ਗੋਬਿੰਦ ਸਪੋਰਟਸ ਕਲੱਬ ਦੇ ਖਿਡਾਰੀਆਂ ਨੇ ਦਿਖਾਈ ਪ੍ਰਤਿਭਾ
ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ ਵੱਲੋਂ ਅੰਡਰ-17 ਹਾਕੀ ਟੂਰਨਾਮੈਂਟ ਕਰਵਾਇਆ
Publish Date: Mon, 12 Jan 2026 08:35 PM (IST)
Updated Date: Mon, 12 Jan 2026 08:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ ਵੱਲੋਂ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਅੰਡਰ-17 ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ’ਚ ਜ਼ਿਲ੍ਹੇ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ ਤੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਟੂਰਨਾਮੈਂਟ ਦੇ ਪਹਿਲੇ ਮੈਚ ’ਚ ਸਿੰਘਪੁਰ ਤੇ ਸਿੰਘਪੁਰ ਏ ਟੀਮਾਂ ਦਰਮਿਆਨ ਮੁਕਾਬਲਾ ਹੋਇਆ, ਜਿਸ ’ਚ ਸਿੰਘਪੁਰ ਟੀਮ ਨੇ 5-3 ਨਾਲ ਜਿੱਤ ਹਾਸਲ ਕੀਤੀ। ਦੂਜੇ ਮੈਚ ’ਚ ਤਹਿਰਿੰਗ ਤੇ ਕੇਵੀਐੱਸ ਟੀਮ ਦਰਮਿਆਨ ਮੁਕਾਬਲਾ ਹੋਇਆ, ਜਿਸ ’ਚ ਤਹਿਰਿੰਗ ਟੀਮ ਨੇ 6-2 ਨਾਲ ਜਿੱਤ ਦਰਜ ਕੀਤੀ। ਅਗਲੇ ਮੈਚਾਂ ’ਚ ਸੁਰਜੀਤ ਸੈਂਟਰ ਸਲਾਹਪੁਰ ਤੇ ਚਾਨੀਮਾ ਵਿਖੋਸ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ’ਚ ਸੁਰਜੀਤ ਸੈਂਟਰ ਨੇ 3-0 ਨਾਲ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਦੁਆਬਾ ਸਕੂਲ ਤੇ ਸਿੰਘਪੁਰ ਟੀਮਾਂ ਦਰਮਿਆਨ ਹੋਏ ਮੈਚ ’ਚ ਦੁਆਬਾ ਸਕੂਲ ਨੇ 2-1 ਨਾਲ ਜਿੱਤ ਦਰਜ ਕੀਤੀ। ਕਲੱਬ ਦੇ ਪ੍ਰਧਾਨ ਅੰਤਰਰਾਸ਼ਟਰੀ ਹਾਕੀ ਖਿਡਾਰੀ ਸਰਬਜੀਤ ਸਿੰਘ ਬਾਹੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਨਿਖਾਰਨ ਤੇ ਉਨ੍ਹਾਂ ਨੂੰ ਉੱਚ ਪੱਧਰ ਦੀਆਂ ਖੇਡਾਂ ਵੱਲ ਲੈ ਜਾਣ ’ਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਖੇਡ ਸਮਾਗਮ ਕਰਵਾਏ ਜਾਂਦੇ ਰਹਿਣਗੇ। ਟੂਰਨਾਮੈਂਟ ਦੇ ਅੰਤ ’ਚ ਜੇਤੂ ਟੀਮਾਂ ਤੇ ਉੱਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ, ਕੋਚਾਂ ਤੇ ਖੇਡ ਪ੍ਰੇਮੀਆਂ ਦੀ ਵੱਡੀ ਗਿਣਤੀ ਹਾਜ਼ਰ ਰਹੀ।