ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸ਼ਨਿਚਰਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸ਼ਰਧਾ-ਸੁਮਨ ਭੇਂਟ ਕਰਕੇ ਉਨ੍ਹਾਂ ਨੂੰ ਨਮਨ ਕੀਤਾ। ਪਾਰਟੀ ਨੇਤਾਵਾਂ ਨੇ ਸੰਵਿਧਾਨ ਨਿਰਮਾਣ, ਸਮਾਜਿਕ ਨਿਆਂ, ਸਮਾਨਤਾ ਤੇ ਲੋਕਤੰਤਰਿਕ ਮੁੱਲਾਂ ਲਈ ਬਾਬਾ ਸਾਹਿਬ ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲਣ ਦਾ ਸੰਕਲਪ ਲਿਆ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ “ਬਾਬਾ ਸਾਹਿਬ ਅੰਬੇਡਕਰ ਜੀ ਨੇ ਦੇਸ਼ ਨੂੰ ਅਜਿਹਾ ਸੰਵਿਧਾਨ ਦਿੱਤਾ ਜੋ ਹਰ ਨਾਗਰਿਕ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਨੇ ਸਭ ਤੋਂ ਪਿਛੜੇ ਵਰਗਾਂ ਲਈ ਮੌਕਿਆਂ ਦੇ ਦਰਵਾਜ਼ੇ ਖੋਲ੍ਹੇ ਤੇ ਸਮਾਜਿਕ ਨਿਆਂ ਨੂੰ ਨਵੀਂ ਦਿਸ਼ਾ ਦਿੱਤੀ। ਅਸੀਂ ਉਨ੍ਹਾਂ ਦੇ ਦਰਸਾਏ ਰਸਤੇ ’ਤੇ ਚੱਲਦਿਆਂ ਸਮਾਨਤਾ, ਨਿਆਂ ਤੇ ਭਾਈਚਾਰੇ ਦੀ ਸੋਚ ਨੂੰ ਹੋਰ ਮਜ਼ਬੂਤ ਕਰਦੇ ਰਹਾਂਗੇ।” ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚੈਅਰਮੈਨ ਪਵਨ ਟੀਨੂੰ ਨੇ ਕਿਹਾ “ਬਾਬਾ ਸਾਹਿਬ ਦਾ ਜੀਵਨ ਸੰਘਰਸ਼ ਤੇ ਸਮਰਪਣ ਦਾ ਪ੍ਰਤੀਕ ਹੈ। ਉਹ ਸਾਡੇ ਲਈ ਕੇਵਲ ਇਕ ਮਹਾਨ ਵਿਦਵਾਨ ਨਹੀਂ, ਸਗੋਂ ਸਮਾਜਿਕ ਕ੍ਰਾਂਤੀ ਦੇ ਪ੍ਰੇਰਕ ਸਰੋਤ ਹਨ। ਉਨ੍ਹਾਂ ਨੇ ਸਮਾਜ ਨੂੰ ਸਮਾਨਤਾ ਤੇ ਅਧਿਕਾਰਾਂ ਦੀ ਅਸਲ ਸਮਝ ਦਿੱਤੀ। ਆਮ ਆਦਮੀ ਪਾਰਟੀ ਬਾਬਾ ਸਾਹਿਬ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਤੇ ਅਸੀਂ ਕਮਜ਼ੋਰ ਵਰਗਾਂ ਨੂੰ ਸਸ਼ਕਤ ਕਰਨ ਲਈ ਲਗਾਤਾਰ ਕੰਮ ਕਰਦੇ ਰਹਾਂਗੇ।” ਸਫਾਈ ਕਮਿਸ਼ਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ, ‘ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇਕ ਐਸਾ ਲੋਕਤੰਤਰਿਕ ਢਾਂਚਾ ਦਿੱਤਾ ਜਿਸ ’ਚ ਹਰ ਵਿਅਕਤੀ ਨੂੰ ਸਮਾਨ ਅਧਿਕਾਰ ਤੇ ਮਨੁੱਖੀ ਸਨਮਾਨ ਮਿਲ ਸਕੇ। ਉਨ੍ਹਾਂ ਦਾ ਜੀਵਨ ਸਿੱਖਿਆ, ਪ੍ਰਤੀਰੋਧ ਤੇ ਸਮਾਜਿਕ ਬਦਲਾਅ ਦਾ ਪ੍ਰਤੀਕ ਹੈ। ਅੱਜ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਕੰਮਾਂ ’ਚ ਉਤਾਰਨਾ ਸਭ ਤੋਂ ਵੱਡੀ ਲੋੜ ਹੈ।” ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਅੰਮ੍ਰਿਤ ਪਾਲ ਸਿੰਘ ਨੇ ਕਿਹਾ, ‘ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ ਦੇਸ਼ ਦੀ ਨੀਂਹ ’ਚ ਸਮਾਨਤਾ, ਨਿਆਂ ਤੇ ਭਾਈਚਾਰੇ ਦੇ ਜੋ ਸਿਧਾਂਤ ਰੱਖੇ, ਉਹ ਸਾਡੇ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਹਨ। ਆਮ ਆਦਮੀ ਪਾਰਟੀ ਇਨ੍ਹਾਂ ਆਦਰਸ਼ਾਂ ’ਤੇ ਚੱਲਦੇ ਹੋਏ ਹਰ ਵਰਗ, ਖਾਸਕਰ ਕਮਜ਼ੋਰ ਵਰਗਾਂ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।” ਨਿਤਿਨ ਕੋਹਲੀ (ਹਲਕਾ ਇੰਚਾਰਜ, ਜਲੰਧਰ ਸੈਂਟਰਲ) ਨੇ ਕਿਹਾ, ‘ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇ ਹਰ ਨਾਗਰਿਕ ਨੂੰ ਸਾਮਾਨ ਮੌਕਾ ਮਿਲੇ, ਇਸ ਲਈ ਜੀਵਨ ਭਰ ਸੰਘਰਸ਼ ਕੀਤਾ। ਉਨ੍ਹਾਂ ਨੇ ਸਮਾਜਿਕ ਭੇਦਭਾਵ ਨੂੰ ਖਤਮ ਕਰਨ ਤੇ ਹਰ ਵਿਅਕਤੀ ਨੂੰ ਇਜ਼ਜ਼ਤ ਨਾਲ ਅੱਗੇ ਵਧਣ ਦਾ ਹੱਕ ਦਿਵਾਉਣ ਲਈ ਜੋ ਲੜਾਈ ਲੜੀ, ਉਹ ਅੱਜ ਵੀ ਸਾਡੇ ਲਈ ਸਬਕ ਤੇ ਪ੍ਰੇਰਨਾ ਹੈ।” ਇਸ ਮੌਕੇ ਜਲੰਧਰ ਦੇ ਮੇਅਰ ਵਨੀਤ ਧੀਰ ,ਬਾਹਰੀ ਸਲਮਾਨੀ, ਮਲਕੀਤ ਸਿੰਘ (ਡਿਪਟੀ ਮੇਅਰ), ਤਰੁਨਦੀਪ ਸੰਨੀ, ਆਤਮ ਪ੍ਰਕਾਸ਼ ਸਿੰਘ ਬੱਬਲੂ, ਜਰਨੈਲ ਨੰਗਲ, ਸੰਜੀਵ ਭਗਤ, ਅਤਿਨ ਅਗਨੀਹੋਤਰੀ, ਇੰਦਰਵੰਸ਼ ਸਿੰਘ ਚੱਢਾ, ਹਿਤੇਸ਼ ਗਰੇਵਾਲ, ਜਤਿਨ ਗੁਲਾਟੀ, ਡਾ. ਅਮਿਤ, ਅਨਮੋਲ ਖੰਨਾ ਤੇ ਆਮ ਆਦਮੀ ਪਾਰਟੀ ਦੇ ਸਮੂਹ ਅਹੁਦੇਦਾਰ ਤੇ ਵਰਕਰ ਮੌਜੂਦ ਸਨ।