ਵੇਈਂ ਦਾ ਪੁਲ਼ ਤੇ ਨਕੋਦਰ-ਜਗਰਾਓਂ ਰੋਡ ਬਣਾਉਣ ਦੀ ਮੰਗ
ਕਿਸਾਨਾਂ-ਮਜ਼ਦੂਰਾਂ ਵੱਲੋਂ ਕੰਗਣੀਵਾਲ ਵਿਖੇ ਵੇਈਂ ਦਾ ਪੁਲ ਤੇ ਨਕੋਦਰ-ਜਗਰਾਓਂ ਰੋਡ ਬਣਾਉਣ ਦੀ ਮੰਗ
Publish Date: Wed, 21 Jan 2026 06:22 PM (IST)
Updated Date: Wed, 21 Jan 2026 06:24 PM (IST)

-ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਦੇ ਨਾਮ ਦਿੱਤਾ ਮੰਗ ਪੱਤਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਲੋਕਾਂ ਦੀ ਜਾਨ ਦਾ ਖੌਅ ਬਣੇ ਜੰਡਿਆਲਾ ਤੋਂ ਜਲੰਧਰ ਰੋਡ ਉੱਪਰ ਪਿੰਡ ਕੰਗਣੀਵਾਲ ਸਥਿਤ ਵੇਈਂ ਪੁਲ ਅਤੇ ਨਕੋਦਰ ਤੋਂ ਜਗਰਾਓਂ ਰੋਡ ਨੂੰ ਬਣਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਨਾਮ ਮੁੱਖ ਮੰਤਰੀ ਫੀਲਡ ਅਫ਼ਸਰ ਨਵਦੀਪ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਦੱਸਿਆ ਕਿ ਜਦੋਂ ਬਹੁਤ ਜ਼ਿਆਦਾ ਬਾਰਿਸ਼ਾਂ ਹੋਈਆਂ ਤਾਂ ਕੰਗਣੀਵਾਲ ਵੇਈਂ ਵਾਲਾ ਪੁਲ ਬਹੁਤ ਨੁਕਸਾਨਿਆਂ ਗਿਆ ਕਈ ਦਿਨ ਰੋਡ ਬੰਦ ਵੀ ਰਿਹਾ। ਉਸ ਸਮੇਂ ਵੇਈਂ ਉਪਰ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਹੋਇਆ ਪਰ ਉਹ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਗਿਆ। ਇਸ ਕਾਰਨ ਪੁਰਾਣੇ ਪੁੱਲ ਉੱਪਰ ਕਿਸੇ ਸਮੇਂ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਨਵੀਆਂ ਸੜਕਾਂ ਤੇ ਪੁੱਲ ਬਣਾਉਣ ਦੀਆਂ ਟਾਹਰਾਂ ਮਾਰਨ ਵਾਲੀ ਭਗਵੰਤ ਸਿੰਘ ਮਾਨ ਗੂੜ੍ਹੀ ਨੀਂਦ ਸੁੱਤੀ ਪਈ ਹੈ ਅਤੇ ਕਿਸੇ ਜਾਨੀ ਮਾਲੀ ਨੁਕਸਾਨ ਦਾ ਸ਼ਾਇਦ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਵੇਂ ਪੁਲ ਦੀ ਉਸਾਰੀ ਤੁਰੰਤ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਹੀ ਨਕੋਦਰ ਤੋਂ ਜਗਰਾਓਂ ਰੋਡ ਦੀ ਹਾਲਤ ਵੀ ਤਰਸਯੋਗ ਹੈ। ਬਹੁਤ ਜ਼ਿਆਦਾ ਟੋਏ, ਮਿੱਟੀ ਘੱਟੇ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਸ਼ਾਹਕੋਟ ਤੇ ਟੋਲ ਲੱਗਣ ਕਾਰਨ ਉਸ ਤੋਂ ਬਹੁਤ ਸਾਰੇ ਭਾਰੀ ਵਾਹਨ ਇਸ ਰੋਡ ਤੋਂ ਲੰਘਣ ਕਾਰਨ ਸੜਕ ਦੀ ਹਾਲਤ ਹੋਰ ਵੀ ਖਸਤਾ ਹੋ ਗਈ ਹੈ। ਮੰਡ ਇਲਾਕੇ ਨੂੰ ਇਹ ਸੜਕ ਜਗਰਾਓਂ ਤੇ ਨਕੋਦਰ ਨਾਲ ਜੋੜਦੀ ਹੈ। ਖਰਾਬ ਸੜਕ ਕਾਰਨ ਐਮਰਜੈਂਸੀ ਵਿੱਚ ਮਰੀਜ਼ਾਂ ਨੂੰ ਹਸਪਤਾਲ ਤੱਕ ਲੈ ਕੇ ਜਾਣਾ ਵੀ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਇਸ ਨੂੰ ਤੁਰੰਤ ਬਣਾਇਆ ਜਾਵੇ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਖ਼ਿਲਾਫ਼ ਸੰਘਰਸ਼ ਕਰਨਾ ਮਜਬੂਰੀ ਹੋਵੇਗੀ। ਇਸ ਮੌਕੇ ਵਫ਼ਦ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ,ਜੁਲੇਖਾ ,ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ, ਕਿਰਤੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਸਮਰਾ, ਸਮਾਜ ਸੇਵਕ ਤੇ ਬਾਲ ਕ੍ਰਿਸ਼ਨ ਬਾਲੀ ਨੂਰਮਹਿਲ ਆਦਿ ਵੀ ਹਾਜ਼ਰ ਸਨ।