ਤਾਲਾਬੰਦ ਘਰ ’ਚੋਂ ਸੋਨਾ ਤੇ ਨਕਦੀ ਚੋਰੀ
ਵਿਦੇਸ਼ੋਂ ਪਰਤੀ ਔਰਤ ਦੇ ਤਾਲਾਬੰਦ ਘਰ ’ਚੋਂ ਸੋਨਾ ਤੇ ਨਕਦੀ ਹੋਈ ਚੋਰੀ
Publish Date: Fri, 05 Dec 2025 09:04 PM (IST)
Updated Date: Sat, 06 Dec 2025 04:15 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਥਾਣਾ ਇੱਕ ਅਧੀਨ ਆਉਂਦੇ ਇਲਾਕੇ ਆਨੰਦ ਨਗਰ ’ਚ ਵਿਦੇਸ਼ੋਂ ਪਰਤੀ ਔਰਤ ਦੇ ਘਰ ਅਜੀਬ ਤਰੀਕੇ ਨਾਲ 35 ਤੋਲੇ ਸੋਨਾ ਤੇ 2 ਹਜ਼ਾਰ ਯੂਐੱਸਏ ਡਾਲਰ ਦੀ ਨਕਦੀ ਚੋਰੀ ਹੋਣ ਦੀ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਵਿਦੇਸ਼ੋਂ ਪਰਤੀ ਬਜ਼ੁਰਗ ਔਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ 15 ਅਕਤੂਬਰ ਨੂੰ ਵਿਦੇਸ਼ੋਂ ਆਈ ਸੀ। ਉਸ ਨੇ ਆਪਣੇ ਮਕਾਨ ਦਾ ਇਕ ਕਮਰਾ ਕਿਰਾਏ ’ਤੇ ਦੇ ਕੇ ਆਪ ਵਿਦੇਸ਼ ਜਾਣ ਤੋਂ ਪਹਿਲਾਂ ਘਰ ਤੋਂ ਥੋੜ੍ਹੀ ਦੂਰ ਰਹਿੰਦੀ ਔਰਤ, ਜੋ ਉਸ ਦੇ ਘਰ ਦਾ ਘਰੇਲੂ ਕੰਮ ਵੀ ਕਰਦੀ ਸੀ, ਨੂੰ ਮਕਾਨ ਦੀਆਂ ਚਾਬੀਆਂ ਦੇ ਕੇ ਮਕਾਨ ਦੀ ਜ਼ਿੰਮੇਵਾਰੀ ਸੌਂਪੀ ਸੀ। ਮਕਾਨ ’ਚ ਇਕ ਪਰਿਵਾਰ ਕਿਰਾਏਦਾਰ ਰੱਖਿਆ ਸੀ, ਜਿਸ ਨੇ ਉਸ ਦੇ ਵਿਦੇਸ਼ ਜਾਣ ਤੋਂ ਬਾਅਦ ਮਕਾਨ ’ਚ ਹੋਰ ਕਿਰਾਏਦਾਰ ਰੱਖ ਲਏ। ਇਸ ਦਾ ਕਿਰਾਇਆ ਵੀ ਉਸ ਨੂੰ ਦੱਸੇ ਬਗੈਰ ਲੈਂਦੀ ਰਹੀ ਤੇ ਉਸ ਨੇ ਘਰ ਦੀਆਂ ਚਾਬੀਆਂ ਤੋਂ ਡੁਪਲੀਕੇਟ ਚਾਬੀਆਂ ਬਣਾ ਲਈਆਂ ਸਨ। ਉਸ ਦਾ ਕਹਿਣਾ ਹੈ ਕਿ ਜਦ ਉਹ ਵਿਦੇਸ਼ ਤੋਂ ਪਰਤੀ ਤਾਂ ਉਸ ਨੇ ਇੱਥੇ ਆ ਕੇ 10 ਤੋਲੇ ਸੋਨਾ ਹੋਰ ਖਰੀਦਿਆ, ਜਦਕਿ 25 ਤੋਲਾ ਸੋਨਾ ਉਸ ਕੋਲ ਪਹਿਲਾਂ ਹੀ ਮੌਜੂਦ ਸੀ। ਉਸ ਨੇ ਆਪਣੇ ਕੰਮ ਵਾਲੀ ਔਰਤ ਦੀ ਮਦਦ ਨਾਲ ਕੁਝ ਸੋਨਾ ਬੈੱਡ ’ਚ ਰੱਖਣ ਤੋਂ ਇਲਾਵਾ ਕੁਝ ਸੋਨਾ ਤੇ ਤਕਰੀਬਨ 2 ਹਜ਼ਾਰ ਯੂਐੱਸ ਡਾਲਰ ਅਲਮਾਰੀ ’ਚ ਰੱਖ ਦਿੱਤੇ ਸੀ। ਉਹ ਬੀਤੇ ਦਿਨੀਂ ਉਸ ਅਲਮਾਰੀ ’ਚੋਂ ਕੁਝ ਭਾਰਤੀ ਕਰੰਸੀ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਮਕਾਨ ’ਚ ਕਿਰਾਏ ’ਤੇ ਰਹਿ ਰਹੀ ਔਰਤ ਨੂੰ ਨਾਲ ਲੈ ਕੇ ਘਰੇਲੂ ਸਾਮਾਨ ਸਵੇਰੇ 11 ਵਜੇ ਖਰੀਦਣ ਲਈ ਗਈ। ਦੁਪਿਹਰ ਤਕਰੀਬਨ 2.30 ਵਜੇ ਵਾਪਸ ਪਰਤ ਕੇ ਅਲਮਾਰੀ ’ਚ ਪੈਸੇ ਰੱਖਣ ਲੱਗੀ ਤਾਂ ਦੇਖਿਆ ਕਿ ਉਥੋਂ ਬੈਗ ਚੋਰੀ ਹੋ ਚੁੱਕਾ ਸੀ। ਅਲਮਾਰੀ ’ਚੋਂ ਸੋਨਾ ਤੇ ਨਕਦੀ ਚੋਰੀ ਹੋ ਚੁੱਕੇ ਸੀ ਤੇ ਅਲਮਾਰੀ ਦੇ ਉੱਪਰਲੇ ਖਾਨੇ ’ਚ ਪਈ ਹੋਈ ਸੋਨੇ ਦੀ ਚੇਨੀ ਬਚ ਗਈ। ਉਸ ਨੇ ਦੱਸਿਆ ਕਿ ਉਹ ਆਪਣੇ ਤੌਰ ’ਤੇ ਬੈਗ ਲੱਭਦੀ ਰਹੀ ਤੇ ਜਦ ਬੈਗ ਵੀ ਨਾ ਲੱਭਾ ਤਾਂ ਫਿਰ ਜਦ ਉਸ ਨੇ ਬੈੱਡ ਦੀ ਜਾਂਚ ਕੀਤੀ ਤਾਂ ਉਸ ’ਚੋਂ ਵੀ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਉਸ ਨੇ ਦੱਸਿਆ ਕਿ ਚੋਰੀ ਕਰਨ ਸਮੇਂ ਕੋਈ ਵੀ ਤਾਲਾ ਨਹੀਂ ਤੋੜਿਆ ਗਿਆ। ਬਲਕਿ ਸਾਰੇ ਤਾਲੇ ਚਾਬੀਆਂ ਨਾਲ ਖੋਲ੍ਹੇ ਗਏ ਸਨ। ਉਸ ਦਾ ਕਹਿਣਾ ਹੈ ਕਿ ਉਸ ਦਾ 35 ਤੋਲੇ ਸੋਨਾ ਤੇ 2 ਹਜ਼ਾਰ ਡਾਲਰ ਚੋਰੀ ਹੋਏ ਹਨ। ਥਾਣਾ ਮੁਖੀ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਪੀੜਤ ਔਰਤ ਵੱਲੋਂ ਜਿਸ ਔਰਤ ’ਤੇ ਸ਼ੱਕ ਕੀਤਾ ਜਾ ਰਿਹਾ ਹੈ ਉਸ ਔਰਤ ਕੋਲੋਂ ਪੁੱਛਗਿੱਛ ਕਰਨ ਦੇ ਨਾਲ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।