ਲੈਦਰ ਕੰਪਲੈਕਸ ਰੋਡ ’ਤੇ ਮਾਸੂਮ ਬੱਚੀ ਦੀ ਲਾਸ਼ ਬਰਾਮਦ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 23 Nov 2025 01:11 AM (IST)
Updated Date: Sun, 23 Nov 2025 01:13 AM (IST)

ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਦੇ ਲੇਦਰ ਕੰਪਲੈਕਸ ਰੋਡ ’ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਮਾਸੂਮ ਬੱਚੀ ਦੀ ਲਾਸ਼• ਗੁਆਂਢੀ ਦੇ ਘਰ ਦੇ ਬਾਥਰੂਮ ’ਚੋਂ ਮਿਲੀ। ਇਹ ਘਟਨਾ ਸ਼ਾਮ ਵੇਲੇ ਵਾਪਰੀ, ਜਦੋਂ ਬੱਚੀ ਆਪਣੇ ਘਰ ਤੋਂ ਬਾਹਰ ਖੇਡਣ ਲਈ ਨਿਕਲੀ ਸੀ ਪਰ ਵਾਪਸ ਨਹੀਂ ਆਈ। ਪਰਿਵਾਰਕ ਮੈਂਬਰ ਘਬਰਾ ਗਏ ਤੇ ਨੇੜਲੇ ਇਲਾਕਿਆਂ ’ਚ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੋਕਾਂ ਨੇ ਗੁਆਂਢੀ ਦੇ ਘਰ ਦੇ ਬਾਥਰੂਮ ’ਚੋਂ ਬੱਚੀ ਦੀ ਲਾਸ਼ ਮਿਲਣ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦਿਆਂ ਹੀ ਮੁਹੱਲੇ ’ਚ ਤਣਾਅ ਵਧ ਗਿਆ। ਗੁਆਂਢੀਆਂ ਨੇ ਦੱਸਿਆ ਕਿ ਬੱਚੀ ਨੂੰ ਲੱਭਣ ਦੌਰਾਨ ਜਦੋਂ ਗੁਆਂਢੀ ਦੇ ਘਰ ਦਾ ਬਾਥਰੂਮ ਖੋਲ੍ਹਿਆ ਗਿਆ ਤਾਂ ਉਹ ਅੰਦਰ ਮ੍ਰਿਤਕ ਮਿਲੀ। ਮ੍ਰਿਤਕ ਬੱਚੀ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਮਿਲਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਇਸ ਨਾਲ ਹੱਤਿਆ ਦਾ ਸ਼ੱਕ ਹੋਰ ਵੀ ਗਹਿਰਾ ਹੋ ਗਿਆ ਹੈ। ਹਾਲਾਂਕਿ ਇਹ ਸੱਟ ਡਿੱਗਣ ਨਾਲ ਲੱਗੀ ਹੈ ਜਾਂ ਕਿਸੇ ਹੋਰ ਕਾਰਨ ਨਾਲ, ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਤੇ ਪੁਲਿਸ ਦੀ ਜਾਂਚ ’ਚ ਹੀ ਲੱਗੇਗਾ। ਮੌਕੇ ਤੇ ਭੀੜ ਇਕੱਠੀ ਹੋ ਗਈ ਤੇ ਗੁੱਸੇ ਵਿਚ ਆਏ ਲੋਕਾਂ ਨੇ ਘਰ ਦੇ ਮਾਲਕ ਨੂੰ ਫੜ ਕੇ ਜ਼ਬਰਦਸਤ ਕੁੱਟਮਾਰ ਕੀਤੀ। ਸਥਿਤੀ ਬੇਕਾਬੂ ਹੁੰਦੀ ਦੇਖ ਕੇ ਬਸਤੀ ਬਾਵਾ ਖੇਲ ਦੀ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਵਿਅਕਤੀ ਨੂੰ ਭੀੜ ਤੋਂ ਬਚਾਅ ਕੇ ਸੁਰੱਖਿਅਤ ਥਾਣੇ ਲੈ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰਦਿਆਂ ਫਾਰੈਂਸਿਕ ਟੀਮ ਨੂੰ ਬੁਲਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ। ਦੇਰ ਰਾਤ ਤੱਕ ਪੁਲਿਸ ਅਧਿਕਾਰੀ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੇ ਸਨ। ਨੇੜਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।