ਕਿਸਾਨੀ ਤੇ ਸਮਾਜਿਕ ਮੁੱਦਿਆਂ ’ਤੇ ਕਈ ਮਤੇ ਪਾਸ
ਕਿਸਾਨੀ ਤੇ ਸਮਾਜਿਕ ਮੁੱਦਿਆਂ ਤੇ ਕਿਸਾਨਾਂ ਵੱਲੋਂ ਮੀਟਿੰਗ ’ਚ ਕਈ ਮਤੇ ਪਾਸ
Publish Date: Thu, 08 Jan 2026 08:17 PM (IST)
Updated Date: Fri, 09 Jan 2026 04:12 AM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ ਲੋਹੀਆਂ ਖ਼ਾਸ : ਨੇੜਲੇ ਪਿੰਡ ਅਲੀ ਵਾਲ ਵਿਖੇ ਕਿਸਾਨ ਆਗੂ ਰਣਜੀਤ ਸਿੰਘ ਅਲੀ ਵਾਲ ਦੇ ਸੱਦੇ ’ਤੇ ਕਿਸਾਨੀ ਨਾਲ ਸਬੰਧਤ ਮੰਗਾਂ ਤੇ ਵਿਚਾਰ ਕਰਨ ਲਈ ਕਿਸਾਨਾਂ ਦੀ ਮੀਟਿੰਗ ਬੁਲਾਈ ਗਈ, ਜਿਸ ’ਚ ਕਿਸਾਨਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਨੇ ਡੂੰਘੀਆਂ ਵਿਚਾਰਾਂ ਕੀਤੀਆਂ ਤੇ ਕਈ ਮਤੇ ਵੀ ਪਾਸ ਕੀਤੇ ਗਏ। ਕਿਸਾਨਾਂ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ ਕਿਸਾਨਾਂ ਦੀ ਭਲਾਈ ਵਾਸਤੇ ਤੇ ਭਖਦੀਆਂ ਮੰਗਾਂ ਮੰਨਵਾਉਣ ਲਈ ਮੰਗ ਪੱਤਰ ਵੀ ਤਿਆਰ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ’ਚ ਇਕ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਬਿਜਲੀ ਐਕਟ-2025 ਨੂੰ ਰੱਦ ਕਰਨ ਲਈ ਭੇਜਿਆ ਜਾਵੇ ਤਾਂ ਜੋ ਬਿਜਲੀ ਦੇ ਨਿਗਮੀਕਰਨ ਨੂੰ ਰੋਕਿਆ ਜਾ ਸਕੇ। ਉਹ ਇਸ ਜ਼ਮੀਨ ਜਾਂ ਸਰਕਾਰੀ ਜਾਇਦਾਦ ਨੂੰ ਕਦੇ ਵੀ ਕਾਰਪੋਰੇਟਾਂ ਦੇ ਹੱਥਾਂ ’ਚ ਨਹੀਂ ਜਾਣ ਦੇਣਗੇ। ਪੰਜਾਬ ਸਰਕਾਰ ਤੁਰੰਤ ਪ੍ਰਭਾਵ ਨਾਲ ਸਮਾਰਟ ਮੀਟਰ ਲਗਾਉਣੇ ਬੰਦ ਕਰੇ, ਕਿਉਂਕਿ ਇਹ ਸਿਰਫ ਕਾਰਪੋਰੇਟਾਂ ਲਈ ਫਾਇਦੇਮੰਦ ਹਨ, ਜਨਤਾ ਲਈ ਨਹੀਂ। ਪੰਜਾਬ ਸਰਕਾਰ ਬਿਜਲੀ ਬੋਰਡ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਵੇਚਣ ਦਾ ਆਪਣਾ ਫੈਸਲਾ ਵਾਪਸ ਲਵੇ, ਨਹੀਂ ਤਾਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਅੰਦੋਲਨ ਕੀਤਾ ਜਾਵੇਗਾ। ਸਾਲ-2025 ’ਚ ਹੜ੍ਹਾਂ ਕਾਰਨ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ, ਜਿਸ ’ਚ ਟਿਊਬਵੈੱਲ ਦਾ ਖ਼ਰਾਬ ਹੋ ਜਾਣਾ, ਜ਼ਮੀਨੀ ਪੱਧਰ ਖ਼ਰਾਬ ਹੋ ਜਾਣਾ, ਮਕਾਨਾਂ ਦਾ ਢਹਿ ਢੇਰੀ ਹੋ ਜਾਣਾ ਤੇ ਫ਼ਸਲਾਂ ਦਾ ਬਿਲਕੁਲ ਖ਼ਤਮ ਹੋ ਜਾਣਾ। ਜਿਥੇ ਕੇਂਦਰ ਸਰਕਾਰ ਨੇ 20,000/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਦਾ ਐਲਾਨ ਕਰ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ, ਉੱਥੇ ਹੀ ਅੱਜ ਤੱਕ ਪੰਜਾਬ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਦੇ ਹੋਏ ਵੱਡੇ ਫ਼ਸਲੀ ਨੁਕਸਾਨ ਦੇ ਮੁਆਵਜ਼ੇ ਸਬੰਧੀ ਕੋਈ ਐਲਾਨ ਨਹੀਂ ਕੀਤਾ ਤੇ ਬਿਲਕੁਲ ਚੁੱਪ ਧਾਰੀ ਹੋਈ ਹੈ। ਇਸ ਮੌਕੇ ਇੰਦਰਜੀਤ ਸਿੰਘ ਕੋਟ ਬੁੱਢਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਸੁਖਜੀਤ ਸਿੰਘ ਹਰਦੋ ਝਾਂਡੇ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ, ਸੁਖਜਿੰਦਰ ਸਿੰਘ ਖੋਸਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ, ਗੁਰਿੰਦਰ ਸਿੰਘ ਭੰਗੂ ਪ੍ਰਧਾਨ ਕਿਸਾਨ ਯੂਨੀਅਨ ਸ਼ੇਰੇ ਪੰਜਾਬ, ਬਚਿੱਤਰ ਸਿੰਘ ਕੋਟਲਾ ਪ੍ਰਧਾਨ ਕਿਸਾਨ ਨੌਜੁਆਨ ਸੰਘਰਸ਼ ਕਮੇਟੀ ਤੇ ਗੁਰਸੇਵਕ ਸਿੰਘ ਧਾਲੀਵਾਲ ਸੂਬਾ ਆਗੂ ਭਾਰਤੀ ਕਿਸਾਨ ਯੂਨੀਅਨ ਮਝੈਲ ਵੀ ਮੌਜੂਦ ਸਨ।