ਹਵਾਈ ਅੱਡੇ ਪੁੱਜੀਆਂ ਦੋ ਔਰਤਾਂ ਦੀਆਂ ਟਿਕਟਾਂ ਨਿਕਲੀਆਂ ਜਾਅਲੀ
ਸੰਵਾਦ ਸੂਤਰ, ਜਾਗਰਣ, ਆਦਮਪੁਰ
Publish Date: Fri, 02 Jan 2026 10:29 PM (IST)
Updated Date: Fri, 02 Jan 2026 10:32 PM (IST)
ਸੰਵਾਦ ਸੂਤਰ, ਜਾਗਰਣ, ਆਦਮਪੁਰ : ਆਦਮਪੁਰ ਹਵਾਈ ਅੱਡੇ ’ਤੇ ਸਟਾਰ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਨੰਦੇੜ ਜਾਣ ਲਈ ਪੁੱਜੀਆਂ ਦੋ ਔਰਤਾਂ ਦੀਆਂ ਟਿਕਟਾਂ ਜਾਅਲੀ ਨਿਕਲੀਆਂ। ਦੁਪਹਿਰ ਕਰੀਬ ਢਾਈ ਵਜੇ ਨੰਦੇੜ ਲਈ ਜਹਾਜ਼ ਉਡਾਨ ਭਰਦਾ ਹੈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਹਵਾਈ ਅੱਡਾ ਅਥਾਰਟੀ ਨੇ ਇਸ ਦੀ ਜਾਣਕਾਰੀ ਆਦਮਪੁਰ ਪੁਲਿਸ ਨੂੰ ਦਿੱਤੀ ਤੇ ਦੋਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਹਾਲਾਂਕਿ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯਾਤਰਾ ਲਈ ਟਿਕਟਾਂ ਇਕ ਏਜੰਟ ਰਾਹੀਂ ਬੁੱਕ ਕਰਵਾਈਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਦੋ ਔਰਤਾਂ ਨੇ ਆਪਣੀਆਂ ਟਿਕਟਾਂ ਏਅਰਲਾਈਨਜ਼ ਦੇ ਚੈਕਿੰਗ ਕਾਊਂਟਰ ਨੂੰ ਦਿੱਤੀਆਂ ਤਾਂ ਤਾਇਨਾਤ ਮੁਲਾਜ਼ਮ ਨੇ ਬੋਰਡਿੰਗ ਪਾਸ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਪਰ ਬੋਰਡਿੰਗ ਪਾਸ ਨਹੀਂ ਨਿਕਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹਵਾਈ ਅੱਡਾ ਅਥਾਰਟੀ ਦੇ ਉੱਚ ਅਧਿਕਾਰੀਆਂ ਨੂੰ ਦੱਸਿਆ। ਆਦਮਪੁਰ ਸਿਵਲ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਦਾ ਕਹਿਣਾ ਹੈ ਕਿ ਜਦੋਂ ਵੀ ਕਿਸੇ ਏਜੰਟ ਰਾਹੀਂ ਟਿਕਟ ਬੁੱਕ ਕਰਵਾਈ ਜਾਵੇ ਤਾਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਵਾਰੀ ਉਸ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ।