਫਾਇਰਫਾਈਟਰਾਂ ਲਈ ਕਾਫ਼ੀ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੁਦਾਮ ’ਚ ਸਟੋਰ ਕੀਤਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।