ਧੁੰਦ ਕਰਨ ਲੱਗੀ ਪਰੇਸ਼ਾਨ, ਹਾਈਵੇ ਦੀਆਂ ਖਾਮੀਆਂ ’ਚ ਨਹੀਂ ਹੋਇਆ ਸੁਧਾਰ
ਧੁੰਦ ਕਰਨ ਲੱਗੀ ਪਰੇਸ਼ਾਨ, ਹਾਈਵੇ ਦੀਆਂ ਖਾਮੀਆਂ ’ਚ ਨਹੀਂ ਹੋਇਆ ਸੁਧਾਰ
Publish Date: Thu, 18 Dec 2025 08:37 PM (IST)
Updated Date: Thu, 18 Dec 2025 08:39 PM (IST)

------------ਤਸਵੀਰਾਂ ਹਿੰਦੀ ਚੋਂ ਦੇਖ ਕੇ ਲਗਾਈਆਂ ਜਾਣ--------------- ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਮੌਸਮ ’ਚ ਆਏ ਬਦਲਾਅ ਕਾਰਨ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਦਿਸਣਹੱਦ ਘਟਣ ਨਾਲ ਸੜਕਾਂ ’ਤੇ ਆਵਾਜਾਈ ਸੁਰੱਖਿਅਤ ਨਹੀਂ ਰਹੀ। ਦੂਜੇ ਪਾਸੇ ਹਾਈਵੇ ’ਤੇ ਬਲੈਕ ਸਪਾਟ, ਗੈਰਕਾਨੂੰਨੀ ਕੱਟ ਤੇ ਸੜਕ ਕੰਢੇ ਖੜ੍ਹੇ ਵਾਹਨ ਲੋਕਾਂ ਦੀ ਜਾਨ ਲਈ ਖ਼ਤਰਾ ਬਣੇ ਹੋਏ ਹਨ। ਟ੍ਰੈਫਿਕ ਨਿਯਮ ਦਿਨ ਤੱਕ ਹੀ ਸੀਮਤ ਰਹਿੰਦੇ ਹਨ, ਜਦਕਿ ਰਾਤ ਪੈਂਦੇ ਹੀ ਇਹ ਹਨੇਰੇ ’ਚ ਗੁੰਮ ਹੋ ਜਾਂਦੇ ਹਨ। ਧੁੰਦ ’ਚ ਬਿਨਾਂ ਰਿਫਲੈਕਟਰ ਵਾਲੇ ਵਾਹਨ ਸੜਕਾਂ ’ਤੇ ਦੌੜ ਰਹੇ ਹਨ ਪਰ ਇਸ ਸਥਿਤੀ ਨੂੰ ਸੁਧਾਰਣ ਵਾਲੇ ਅਧਿਕਾਰੀ ਕਾਰਵਾਈ ਦੇ ਨਾਂ ’ਤੇ ਸਿਰਫ਼ ਕਾਗਜ਼ੀ ਕਾਰਵਾਈ ਕਰ ਰਹੇ ਹਨ। ਕੋਈ ਵੀ ਅਧਿਕਾਰੀ ਇਨ੍ਹਾਂ ਵਾਹਨਾਂ ਖ਼ਿਲਾਫ਼ ਠੋਸ ਕਾਰਵਾਈ ਕਰਨ ਲਈ ਤਿਆਰ ਨਹੀਂ ਦਿਸਦਾ। ਪਿਛਲੇ ਤਿੰਨ ਮਹੀਨਿਆਂ ਦੌਰਾਨ ਹਾਈਵੇ ’ਤੇ ਖੜ੍ਹੇ ਵਾਹਨਾਂ ਕਾਰਨ ਹੋਈਆਂ ਚਾਰ ਮੌਤਾਂ ਤੋਂ ਬਾਅਦ ‘ਪੰਜਾਬੀ ਜਾਗਰਣ’ ਵੱਲੋਂ “ਹਾਈਵੇ ’ਤੇ ਖੜ੍ਹੀ ਮੌਤ” ਮੁਹਿੰਮ ਚਲਾ ਕੇ ਗੈਰ-ਕਾਨੂੰਨੀ ਕਟ, ਸੜਕ ਕੰਢੇ ਖੜ੍ਹੇ ਵਾਹਨ ਤੇ ਬਿਨਾਂ ਰਿਫਲੈਕਟਰ ਦੌੜ ਰਹੇ ਵਾਹਨਾਂ ਵੱਲ ਧਿਆਨ ਦਿਵਾਇਆ ਗਿਆ ਸੀ ਪਰ ਨਤੀਜਾ ਇਹ ਰਿਹਾ ਕਿ ਕਾਰਵਾਈ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹੀ। ਹਾਦਸਾ ਹੋਣ ’ਤੇ ਅਧਿਕਾਰੀ ਇਕ-ਦੂਜੇ ’ਤੇ ਸਵਾਲ ਖੜ੍ਹੇ ਕਰ ਦਿੰਦੇ ਹਨ। ‘ਪੰਜਾਬੀ ਜਾਗਰਣ’ ਵੱਲੋਂ ਪਠਾਨਕੋਟ ਚੌਕ ਤੋਂ ਕਾਲਾ ਬਕਰਾ ਹਾਈਵੇ ਤੱਕ ਕੀਤੀ ਗਈ ਪੜਤਾਲ ਦੌਰਾਨ ਕਈ ਓਵਰਲੋਡ ਵਾਹਨ ਸੜਕਾਂ ’ਤੇ ਦੌੜਦੇ ਨਜ਼ਰ ਆਏ, ਜਿਨ੍ਹਾਂ ’ਤੇ ਕੋਈ ਰਿਫਲੈਕਟਰ ਨਹੀਂ ਸੀ। ਹਨੇਰੇ ਤੋਂ ਬਚਣ ਲਈ ਓਵਰਲੋਡ ਟਰੱਕਾਂ ’ਤੇ ਫਲੱਡ ਲਾਈਟਾਂ ਤਾਂ ਲੱਗੀਆਂ ਹੋਈਆਂ ਸਨ ਪਰ ਪਿੱਛੇ ਰਿਫਲੈਕਟਰ ਨਾ ਹੋਣ ਕਾਰਨ ਅੱਗੇ ਆ ਰਹੇ ਵਾਹਨਾਂ ਲਈ ਮੁਸ਼ਕਲ ਪੈਦਾ ਹੋ ਰਹੀ ਸੀ। ਰਾਤ ਸਮੇਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਪੁਲਿਸ ਵੱਲੋਂ ਕੋਈ ਖਾਸ ਕਾਰਵਾਈ ਨਜ਼ਰ ਨਹੀਂ ਆਈ। ਨਿਯਮ ਟੁੱਟਣ ਦਾ ਇਹ ਸਿਲਸਿਲਾ ਸਾਰੀ ਰਾਤ ਚੱਲਦਾ ਰਹਿੰਦਾ ਹੈ ਤੇ ਦਿਨ ਚੜ੍ਹਦੇ ਹੀ ਹਾਲਾਤ ਮੁੜ ਆਮ ਵਰਗੇ ਹੋ ਜਾਂਦੇ ਹਨ। ----------------------- ਵਾਹਨਾਂ ’ਤੇ ਰਿਫਲੈਕਟਰਾਂ ਦੀ ਅਣਹੋਂਦ ਹਾਦਸਿਆਂ ਨੂੰ ਸੱਦਾ ਪੜਤਾਲ ਦੌਰਾਨ ਚੌਗਿੱਟੀ ਪੁਲ ਨੇੜੇ ਰਾਤ ਨੂੰ ਸਰੀਆ ਲੋਡ ਕੀਤਾ ਇਕ ਟਰੱਕ ਸੱਤ ਫੁੱਟ ਤੱਕ ਬਾਹਰ ਨਿਕਲਿਆ ਹੋਇਆ ਦਿਖਾਈ ਦਿੱਤਾ। ਸਰੀਏ ’ਤੇ ਨਾ ਤਾਂ ਕੋਈ ਕਪੜਾ ਲਪੇਟਿਆ ਹੋਇਆ ਸੀ ਤੇ ਨਾ ਹੀ ਟਰੱਕ ਦੇ ਪਿੱਛੇ ਕੋਈ ਰਿਫਲੈਕਟਰ ਸੀ। ਟਰੱਕ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਰਿਹਾ ਸੀ ਤੇ ਉਸਦੇ ਪਿੱਛੇ ਆ ਰਹੇ ਵਾਹਨ ਕਈ ਵਾਰ ਹਾਦਸੇ ਤੋਂ ਬਚਦੇ ਨਜ਼ਰ ਆਏ। ਟਰੱਕ ਚੌਗਿੱਟੀ ਪੁਲ ਤੋਂ ਲੰਮਾ ਪਿੰਡ ਚੌਕ ਤੱਕ ਸਿਰਫ਼ 12 ਮਿੰਟਾਂ ’ਚ ਪੁੱਜ ਗਿਆ। ਇਨ੍ਹਾਂ 12 ਮਿੰਟਾਂ ਦੌਰਾਨ ਲਗਪਗ 15 ਵਾਹਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੇ। ਹਨੇਰੇ ’ਚ ਟਰੱਕ ਦੇ ਪਿੱਛੇ ਰਿਫਲੈਕਟਰ ਨਾ ਹੋਣ ਕਾਰਨ ਇਹ ਕਈ ਲੋਕਾਂ ਲਈ ਮੁਸੀਬਤ ਬਣਿਆ ਰਿਹਾ। ਟ੍ਰੈਫਿਕ ਪੁਲਿਸ ਦਿਨ ਦੇ ਸਮੇਂ ਵੀ ਅਜਿਹੇ ਵਾਹਨਾਂ ’ਤੇ ਕਾਰਵਾਈ ਨਹੀਂ ਕਰਦੀ, ਜੋ ਰਿਫਲੈਕਟਰ ਨਾ ਹੋਣ ਕਾਰਨ ਹਾਦਸਿਆਂ ਦੀ ਵਜ੍ਹਾ ਬਣਦੇ ਹਨ। ----------------------- ਸੜਕ ਕੰਢੇ ਖੜ੍ਹੇ ਵਾਹਨ ਬਣ ਸਕਦੇ ਹਨ ‘ਯਮਦੂਤ’ ਪੜਤਾਲ ਦੌਰਾਨ ਲੰਮਾ ਪਿੰਡ ਚੌਕ, ਸੁੱਚੀ ਪਿੰਡ ਸਰਵਿਸ ਲਾਈਨ, ਪਠਾਨਕੋਟ ਹਾਈਵੇ ਤੇ ਟਰਾਂਸਪੋਰਟ ਨਗਰ ਸਮੇਤ ਕਈ ਥਾਵਾਂ ’ਤੇ ਸੜਕ ਕੰਢੇ ਖੜ੍ਹੇ ਵਾਹਨ ਨਜ਼ਰ ਆਏ। ਇਨ੍ਹਾਂ ਵਾਹਨਾਂ ਨੂੰ ਸੜਕ ਤੋਂ ਸਾਈਡ ’ਤੇ ਕਰਵਾਉਣ ਲਈ ਹਾਈਵੇ ਪੈਟਰੋਲਿੰਗ ਟੀਮਾਂ ਕਿਤੇ ਵੀ ਨਜ਼ਰ ਨਹੀਂ ਆਈਆਂ। ਨਾਂ ਨਾ ਛਾਪਣ ਦੀ ਸ਼ਰਤ ’ਤੇ ਦੁਕਾਨਦਾਰਾਂ ਨੇ ਦੱਸਿਆ ਕਿ ਅਜੇਹੇ ਵਾਹਨ ਚਾਲਕਾਂ ਕਾਰਨ ਕਈ ਵਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਾਦਸੇ ਤੋਂ ਬਾਅਦ ਕੁਝ ਦਿਨਾਂ ਲਈ ਹੀ ਕਾਰਵਾਈ ਹੁੰਦੀ ਹੈ ਫਿਰ ਹਾਲਾਤ ਪਹਿਲਾਂ ਵਰਗੇ ਹੀ ਹੋ ਜਾਂਦੇ ਹਨ। ----------------------- ਓਵਰਲੋਡ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਟੀਮਾਂ ਵੱਲੋਂ ਕਈ ਚਾਲਕਾਂ ਦੇ ਚਲਾਨ ਵੀ ਕੀਤੇ ਗਏ ਹਨ। ਰਾਤ ਸਮੇਂ ਚੱਲਣ ਵਾਲੇ ਵਾਹਨਾਂ ਨੂੰ ਰਿਫਲੈਕਟਰ ਲਗਵਾਉਣ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੇ ਧੁੰਦ ਵਾਲੇ ਦਿਨਾਂ ’ਚ ਕਿਸੇ ਵੀ ਕਿਸਮ ਦਾ ਹਾਦਸਾ ਨਾ ਹੋਵੇ। -ਆਰਟੀਓ ਅਮਨਪਾਲ ਸਿੰਘ