ਜੀਐੱਨਡੀਯੂ ਤੇ ਪੀਯੂ ਵੱਲੋਂ ਫੁੱਟਬਾਲ ਮੈਚਾਂ ’ਚ ਜਿੱਤਾਂ ਦਰਜ
ਜੀਐੱਨਡੀਯੂ ਅੰਮ੍ਰਿਤਸਰ ਤੇ ਪੀਯੂ ਚੰਡੀਗੜ੍ਹ ਵੱਲੋਂ ਫੁੱਟਬਾਲ ਮੈਚਾਂ ’ਚ ਜਿੱਤਾਂ ਦਰਜ
Publish Date: Fri, 09 Jan 2026 06:42 PM (IST)
Updated Date: Fri, 09 Jan 2026 10:48 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਚੱਲ ਰਿਹਾ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਫੁੱਟਬਾਲ ਟੂਰਨਾਮੈਂਟ ਦਾ ਚੌਥਾ ਦਿਨ ਖੇਡ ਭਾਵਨਾ, ਜੋਸ਼ ਅਤੇ ਅਨੁਸ਼ਾਸਨ ਦੇ ਮਾਹੌਲ ’ਚ ਸਫਲਤਾਪੂਰਵਕ ਸੰਪੰਨ ਹੋਇਆ। ਇਸ ਟੂਰਨਾਮੈਂਟ ਦੇ ਚੌਥੇ ਦਿਨ ਦੇ ਮੁਕਾਬਲਿਆਂ ਦੌਰਾਨ ਮੁੱਖ ਮਹਿਮਾਨ ਵਜੋਂ ਸੁਸ਼ੀਲ ਕੁਮਾਰ (ਲੀਗ ਅਬਜ਼ਰਵਰ, ਏਆਈਯੂ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਟੂਰਨਾਮੈਂਟ ਦੇ ਸੁਚੱਜੇ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਅੰਤਰ-ਯੂਨੀਵਰਸਿਟੀ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡ ਭਾਵਨਾ, ਅਨੁਸ਼ਾਸਨ ਅਤੇ ਚੰਗੀ ਸੋਚ ਵਿਕਸਿਤ ਕਰਦੇ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਰੋਮਾਂਚਕ ਮੁਕਾਬਲੇ ਕਰਵਾਏ ਗਏ। ਪਹਿਲਾ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਐਚਪੀ ਯੂਨੀਵਰਸਿਟੀ ਸ਼ਿਮਲਾ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਦੂਸਰਾ ਮੁਕਾਬਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕਲਸਟਰ ਯੂਨੀਵਰਸਿਟੀ ਸ੍ਰੀਨਗਰ ਵਿਚਕਾਰ ਹੋਇਆ, ਜਿਸ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੇ ਬਿਹਤਰੀਨ ਖੇਡ ਦਿਖਾਉਂਦਿਆਂ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਚਾਂਸਲਰ ਸੰਤ ਮਨਮੋਹਨ ਸਿੰਘ, ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਤੇ ਹਰਦਮਨ ਸਿੰਘ ਮਿਨਹਾਸ (ਸਕੱਤਰ) ਵੀ ਮੌਜੂਦ ਰਹੇ।