165 ਕਿੱਲੋ ਸ਼ੱਕੀ ਪਨੀਰ ਜ਼ਬਤ
ਫੂਡ ਸੇਫਟੀ ਟੀਮ ਨੇ 165 ਕਿਲੋ ਸ਼ੱਕੀ ਪਨੀਰ ਫੜਿਆ ਤੇ ਜਲੰਧਰ ਦੇ ਵੱਖ-ਵੱਖ ਖੇਤਰਾਂ ਤੋਂ 9 ਸੈਪਲ ਲਏ
Publish Date: Sat, 24 Jan 2026 09:10 PM (IST)
Updated Date: Sat, 24 Jan 2026 09:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੂਡ ਸੇਫਟੀ ਟੀਮ ਜਲੰਧਰ ਨੇ ਕੈਂਟ ਖੇਤਰ ’ਚ ਤੜਕਸਾਰ ਨਾਕਾ ਲਗਾ ਕੇ 165 ਕਿੱਲੋ ਸ਼ੱਕੀ ਪਨੀਰ ਜ਼ਬਤ ਕੀਤਾ। ਇਹ ਪਨੀਰ ਬਲੈਰੋ ਪਿਕਅੱਪ ’ਚ ਸੀ, ਜੋ ਜਲੰਧਰ ਕੈਂਟ ਤੇ ਸ਼ਹਿਰ ਦੀਆਂ ਵੱਖ-ਵੱਖ ਮਿਠਾਈਆਂ ਦੀਆਂ ਦੁਕਾਨਾਂ ’ਚ ਸਪਲਾਈ ਕਰਨ ਲਈ ਲਿਜਾਇਆ ਜਾ ਰਿਹਾ ਸੀ। ਨਿਗਰਾਨੀ ਡਾ. ਸੁਖਵਿੰਦਰ ਸਿੰਘ, ਜ਼ਿਲ੍ਹਾ ਸਿਹਤ ਅਫਸਰ ਜਲੰਧਰ ਹੇਠ ਚੱਲ ਰਹੀ ਮੁਹਿੰਮ ’ਚ ਪਨੀਰ ਦੇ 9 ਸੈਂਪਲ ਲਏ ਗਏ। ਫੂਡ ਸੇਫਟੀ ਟੀਮ ਨੇ ਜਲੰਧਰ ਕੈਂਟ, ਜਲੰਧਰ ਸ਼ਹਿਰ ਤੇ ਮਹਿਤਪੁਰ ਦੀਆਂ ਦੁਕਾਨਾਂ ’ਚ ਛਾਪੇਮਾਰੀ ਕਰਕੇ ਪਨੀਰ, ਮੱਖਣ, ਖੋਆ ਬਰਫੀ, ਦੇਸੀ ਘਿਓ, ਦੁੱਧ, ਬੇਸਨ, ਲੱਡੂ ਤੇ ਗੁਲਾਬ ਜਾਮਨ ਦੇ ਸੈਂਪਲ ਨਿਰੀਖਣ ਲਈ ਸਟੇਟ ਫੂਡ ਲੈਬੋਰਟਰੀ ਖਰੜ ਭੇਜੇ। ਲੈਬੋਰਟਰੀ ਰਿਪੋਰਟ ਪ੍ਰਾਪਤ ਹੋਣ ਤੇ ਫੂਡ ਸੇਫਟੀ ਤੇ ਸਟੈਂਡਰਡ ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਡਾ. ਸੁਖਵਿੰਦਰ ਸਿੰਘ ਨੇ ਫੂਡ ਵਿਕਰੇਤਾਵਾਂ ਨੂੰ ਲਾਇਸੈਂਸ ਤੇ ਰਜਿਸਟ੍ਰੇਸ਼ਨ ਬਣਾਉਣ ਦੀ ਅਪੀਲ ਕਰਦੇ ਹੋਏ ਆਮ ਲੋਕਾਂ ਨੂੰ ਸਾਫ, ਸੁਰੱਖਿਅਤ ਤੇ ਗੁਣਵੱਤਾ ਵਾਲੇ ਖਾਦ ਪਦਾਰਥ ਮੁਹੱਈਆ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮਿਲਾਵਟੀ ਤੇ ਘਟੀਆ ਮਿਆਰ ਦੇ ਖਾਦ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਲੋਕਾਂ ਨੂੰ ਸੁਰੱਖਿਅਤ, ਸਿਹਤਮੰਦ ਤੇ ਸੁੱਧ ਭੋਜਨ ਪ੍ਰਦਾਨ ਕਰਨਾ ਹੈ ਤੇ ਇਸ ਲਈ ਫੂਡ ਸੇਫਟੀ ਟੀਮ ਦੀ ਜਾਂਚ ਮੁਹਿੰਮ ਲਗਾਤਾਰ ਚੱਲ ਰਹੀ ਹੈ।