ਕਈ ਸਾਲਾਂ ਤੱਕ ਪੁਰਾਣੀ ਮਸ਼ੀਨ ਨਾਲ ਹੁੰਦੀ ਰਹੀ ਪਾਣੀ ਦੀ ਜਾਂਚ, ਐਮਰਜੈਂਸੀ ਕਿੱਟ ਦਾ ਵੀ ਨਹੀਂ ਸੀ ਇੰਤਜ਼ਾਮ

-5 ਮਹੀਨੇ ਪਹਿਲਾਂ ਮੇਅਰ ਵਨੀਤ ਧੀਰ ਵੱਲੋਂ ਸਥਾਪਿਤ ਕਰਵਾਈ ਗਈ ਹਾਈਟੈਕ ਲੈਬ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਜਾਂਚ ਲਈ ਨਗਰ ਨਿਗਮ ਕੋਲ 6 ਮਹੀਨੇ ਪਹਿਲਾਂ ਤੱਕ ਕੋਈ ਵੱਡੀ ਵਾਟਰ ਟੈਸਟਿੰਗ ਲੈਬ ਨਹੀਂ ਸੀ। ਪਿਛਲੇ ਕਈ ਸਾਲਾਂ ਦੌਰਾਨ ਸ਼ਹਿਰ ਦੇ ਕਈ ਇਲਾਕਿਆਂ ’ਚ ਸੀਵਰੇਜ ਮਿਲਿਆ ਪਾਣੀ ਸਪਲਾਈ ਹੁੰਦਾ ਰਿਹਾ। ਇਸ ਦੀ ਤੁਰੰਤ ਜਾਂਚ ਲਈ ਵੀ ਨਿਗਮ ਕੋਲ ਕੋਈ ਢੁੱਕਵਾਂ ਸਾਧਨ ਮੌਜੂਦ ਨਹੀਂ ਸੀ।
ਨਿਗਮ ਦੀ ਵਾਟਰ ਟੈਸਟਿੰਗ ਲੈਬ ’ਚ ਸਿਰਫ਼ ਇਕ ਪੁਰਾਣੀ ਮਸ਼ੀਨ ਸੀ, ਜਿਸ ਨਾਲ ਨਤੀਜਾ ਆਉਣ ’ਚ 48 ਘੰਟਿਆਂ ਦਾ ਸਮਾਂ ਲੱਗਦਾ ਸੀ। ਇਸ ਦੌਰਾਨ ਜਾਂਚ ਦੀ ਉਡੀਕ ਕਰਦਿਆਂ ਦੂਸ਼ਿਤ ਪਾਣੀ ਪੀਣ ਕਾਰਨ ਹੋਰ ਵੀ ਲੋਕ ਬਿਮਾਰ ਹੁੰਦੇ ਰਹੇ। ਨਿਗਮ ’ਚ 5 ਮਹੀਨੇ ਪਹਿਲਾਂ ਹੀ ਨਵੀਂ ਲੈਬ ਸਥਾਪਿਤ ਕੀਤੀ ਗਈ ਹੈ। ਮੇਅਰ ਵਨੀਤ ਧੀਰ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਲੈਬ ਲਈ ਹਾਈਟੈੱਕ ਮਸ਼ੀਨਰੀ ਖਰੀਦੀ। ਹੁਣ ਪਾਣੀ ਦੀ ਜਾਂਚ ਆਸਾਨ ਹੋ ਗਈ ਹੈ। ਇਸ ਦੇ ਨਾਲ ਹੀ ਨਿਗਮ ਨੇ ਐਮਰਜੈਂਸੀ ਹਾਲਾਤਾਂ ਲਈ ਡਿਸਪੋਜ਼ੇਬਲ ਵਾਟਰ ਟੈਸਟਿੰਗ ਕਿੱਟਾਂ ਵੀ ਖਰੀਦੀਆਂ ਹਨ। ਇਹ ਕਿੱਟ ਤੁਰੰਤ ਦੱਸ ਦਿੰਦੀ ਹੈ ਕਿ ਪਾਣੀ ਪੀਣਯੋਗ ਹੈ ਜਾਂ ਨਹੀਂ। ਇਸ ਦੇ ਆਧਾਰ ’ਤੇ ਲੈਬ ’ਚ ਵਿਸਥਾਰ ਨਾਲ ਟੈਸਟਿੰਗ ਕੀਤੀ ਜਾਂਦੀ ਹੈ ਤੇ ਜਿੱਥੇ ਦੂਸ਼ਿਤ ਪਾਣੀ ਦੀ ਸਪਲਾਈ ਹੁੰਦੀ ਹੈ, ਉਥੇ ਫਾਲਟ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ। ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਉਪਲੱਬਧ ਕਰਵਾਇਆ ਜਾਂਦਾ ਹੈ। ਨਗਰ ਨਿਗਮ ਸ਼ਹਿਰ ਦੇ ਹਰ ਘਰ ’ਚ ਪਾਣੀ ਸਪਲਾਈ ਕਰਦਾ ਹੈ ਪਰ ਪਾਣੀ ਦੀ ਗੁਣਵੱਤਾ ਦੀ ਜਾਂਚ ’ਤੇ ਪਹਿਲਾਂ ਵਧੇਰੇ ਧਿਆਨ ਨਹੀਂ ਦਿੱਤਾ ਜਾਂਦਾ ਸੀ। ਸਿਰਫ਼ ਮਾਨਸੂਨ ਦੌਰਾਨ ਜਾਂ ਸ਼ਿਕਾਇਤ ਮਿਲਣ ’ਤੇ ਹੀ ਪਾਣੀ ਦੀ ਜਾਂਚ ਹੁੰਦੀ ਰਹੀ। ਇਹੀ ਕਾਰਨ ਹੈ ਕਿ ਹਰ ਸਾਲ ਸੈਂਕੜੇ ਲੋਕ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਬਿਮਾਰ ਹੋ ਜਾਂਦੇ ਹਨ। ਸ਼ਹਿਰ ’ਚ ਕਈ ਅਜਿਹੇ ਇਲਾਕੇ ਹਨ ਜਿੱਥੇ ਹਰ ਸਾਲ ਦੂਸ਼ਿਤ ਪਾਣੀ ਦੀ ਸਮੱਸਿਆ ਆਉਂਦੀ ਹੈ। ਇਸ ਲਈ ਇਨ੍ਹਾਂ ਇਲਾਕਿਆਂ ’ਚ ਮਾਨਸੂਨ ਤੋਂ ਪਹਿਲਾਂ ਤੇ ਮਾਨਸੂਨ ਦੌਰਾਨ ਲਗਾਤਾਰ ਪਾਣੀ ਦੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕੇ। ਇਥੇ ਡਿਸਪੋਜ਼ੇਬਲ ਵਾਟਰ ਟੈਸਟਿੰਗ ਕਿੱਟ ਨੂੰ ਰੁਟੀਨ ’ਚ ਵਰਤਣ ਦੇ ਨਿਰਦੇਸ਼ ਤਾਂ ਹਨ ਪਰ ਜਾਂਚ ਕਦੇ-ਕਦੇ ਹੀ ਕੀਤੀ ਜਾਂਦੀ ਹੈ।
--------------------------
ਸਕੂਲਾਂ ਦੇ ਪਾਣੀ ਦੇ ਸੈਂਪਲ ਵੀ ਲੈਬ ’ਚ ਹੀ ਟੈਸਟ ਹੁੰਦੇ ਹਨ
ਨਗਰ ਨਿਗਮ ਦੀ ਵਾਟਰ ਟੈਸਟਿੰਗ ਲੈਬ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸੇ ਲੈਬ ’ਚ ਸਕੂਲਾਂ ਦੇ ਪਾਣੀ ਦੇ ਸੈਂਪਲ ਵੀ ਟੈਸਟ ਕੀਤੇ ਜਾਂਦੇ ਹਨ। ਸਕੂਲਾਂ ’ਚ ਬੱਚੇ ਇਹੀ ਪਾਣੀ ਪੀਂਦੇ ਹਨ ਤੇ ਜੇ ਪਾਣੀ ਠੀਕ ਨਾ ਹੋਵੇ ਤਾਂ ਬੱਚਿਆਂ ਲਈ ਵੀ ਖ਼ਤਰਾ ਬਣ ਸਕਦਾ ਹੈ। ਪਹਿਲਾਂ ਸਕੂਲਾਂ ਨੂੰ ਪਾਣੀ ਦੀ ਟੈਸਟ ਰਿਪੋਰਟ ਦੇਰ ਨਾਲ ਮਿਲਦੀ ਸੀ, ਕਿਉਂਕਿ ਜਾਂਚ ’ਚ ਦੋ ਦਿਨ ਲੱਗ ਜਾਂਦੇ ਸਨ। ਹੁਣ ਨਵੀਂ ਲੈਬ ਸਥਾਪਿਤ ਹੋਣ ਨਾਲ ਰਿਪੋਰਟ ਜਲਦੀ ਮਿਲੇਗੀ ਤੇ ਪਾਣੀ ਦੀ ਬਰੀਕੀ ਨਾਲ ਜਾਂਚ ਸੰਭਵ ਹੋ ਸਕੇਗੀ।
-----------------------------
ਹਰ ਜ਼ੋਨ ’ਚ ਰੋਜ਼ਾਨਾ 5-5 ਸੈਂਪਲ ਲਏ ਜਾਣਗੇ
ਪਿਛਲੇ ਮਾਨਸੂਨ ਦੌਰਾਨ ਜਦੋਂ ਵਾਰਡ ਨੰਬਰ 60 ਦੇ ਗੌਤਮ ਨਗਰ ’ਚ ਦੂਸ਼ਿਤ ਪਾਣੀ ਦੀ ਸਪਲਾਈ ਹੋਈ ਸੀ, ਉਦੋਂ ਨਗਰ ਨਿਗਮ ਨੇ ਫੈਸਲਾ ਲਿਆ ਸੀ ਕਿ ਨਿਗਮ ਦੇ ਸਾਰੇ 8 ਜ਼ੋਨਾਂ ’ਚ ਹਰ ਐੱਸਡੀਓ ਤੇ ਜੇਈ ਆਪੋ-ਆਪਣੇ ਇਲਾਕੇ ਤੋਂ ਰੋਜ਼ਾਨਾ ਪਾਣੀ ਦੇ ਪੰਜ-ਪੰਜ ਸੈਂਪਲ ਲੈਣਗੇ। ਇਹ ਪ੍ਰਕਿਰਿਆ ਮੀਂਹ ਦੌਰਾਨ ਤੇ ਉਸ ਤੋਂ ਬਾਅਦ ਦੋ ਮਹੀਨੇ ਤੱਕ ਜਾਰੀ ਰਹੀ। ਇਹ ਉਹ ਸਮਾਂ ਹੁੰਦਾ ਹੈ ਜਦੋਂ ਬਾਰਿਸ਼ ਜਾਂ ਸੀਵਰੇਜ ਦਾ ਪਾਣੀ ਮਿਲਣ ਕਾਰਨ ਡਾਇਰੀਆ ਸਮੇਤ ਕਈ ਬਿਮਾਰੀਆਂ ਫੈਲਣ ਦਾ ਖ਼ਤਰਾ ਹੁੰਦਾ ਹੈ। ਜਿੱਥੇ ਪਾਣੀ ਦੂਸ਼ਿਤ ਮਿਲਦਾ ਹੈ, ਉਥੇ ਫਾਲਟ ਲੱਭਣ ਦਾ ਕੰਮ ਕੀਤਾ ਜਾਂਦਾ ਹੈ।
--------------------------
ਨਵੀਂ ਲੈਬ ’ਚ ਰੋਜ਼ਾਨਾ 100 ਸੈਂਪਲਾਂ ਦੀ ਜਾਂਚ
ਨਗਰ ਨਿਗਮ ਨੇ ਪ੍ਰਤਾਪ ਬਾਗ ਦਫ਼ਤਰ ’ਚ ਕਰੀਬ ਪੰਜ ਮਹੀਨੇ ਪਹਿਲਾਂ ਨਵੀਂ ਹਾਈਟੈੱਕ ਵਾਟਰ ਟੈਸਟਿੰਗ ਲੈਬ ਸਥਾਪਿਤ ਕੀਤੀ ਸੀ। ਇਸ ਲੈਬ ’ਚ ਨਵੀਂ ਮਸ਼ੀਨਰੀ ਨਾਲ ਰੋਜ਼ਾਨਾ 100 ਪਾਣੀ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਸਕਦੀ ਹੈ, ਜਦਕਿ ਪੁਰਾਣੀ ਮਸ਼ੀਨ ਨਾਲ ਸਿਰਫ਼ 10 ਸੈਂਪਲ ਹੀ ਜਾਂਚੇ ਜਾ ਸਕਦੇ ਸਨ। ਲੈਬ ਸਥਾਪਿਤ ਕਰਨ ’ਤੇ ਲਗਪਗ 15 ਲੱਖ ਰੁਪਏ ਖਰਚ ਹੋਏ। ਲੈਬ ’ਚ ਪਾਣੀ ਦੇ ਰੰਗ, ਗੰਧ, ਸੁਆਦ, ਭਾਰ, ਠੋਸ ਪਦਾਰਥ, ਅਮਲਤਾ, ਕੈਲਸ਼ੀਅਮ, ਆਇਰਨ, ਕਲੋਰਾਈਡ, ਸਲਫੇਟ, ਨਾਈਟ੍ਰੇਟ, ਅਵਸ਼ਿਸ਼ਟ ਕਲੋਰੀਨ, ਫਲੋਰਾਈਡ, ਸੀਸਾ ਤੇ ਬੈਕਟੀਰੀਆ ਦੀ ਜਾਂਚ ਕੀਤੀ ਜਾਂਦੀ ਹੈ। ਇਸ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਪਾਣੀ ’ਚ ਕਿੰਨੀ ਫੀਸਦੀ ਤੇ ਕਿਸ ਕਿਸਮ ਦੀ ਖ਼ਰਾਬੀ ਹੈ। ਇਸ ਰਿਪੋਰਟ ਦੇ ਆਧਾਰ ’ਤੇ ਤੈਅ ਕੀਤਾ ਜਾਂਦਾ ਹੈ ਕਿ ਕਿਹੜੀ ਥਾਂ ’ਤੇ ਕਿਹੜੇ ਪੱਧਰ ’ਤੇ ਸੁਧਾਰ ਦੀ ਲੋੜ ਹੈ ਤੇ ਪਾਣੀ ਨੂੰ ਸਾਫ਼ ਕਰਨ ਲਈ ਕਿੰਨਾ ਤੇ ਕਿਹੜੀ ਕਿਸਮ ਦਾ ਕੈਮੀਕਲ ਵਰਤਣਾ ਹੈ।