ਕੋਹਰੇ ਕਾਰਨ ਆਦਮਪੁਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ
ਕੋਹਰੇ ਕਾਰਨ ਆਦਮਪੁਰ ਹਵਾਈ ਅੱਡੇ ’ਤੇ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ, ਦੇਰੀ ਨਾਲ ਉੱਡੀਆਂ
Publish Date: Thu, 18 Dec 2025 09:22 PM (IST)
Updated Date: Thu, 18 Dec 2025 09:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਦਮਪੁਰ ਹਵਾਈ ਅੱਡੇ ’ਤੇ ਕੋਹਰੇ ਕਾਰਨ ਦਿਸਣਹੱਦ ਘੱਟ ਹੋਣ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਤੇ ਉਡਾਣਾਂ ’ਚ ਦੇਰੀ ਆਈ। ਤੈਅ ਸੁਰੱਖਿਆ ਮਾਪਦੰਡਾਂ ਅਧੀਨ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਰਿਹਾ। ਮੌਸਮ ਨਾਲ ਜੁੜੀਆਂ ਪ੍ਰਤੀਕੂਲ ਸਥਿਤੀਆਂ ਨੂੰ ਦੇਖਦਿਆਂ ਸਟਾਰ ਏਅਰ ਏਅਰਲਾਈਨਜ਼ ਤੇ ਇੰਡੀਗੋ ਦੀਆਂ ਉਡਾਣਾਂ ਦੇ ਆਗਮਨ ਤੇ ਪ੍ਰਸਥਾਨ ’ਚ ਅਸਥਾਈ ਦੇਰੀ ਹੋਈ। ਵੀਰਵਾਰ ਨੂੰ ਇੱਥੋਂ ਕੁੱਲ 461 ਯਾਤਰੀਆਂ ਨੇ ਯਾਤਰਾ ਕੀਤੀ। ਹਵਾਈ ਅੱਡੇ ਦੇ ਨਿਰਦੇਸ਼ਕ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਅਜਿਹੀਆਂ ਸਥਿਤੀਆਂ ਨੂੰ ਧਿਆਨ ’ਚ ਰੱਖਦਿਆਂ ਯਾਤਰੀਆਂ ਦੀ ਸੁਵਿਧਾ ਲਈ ਰਹਿਣ ਤੇ ਖਾਣ-ਪੀਣ ਦੇ ਵਾਧੂ ਇੰਤਜ਼ਾਮ ਕੀਤੇ ਗਏ ਸਨ। ਸਟਾਰ ਏਅਰ ਏਅਰਲਾਈਨਜ਼ ਦੀ ਹਿੰਡਨ ਤੋਂ ਆਦਮਪੁਰ ਆਉਣ ਵਾਲੀ ਫਲਾਈਟ ਨੰਬਰ ਐੱਸ-2344 ਆਪਣੇ ਤੈਅ ਸਮੇਂ ਦੁਪਹਿਰ 2 ਵੱਜ ਕੇ 5 ਮਿੰਟ ਦੀ ਥਾਂ 2:52 ’ਤੇ ਪੁੱਜੀ, ਜੋ ਲਗਪਗ 47 ਮਿੰਟ ਦੀ ਦੇਰੀ ਨਾਲ ਆਈ। ਇਸੇ ਤਰ੍ਹਾਂ ਆਦਮਪੁਰ ਤੋਂ ਹਿੰਡਨ ਜਾਣ ਵਾਲੀ ਫਲਾਈਟ ਨੰਬਰ ਐੱਸ-2345 ਆਪਣੇ ਤੈਅ ਸਮੇਂ 2:35 ਦੀ ਥਾਂ 3:10 ’ਤੇ ਰਵਾਨਾ ਹੋਈ, ਜਿਸ ਨਾਲ ਉਡਾਣ ਨੂੰ ਲਗਪਗ 35 ਮਿੰਟ ਦੀ ਦੇਰੀ ਹੋਈ। ਆਦਮਪੁਰ ਹਵਾਈ ਅੱਡੇ ’ਤੇ ਸਟਾਰ ਏਅਰ ਏਅਰਲਾਈਨਜ਼ ਦੀ ਉਡਾਣ ਰਾਹੀਂ 61 ਯਾਤਰੀਆਂ ਦਾ ਆਗਮਨ ਹੋਇਆ, ਜਦਕਿ 51 ਯਾਤਰੀਆਂ ਨੇ ਪ੍ਰਸਥਾਨ ਕੀਤਾ। ਇਸੇ ਤਰ੍ਹਾਂ ਇੰਡੀਗੋ ਏਅਰਲਾਈਨਜ਼ ਦੀ ਮੁੰਬਈ ਤੋਂ ਆਦਮਪੁਰ ਆਉਣ ਵਾਲੀ ਫਲਾਈਟ ਨੰਬਰ 6ਈ-5931 ਸੰਘਣੇ ਕੋਹਰੇ ਕਾਰਨ 3:10 ਦੀ ਥਾਂ 3:28 ’ਤੇ ਪੁੱਜੀ, ਜੋ ਲਗਪਗ 18 ਮਿੰਟ ਦੀ ਦੇਰੀ ਨਾਲ ਆਈ। ਇਸੇ ਤਰ੍ਹਾਂ ਆਦਮਪੁਰ ਤੋਂ ਮੁੰਬਈ ਜਾਣ ਵਾਲੀ ਫਲਾਈਟ ਨੰਬਰ 6ਈ-5932 ਜੋ 3:40 ਦੀ ਥਾਂ 4:05 ’ਤੇ ਰਵਾਨਾ ਹੋਈ, ਜਿਸ ਨਾਲ ਲਗਪਗ 25 ਮਿੰਟ ਦੀ ਦੇਰੀ ਹੋਈ। ਆਦਮਪੁਰ ਹਵਾਈ ਅੱਡੇ ’ਤੇ ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਾਹੀਂ 179 ਯਾਤਰੀਆਂ ਦਾ ਆਗਮਨ ਹੋਇਆ, ਜਦਕਿ 70 ਯਾਤਰੀਆਂ ਨੇ ਪ੍ਰਸਥਾਨ ਕੀਤਾ। ਇਸ ਤਰ੍ਹਾਂ ਆਦਮਪੁਰ ਹਵਾਈ ਅੱਡੇ ਤੋਂ ਕੁੱਲ 461 ਯਾਤਰੀਆਂ ਨੇ ਯਾਤਰਾ ਕੀਤੀ।