ਜੀਜਾ-ਸਾਲੇ ਵਿਚਾਲੇ ਵਿਵਾਦ ਦੌਰਾਨ ਚੱਲੀ ਗੋਲੀ
ਜਾਸ, ਜਲੰਧਰ : ਗੜ੍ਹਾ
Publish Date: Fri, 21 Nov 2025 01:35 AM (IST)
Updated Date: Fri, 21 Nov 2025 01:46 AM (IST)
ਜਾਸ, ਜਲੰਧਰ : ਗੜ੍ਹਾ ਸਥਿਤ ਗੁਰੂ ਦੀਵਾਨ ਨਗਰ ’ਚ ਵੀਰਵਾਰ ਰਾਤ ਕਰੀਬ 9 ਵਜੇ ਜੀਜਾ ਤੇ ਸਾਲੇ ਵਿਚਾਲੇ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਗੋਲੀ ਚੱਲਣ ਕਾਰਨ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਵਿਚਾਲੇ ਗਹਿਮਾ-ਗਹਿਮੀ ਇੰਨੀ ਵੱਧ ਗਈ ਕਿ ਜੀਜੇ ਨੇ ਆਪਣੇ ਸਾਲੇ ’ਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਜ਼ਖ਼ਮੀ ਦੀ ਪਛਾਣ ਅਮਰਜੀਤ ਦੇ ਰੂਪ ’ਚ ਹੋਈ ਹੈ, ਜਿਸ ਦੇ ਪੈਰ ’ਚ ਗੋਲੀ ਲੱਗੀ ਹੈ। ਘਟਨਾ ਦੇ ਫੌਰੀ ਬਾਅਦ ਗੋਲੀ ਚਲਾਉਣ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜਦੋਂ ਥਾਣਾ-3 ਦੀ ਪੁਲਿਸ ਮੌਕੇ ’ਤੇ ਪੁੱਜੀ ਤਾਂ ਸੜਕ ’ਤੇ ਖੂਨ ਡੁੱਲ੍ਹਿਆ ਹੋਇਆ ਪਰ ਨਾ ਤਾਂ ਕੋਈ ਜ਼ਖਮੀ ਮਿਲਿਆ ਤੇ ਨਾ ਹੀ ਕੋਈ ਮੁਲਾਜ਼ਮ। ਪੁਲਿਸ ਨੇ ਤੁਰੰਤ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ।
ਲੋਕਾਂ ਨੇ ਦੱਸਿਆ ਕਿ ਗੋਲੀ ਚੱਲਣ ਤੋਂ ਪਹਿਲਾਂ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਰਹੀ ਸੀ। ਇਕ ਧਿਰ ਦੂਜੀ ’ਤੇ ਦੋਸ਼ ਲਾ ਰਿਹਾ ਸੀ ਕਿ ਉਸ ਨੇ ਉਸ ਦੇ ਕਰੀਬ 3 ਲੱਖ ਰੁਪਏ ਦੇ ਨਸ਼ੇ ਨਾਲ ਸਬੰਧਤ ਸਾਮਾਨ ਖੋਹ ਲਿਆ ਹੈ। ਇਸ ਬਹਿਸ ਵਿਚਾਲੇ ਗੋਲੀ ਚਲੀ ਤੇ ਅਮਰਜੀਤ ਸੜਕ ’ਤੇ ਡਿੱਗ ਪਿਆ। ਹਾਲਾਂਕਿ ਕੁਝ ਸਮੇਂ ਬਾਅਦ ਉਹ ਵੀ ਉੱਥੋਂ ਚਲਾ ਗਿਆ, ਜਿਸ ਕਾਰਨ ਪੁਲਿਸ ਨੂੰ ਉਸ ਦੀ ਪਛਾਣ ਤੇ ਸਥਿਤੀ ਦਾ ਪਤਾ ਲਾਉਣ ’ਚ ਦੇਰੀ ਲੱਗੀ ਹੈ। ਜਾਣਕਾਰੀ ਮਿਲਦਿਆਂ ਹੀ ਏਸੀਪੀ ਆਤਿਸ਼ ਭਾਟੀਆ ਤੇ ਥਾਣਾ ਸੱਤ ਦੇ ਇੰਚਾਰਜ ਬਲਵਿੰਦਰ ਸਿੰਘ ਟੀਮ ਸਮੇਤ ਮੌਕੇ ’ਤੇ ਪੁੱਜੇ। ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਘਟਨਾ ਵਾਲੀ ਥਾਂ ਤੋਂ ਕੋਈ ਖੋਲ ਬਰਾਮਦ ਨਹੀਂ ਹੋਇਆ ਤੇ ਨਾ ਹੀ ਕਿਸੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਆਲੇ-ਦੁਆਲੇ ਦੇ ਹਸਪਤਾਲਾਂ ’ਚ ਵੀ ਜਾਂਚ ਕਰ ਰਹੀ ਹੈ ਤਾਂ ਜੋ ਗੋਲੀ ਲੱਗਣ ਵਾਲੇ ਜ਼ਖਮੀ ਦਾ ਪਤਾ ਲਾਇਆ ਜਾ ਸਕੇ। ਫਿਲਹਾਲ, ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਭਾਲ ਪੁਲਿਸ ਕਰ ਰਹੀ ਹੈ। ਜਾਂਚ ਮਗਰੋਂ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਮਾਮਲਾ ਅਸਲੇ ’ਚ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੈ ਜਾਂ ਕਿਸੇ ਹੋਰ ਵਿਵਾਦ ਦਾ ਨਤੀਜਾ ਹੈ।