ਆਨਲਾਈਨ ਸਿਸਟਮ ਖਿਲਾਫ ਕੂੜਾ ਚੁੱਕਣਾ ਬੰਦ, ਚੰਦਨ ਗਰੁੱਪ ਨੇ ਸਾਰੇ ਡੰਪ ਸਾਫ਼ ਕਰਵਾਏ
ਔਨਲਾਈਨ ਸਿਸਟਮ ਖਿਲਾਫ ਕੂੜਾ ਚੁੱਕਣਾ ਬੰਦ, ਚੰਦਨ ਗਰੁੱਪ ਨੇ ਸਾਰੇ ਡੰਪ ਸਾਫ਼ ਕਰਵਾਏ
Publish Date: Mon, 15 Dec 2025 09:49 PM (IST)
Updated Date: Mon, 15 Dec 2025 09:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਡਰਾਈਵਰ ਤੇ ਟੈਕਨੀਕਲ ਵਰਕਰ ਯੂਨੀਅਨ ਵੱਲੋਂ ਡੀਜ਼ਲ ਜਾਰੀ ਕਰਨ ਲਈ ਤੈਅ ਕੀਤੇ ਗਏ ਆਨਲਾਈਨ ਸਿਸਟਮ ਦੇ ਵਿਰੋਧ ’ਚ ਸੋਮਵਾਰ ਨੂੰ ਕੂੜਾ ਚੁੱਕਣ ਦਾ ਕੰਮ ਠੱਪ ਰੱਖਿਆ ਗਿਆ। ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਕਿ ਨਗਰ ਨਿਗਮ ਦਾ ਆਨਲਾਈਨ ਸਿਸਟਮ ਮਨਜ਼ੂਰ ਨਹੀਂ ਹੈ ਕਿਉਂਕਿ ਇਸ ਨਾਲ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਨਿਗਮ ਪੁਰਾਣੇ ਸਿਸਟਮ ਅਨੁਸਾਰ ਕੰਮ ਨਹੀਂ ਕਰਦਾ, ਤਦ ਤੱਕ ਕੰਮ ਬੰਦ ਰੱਖਿਆ ਜਾਵੇਗਾ। ਹਾਲਾਂਕਿ ਨਗਰ ਨਿਗਮ ਦੀ ਚੰਦਨ ਗਰੁੱਪ ਨਾਮ ਨਾਲ ਜਾਣੀ ਜਾਂਦੀ ਦੂਜੀ ਯੂਨੀਅਨ ਨੇ ਕੰਮ ਜਾਰੀ ਰੱਖਿਆ ਤੇ ਸ਼ਹਿਰ ਦੇ ਸਾਰੇ ਡੰਪਾਂ ਤੋਂ ਕੂੜਾ ਚੁੱਕਿਆ ਗਿਆ, ਜਿਸ ਨਾਲ ਨਿਗਮ ਨੂੰ ਕੁਝ ਰਾਹਤ ਮਿਲੀ। ਦੂਜੀ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ ਨੇ ਕਿਹਾ ਕਿ ਉਨਾਂ ਦੀ ਯੂਨੀਅਨ ਆਨਲਾਈਨ ਸਿਸਟਮ ਦੇ ਹੱਕ ’ਚ ਹੈ ਤੇ ਸੋਮਵਾਰ ਨੂੰ ਸਾਰੇ ਡੰਪਾਂ ਤੋਂ ਕੂੜਾ ਚੁੱਕਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਸਿਸਟਮ ਨਾਲ ਕੰਮ ’ਚ ਸੁਧਾਰ ਹੋ ਰਿਹਾ ਹੈ ਤੇ ਨਿਗਮ ਨੂੰ ਡੀਜ਼ਲ ਦੀ ਕਾਫ਼ੀ ਬਚਤ ਹੋ ਰਹੀ ਹੈ। ਉੱਥੇ ਹੀ ਕੰਮ ਨਾ ਕਰਨ ਵਾਲੀ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਕਿਹਾ ਕਿ ਆਨਲਾਈਨ ਸਿਸਟਮ ਸਰਕਾਰ ਦੀ ਨਾਕਾਮੀ ਹੈ। ਉਨ੍ਹਾਂ ਦੱਸਿਆ ਕਿ ਗੱਡੀਆਂ ਨੂੰ ਡੀਜ਼ਲ ਇਕ ਦਿਨ ਪਹਿਲਾਂ ਚੁੱਕੇ ਗਏ ਕੂੜੇ ਦੀ ਰਿਪੋਰਟ ਅਨੁਸਾਰ ਮਿਲਣਾ ਹੁੰਦਾ ਹੈ, ਪਰ ਨਿਗਮ ਵੱਲੋਂ ਹਰ ਰੋਜ਼ ਇਸ ’ਚ ਦੇਰੀ ਕੀਤੀ ਜਾਂਦੀ ਹੈ, ਜਿਸ ਕਾਰਨ ਡੀਜ਼ਲ ਮਿਲਣ ’ਚ ਦੇਰੀ ਹੁੰਦੀ ਹੈ ਤੇ ਡੰਪਾਂ ਤੋਂ ਕੂੜਾ ਚੁੱਕਣ ’ਚ ਮੁਸ਼ਕਲ ਆਉਂਦੀ ਹੈ। ਯੂਨੀਅਨ ਨੇਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਆਨਲਾਈਨ ਸਿਸਟਮ ਨੂੰ ਬੰਦ ਨਹੀਂ ਕੀਤਾ ਜਾਂਦਾ, ਉਹ ਕੰਮ ਨਹੀਂ ਕਰਨਗੇ। ਉੱਥੇ ਹੀ ਚੰਦਨ ਗਰੁੱਪ ਦੇ ਨੇਤਾ ਸੱਨੀ ਸਹੋਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਨਲਾਈਨ ਸਿਸਟਮ ’ਤੇ ਕੋਈ ਐਤਰਾਜ਼ ਨਹੀਂ ਹੈ। ਉਨ੍ਹਾਂ ਅਨੁਸਾਰ ਇਸ ਨਾਲ ਕੰਮ ’ਚ ਸੁਧਾਰ ਹੋ ਰਿਹਾ ਹੈ ਤੇ ਰੋਜ਼ਾਨਾ ਨਿਗਮ ਨੂੰ ਡੀਜ਼ਲ ਦੀ ਬਚਤ ਹੋਣ ਨਾਲ ਫ਼ਾਇਦਾ ਪਹੁੰਚ ਰਿਹਾ ਹੈ।