ਬਿਨਾਂ ਐੱਨਓਸੀ ਬਿਜਲੀ ਕੁਨੈਕਸ਼ਨ ਦੇਣਾ ਸ਼ਲਾਘਾਯੋਗ ਫ਼ੈਸਲਾ : ਸ਼ਰਮਾ
ਗੈਰਮਨਜ਼ੂਰਸ਼ੁਦਾ ਕਾਲੋਨੀਆ ’ਚ ਬਿਨਾਂ ਐੱਨਓਸੀ ਬਿਜਲੀ ਕੁਨੈਕਸ਼ਨ ਦੇਣਾ ਸ਼ਲਾਘਾਯੋਗ ਫੈਸਲਾ-ਸੁਨੀਲ ਸ਼ਰਮਾ
Publish Date: Wed, 19 Nov 2025 08:16 PM (IST)
Updated Date: Wed, 19 Nov 2025 08:19 PM (IST)
--ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ-ਪੰਜਾਬ ਸਰਕਾਰ ਤੇ ਪਾਵਰਕਾਮ ਵੱਲੋਂ ਗੈਰਮਨਜ਼ੂਰਸ਼ੁਦਾ ਕਾਲੋਨੀਆਂ ’ਚ ਬਿਨਾਂ ਐੱਨਓਸੀ ਬਿਜਲੀ ਕੁਨੈਕਸ਼ਨ ਦੇਣ ਦੀ ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਨੇ ਸ਼ਲਾਘਾ ਕੀਤੀ ਹੈ। ਐਸੋਸੀਏਸ਼ਨ ਦੀ ਪ੍ਰਧਾਨ ਸੁਨੀਲ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਸਰਕਾਰ ਦੇ ਇਸ ਫੈਸਲੇ ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ ਗਈ। ਪ੍ਰਧਾਨ ਸੁਨੀਲ ਸ਼ਰਮਾ ਨੇ ਇਸ ਫੈਸਲਾ ਦਾ ਸਵਾਗਤ ਕਰਦਿਆ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਐਸੋਸੀਏਸ਼ਨ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਨੇ ਇਹ ਮੁੱਦਾ ਪਹਿਲਾਂ ਕਈ ਵਾਰ ਸਰਕਾਰ ਸਾਹਮਣੇ ਰੱਖਿਆ ਸੀ ਅਤੇ ਦਿੱਲੀ ’ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਹੋਈ ਅਹਿਮ ਮੀਟਿੰਗ ਦੌਰਾਨ ਵਿਸਥਾਰ ਨਾਲ ਚੁੱਕਿਆ ਸੀ। ਉਸ ਵੇਲੇ ਕੇਜਰੀਵਾਲ ਨੇ ਭਰੋਸਾ ਦਿੱਤਾ ਸੀ ਕਿ ਇਸ ਮੁੱਦੇ ਦਾ ਜਲਦ ਹੀ ਹੱਲ ਕੀਤਾ ਜਾਵੇਗਾ।
ਸੁਨੀਲ ਸ਼ਰਮਾ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਸ ਮੁੱਦੇ ਨੂੰ ਲੈ ਕੇ ਸਰਕਾਰ ਨਾਲ ਕਈ ਮੀਟਿੰਗਾਂ ਤੋਂ ਇਲਾਵਾ ਪੱਤਰ ਵੀ ਲਿਖੇ ਗਏ ਸਨ। ਇਸ ਦੇ ਨਤੀਜੇ ਵਜੋਂ ਸਰਕਾਰ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਜਨਤਾ ਤੇ ਛੋਟੇ ਉਦਯੋਗਾਂ ਦੋਵਾਂ ਦੇ ਹਿੱਤ ’ਚ ਹੈ। ਪ੍ਰਧਾਨ ਸੁਨੀਲ ਸ਼ਰਮਾ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨਾਲ ਉਦਯੋਗਾਂ ’ਚ ਕੰਮ ਕਰਨ ਵਾਲੇ ਕਾਮਿਆਂ, ਜਿਹੜੇ ਅਜਿਹੀਆਂ ਕਾਲੋਨੀਆਂ ’ਚ ਰਹਿ ਰਹੇ ਹਨ, ਬਿਨਾਂ ਕਿਸੇ ਅੜਿੱਕੇ ਦੇ ਬਿਜਲੀ ਦੀ ਸਹੂਲਤ ਪ੍ਰਾਪਤ ਕਰ ਸਕਣਗੇ। ਸਾਡੇ ਉਦਯੋਗਾਂ ’ਚ ਕੰਮ ਕਰਨ ਵਾਲੇ ਲੋਕਾਂ ਨੇ ਜ਼ਿੰਦਗੀ ਭਰ ਦੀ ਕਮਾਈ ਲਾ ਕੇ ਪਲਾਟ ਤੇ ਘਰ ਖਰੀਦੇ ਸਨ ਤੇ ਬਿਜਲੀ ਕੁਨੈਕਸ਼ਨ ਨਾ ਮਿਲਣ ਕਰਕੇ ਬਹੁਤ ਪਰੇਸ਼ਾਨ ਸਨ। ਇਸ ਪਰੇਸ਼ਾਨੀ ਕਾਰਨ ਕਈ ਵਰਕਰ ਤੇ ਪਰਿਵਾਰ ਆਪਣੇ ਸੂਬਿਆਂ ’ਚ ਪਰਤਣ ਬਾਰੇ ਸੋਚ ਰਹੇ ਸਨ। ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਇਸ ਫੈਸਲੇ ਨਾਲ ਜਿੱਥੇ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ’ਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ, ਉਥੇ ਹੀ ਉਦਯੋਗਾਂ ਨੂੰ ਵੀ ਵੱਡੀ ਰਹਾਤ ਮਿਲੀ ਹੈ ਕਿਉਂਕਿ ਕਾਮਿਆਂ ਦੇ ਜਾਣ ਨਾਲ ਲੇਬਰ ਦਾ ਸੰਕਟ ਪੈਦਾ ਹੋਣ ਦਾ ਖਤਰਾ ਬਣਿਆ ਹੋਇਆ ਸੀ। ਇਸ ਮੌਕੇ ਮੰਗਲ ਸਿੰਘ, ਮਲਕੀਤ ਸਿੰਘ, ਨਵਨੀਤ ਕੁਮਾਰ, ਨਵਦੀਪ ਕੁਮਾਰ, ਸੰਦੀਪ ਸ਼ਾਰਦਾ, ਸੰਦੀਪ ਅਗਰਵਾਲ, ਯੋਗੇਸ਼ ਸ਼ਰਮਾ, ਰਾਮ ਚੰਦਰ, ਸੰਦੀਪ ਮਹਾਜਨ, ਦਰਸ਼ਨ ਸਿੰਘ, ਅਰੁਣ ਸ਼ਰਮਾ, ਦਯਾ ਲਾਲ ਆਦਿ ਹਾਜ਼ਰ ਸਨ।