ਸਾਬਕਾ ਆਈਜੀ ਤੇ ਓਲੰਪੀਅਨ ਹਾਕੀ ਖਿਡਾਰੀ ਗਰਚਾ ਦਾ ਸਸਕਾਰ
ਸਾਬਕਾ ਆਈਜੀ ਤੇ ਓਲੰਪੀਅਨ ਹਾਕੀ ਖਿਡਾਰੀ ਦਵਿੰਦਰ ਸਿੰਘ ਗਰਚਾ ਪੰਚਤੱਤਵ ’ਚ ਵਿਲੀਨ
Publish Date: Wed, 14 Jan 2026 09:34 PM (IST)
Updated Date: Wed, 14 Jan 2026 09:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਆਈਜੀ ਤੇ ਓਲੰਪਿਅਨ ਦਵਿੰਦਰ ਸਿੰਘ ਗਰਚਾ ਦਾ ਤਿੰਨ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਬੁੱਧਵਾਰ ਨੂੰ ਓਲੰਪਿਅਨ ਦਵਿੰਦਰ ਸਿੰਘ ਗਰਚਾ ਦਾ ਅੰਤਿਮ ਸੰਸਕਾਰ ਕਿਸ਼ਨਪੁਰਾ ਸ਼ਮਸ਼ਾਨਘਾਟ ’ਚ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅੱਗ ਪੁੱਤਰ ਧਰਮਿੰਦਰ ਨੇ ਦਿੱਤੀ। ਅੰਤਿਮ ਸੰਸਕਾਰ ’ਚ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਲੋਕਾਂ ਦੇ ਨਾਲ-ਨਾਲ ਹਾਕੀ ਖਿਡਾਰੀ ਵੀ ਸ਼ਾਮਲ ਹੋਏ। ਅੰਤਿਮ ਸੰਸਕਾਰ ’ਚ ਵਿਧਾਇਕ ਪਰਗਟ ਸਿੰਘ, ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਰਾਜਿੰਦਰ ਬੇਰੀ, ਦਲਜੀਤ ਕਸਟਮ, ਓਲੰਪਿਅਨ ਹਰਪ੍ਰੀਤ ਮੰਡੇਰ, ਅਮਰੀਕ ਸਿੰਘ ਪੁਆਰ, ਅੰਗਦ ਕਪੂਰ, ਗੁਰਮੇਲ ਸਿੰਘ, ਸੁਰਿੰਦਰ ਸੋਢੀ, ਐੱਲਐੱਸ ਖੈਹਰਾ, ਧਰਮਪਾਲ ਸਿੰਘ, ਪ੍ਰੋ. ਬਲਵਿੰਦਰ ਸਿੰਘ, ਏਈਟੀਸੀ ਮਨਜੀਤ ਸਿੰਘ, ਸਰਬਜੀਤ ਸਿੰਘ ਸਮੇਤ ਕਈ ਖਿਡਾਰੀ ਹਾਜ਼ਰ ਸਨ। ਅੰਤਿਮ ਸੰਸਕਾਰ ’ਚ ਪੁੱਜੇ ਨਿਤਿਨ ਕੋਹਲੀ ਨੇ ਕਿਹਾ ਕਿ ਉਹ ਅਕਸਰ ਦਵਿੰਦਰ ਸਿੰਘ ਗਰਚਾ ਨਾਲ ਹਰ ਮਸਲੇ ’ਤੇ ਗੱਲਬਾਤ ਕਰਦੇ ਰਹਿੰਦੇ ਸਨ। ਉਹ ਉਨ੍ਹਾਂ ਦੇ ਚੰਗੇ ਦੋਸਤ ਵੀ ਸਨ। ਜਦੋਂ ਦਵਿੰਦਰ ਸਿੰਘ ਗਰਚਾ ਬਿਮਾਰ ਹੋਏ ਸਨ ਤਾਂ ਉਹ ਉਨ੍ਹਾਂ ਨੂੰ ਮਿਲਣ ਵੀ ਗਏ ਸਨ ਤੇ ਉਨ੍ਹਾਂ ਦੀ ਸਿਹਤ ’ਚ ਕਾਫ਼ੀ ਸੁਧਾਰ ਹੋ ਰਿਹਾ ਸੀ। ਅਚਾਨਕ ਉਨ੍ਹਾਂ ਦੇ ਦਿਹਾਂਤ ਨਾਲ ਹਾਕੀ ਖੇਡ ਜਗਤ ਨੂੰ ਵੱਡਾ ਨੁਕਸਾਨ ਪੁੱਜਾ ਹੈ। ਉਹ ਹਮੇਸ਼ਾ ਹਾਕੀ ਦੀ ਬਿਹਤਰੀ ਲਈ ਵਿਚਾਰ-ਵਟਾਂਦਰਾ ਕਰਦੇ ਰਹਿੰਦੇ ਸਨ। ਦਵਿੰਦਰ ਗਰਚਾ ਸਮੇਤ ਹੋਰ ਹਾਕੀ ਖਿਡਾਰੀਆਂ ਨੇ ਪੰਜਾਬ ਸਮੇਤ ਦੇਸ਼ ਦੀ ਹਾਕੀ ਦੀ ਮਜ਼ਬੂਤ ਨੀਂਹ ਰੱਖੀ। ਕਾਬਿਲੇਗ਼ੌਰ ਹੈ ਕਿ ਦਵਿੰਦਰ ਸਿੰਘ ਗਰਚਾ 1980 ਮਾਸਕੋ ਓਲੰਪਿਕ ’ਚ ਹਾਕੀ ਦਾ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਹਨ। ਉਹ ਪੰਜਾਬ ਪੁਲਿਸ ’ਚ ਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਸਨ। ਅੰਤਰਰਾਸ਼ਟਰੀ ਪੱਧਰ ’ਤੇ ਵੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸੀਮਤ ਟੂਰਨਾਮੈਂਟਾਂ ’ਚ ਹੀ ਉਨ੍ਹਾਂ ਨੇ ਕਈ ਅਹਿਮ ਗੋਲ ਕਰਕੇ ਪਛਾਣ ਇਕ ਤੇਜ਼ਤਰਾਰ ਖਿਡਾਰੀ ਵਜੋਂ ਬਣਾਈ। ਖੇਡ ਕਰੀਅਰ ਤੋਂ ਬਾਅਦ ਦਵਿੰਦਰ ਸਿੰਘ ਗਰਚਾ ਨੇ ਭਾਰਤੀ ਪੁਲਿਸ ਸੇਵਾ ’ਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਉਹ ਆਪਣੀ ਇਮਾਨਦਾਰੀ, ਅਨੁਸ਼ਾਸਨ ਤੇ ਸਖ਼ਤ ਪ੍ਰਸ਼ਾਸਨਿਕ ਕਾਰਜਸ਼ੈਲੀ ਲਈ ਜਾਣੇ ਜਾਂਦੇ ਸਨ। ਸੇਵਾਮੁਕਤੀ ਤੋਂ ਬਾਅਦ ਵੀ ਉਨ੍ਹਾਂ ਦਾ ਖੇਡਾਂ ਨਾਲ ਜੁੜਾਅ ਬਣਿਆ ਰਿਹਾ। ਉਹ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦੇ ਪ੍ਰਧਾਨ ਵੀ ਰਹੇ।